3.50 ਕਿਲੋ ਗਾਂਜੇ ਸਮੇਤ ਇਕ ਗ੍ਰਿਫਤਾਰ

06/13/2019 3:35:47 PM

ਕਪੂਰਥਲਾ (ਭੂਸ਼ਣ)— ਪੁਲਸ ਨੇ ਨਵੀਂ ਮੰਡੀ ਖੇਤਰ 'ਚ ਦੁਕਾਨ ਕਰਨ ਦੀ ਆੜ 'ਚ ਗਰੀਬ ਵਰਗ ਨਾਲ ਜੁੜੇ ਲੋਕਾ ਨੂੰ ਗਾਂਜਾ ਵੇਚਣ ਵਾਲੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸਬ ਇੰਸਪੈਕਟਰ ਅਮਨਦੀਪ ਕੁਮਾਰ ਦੀ ਅਗਵਾਈ 'ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਨਵੀਂ ਸਬਜ਼ੀ ਮੰਡੀ 'ਚ ਕਿਰਾਏ 'ਤੇ ਦੁਕਾਨ ਲੈ ਕੇ ਇਕ ਵਿਅਕਤੀ ਲੋਕਾਂ ਨੂੰ ਗਾਂਜਾ ਵੇਚਦਾ ਹੈ ਅਤੇ ਉਕਤ ਮੁਲਜ਼ਮ ਮਜ਼ਦੂਰ ਵਰਗ ਨਾਲ ਜੁੜੇ ਲੋਕਾਂ ਨੂੰ 70 ਰੁਪਏ ਦੀ ਗਾਂਜੇ ਦੀ ਪੂੜੀ ਵੇਚਦਾ ਹੈ, ਜਿਸ 'ਤੇ ਸਿਟੀ ਪੁਲਸ ਨੇ ਛਾਪਾਮਾਰੀ ਕਰਕੇ ਮੁਲਜ਼ਮ ਰੂਪ ਕੁਮਾਰ ਪੁੱਤਰ ਸੁਖਦੇਵ ਸਿੰਘ ਵਾਸੀ ਨਰੋਤਮ ਵਿਹਾਰ ਜੋ ਕਿ ਅੱਜ ਕੱਲ ਪੰਜਾਬੀ ਬਾਗ ਮੰਸੂਰਵਾਲ ਕਪੂਰਥਲਾ 'ਚ ਰਹਿੰਦਾ ਹੈ, ਨੂੰ ਕਾਬੂ ਕਰ ਲਿਆ। ਪੁੱਛਗਿਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਉਸ ਤੋਂ 3.50 ਕਿਲੋ ਗਾਂਜਾ ਬਰਾਮਦ ਹੋਇਆ। ਮੁਲਜ਼ਮ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਨੂੰ ਦੂਜੇ ਸੂਬਿਆਂ ਨਾਲ ਸਬੰਧਤ ਇਕ ਮੁਲਜ਼ਮ ਗਾਂਜਾ ਸਪਲਾਈ ਕਰਦਾ ਹੈ ਅਤੇ ਉਹ ਉਸ ਦਾ ਨਾਂ ਨਹੀਂ ਜਾਣਦਾ। ਮੁਲਜ਼ਮ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ।
ਥਾਣਾ ਸਿਟੀ ਕਪੂਰਥਲਾ ਦੀ ਪੁਲਸ ਵੱਲੋਂ ਨਵੀਂ ਸਬਜ਼ੀ ਮੰਡੀ ਖੇਤਰ ਵਿਚ ਦੁਕਾਨਦਾਰੀ ਦੀ ਆੜ 'ਚ ਗਰੀਬ ਲੋਕਾਂ ਨੂੰ ਗਾਂਜਾ ਵੇਚਣ ਵਾਲੇ ਇਕ ਮੁਲਜ਼ਮ ਨੂੰ ਭਾਰੀ ਮਾਤਰਾ 'ਚ ਗਾਂਜਾ ਦੀ ਖੇਪ ਨਾਲ ਗ੍ਰਿਫਤਾਰ ਕਰਨ ਦਾ ਮਾਮਲਾ ਜ਼ਿਲੇ 'ਚ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਪੂਰਥਲਾ ਪੁਲਸ ਦੇ 15 ਥਾਣਾ ਖੇਤਰਾਂ ਦੀ ਪੁਲਸ ਵੱਡੀ ਗਿਣਤੀ ਵਿਚ ਅਜਿਹੇ ਮੁਲਜ਼ਮਾਂ ਨੂੰ ਗਾਂਜਾ ਦੀ ਭਾਰੀ ਖੇਪ ਨਾਲ ਗ੍ਰਿਫਤਾਰ ਕਰ ਚੁੱਕੀ ਹੈ। ਜਿਸ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਲਿਆਂਦੀ ਗਈ ਸੀ। ਇਨ੍ਹਾਂ ਗ੍ਰ੍ਰਿਫਤਾਰ ਮੁਲਜ਼ਮਾਂ ਵਿਚ ਕਾਫੀ ਗਿਣਤੀ ਵਿਚ ਮੁਲਜ਼ਮ ਇਨ੍ਹਾਂ ਦੋਨਾਂ ਸੂਬਿਆਂ ਨਾਲ ਸਬੰਧਤ ਸਨ।


shivani attri

Content Editor

Related News