ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ 'ਚ ਗੈਰ ਹਾਜ਼ਰ ਰਹੇ 5 ਅਧਿਕਾਰੀ, ਡਿੱਗੀ ਗਾਜ

02/19/2020 11:18:03 AM

ਜਲੰਧਰ (ਚੋਪੜਾ)— ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਅਫਸਰਸ਼ਾਹੀ ਕਿਸ ਕਦਰ ਹਾਵੀ ਹੈ ਕਿ ਇਸ ਦਾ ਸੂਰਤ-ਏ-ਹਾਲ ਬੀਤੇ ਦਿਨ ਉਸ ਸਮੇਂ ਦਿਖਾਈ ਦਿੱਤਾ। ਜਲੰਧਰ ਵਿਖੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਨੂੰ ਕੋਈ ਖਾਸ ਤਵਜੋ ਨਾ ਦਿੰਦੇ ਹੋਏ ਏਜੰਡੇ 'ਚ ਸ਼ਾਮਲ ਮਸਲਿਆਂ ਨਾਲ ਸਬੰਧਤ ਕਈਆਂ ਵਿਭਾਗਾਂ ਦੇ ਜ਼ਿਮੇਵਾਰ ਅਧਿਕਾਰੀ ਗੈਰ-ਹਾਜ਼ਰ ਰਹੇ। ਮੀਟਿੰਗ ਦੌਰਾਨ ਏਜੰਡੇ 'ਚ ਸ਼ਾਮਲ 13 ਸੂਤਰੀ ਏਜੰਡਿਆਂ 'ਤੇ ਜਦੋਂ ਚਰਚਾ ਸ਼ੁਰੂ ਕੀਤੀ ਤਾਂ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਅਫਸਰ, ਪੀ. ਡਬਲਿਊ. ਡੀ. ਵਿਭਾਗ ਦੇ ਐੱਸ. ਈ., ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਜ਼ਿਲਾ ਪ੍ਰੀਸ਼ਦ ਦੇ ਸੈਕਟਰੀ ਅਤੇ ਬਲਾਕ ਡਿਵੈਲਪਮੈਂਟ ਅਧਿਕਾਰੀ ਏਜੰਡੇ 'ਚ ਸ਼ਾਮਲ ਪ੍ਰਸਤਾਵਾਂ ਨਾਲ ਸਬੰਧੀ ਜਵਾਬ ਦੇਣ ਨੂੰ ਮੌਜੂਦ ਨਹੀਂ ਮਿਲੇ, ਜਿਸ ਕਾਰਨ ਕਈ ਸ਼ਿਕਾਇਤਾਂ ਅਤੇ ਡਿਵੈਲਪਮੈਂਟ ਦੇ ਮਾਮਲਿਆਂ 'ਤੇ ਜਵਾਬ ਦੇਣ ਵਾਲੇ ਅਧਿਕਾਰੀ ਗੈਰ-ਮੌਜੂਦ ਦਿਸੇ, ਜਿਸ ਕਾਰਨ ਅਜਿਹੇ ਮਾਮਲਿਆਂ ਨੂੰ ਪੈਂਡਿੰਗ ਰੱਖਣਾ ਪਿਆ।

ਕੈਬਨਿਟ ਮੰਤਰੀ ਸੋਨੀ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਦਿੱਤੇ ਹੁਕਮ
ਕਮੇਟੀ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ 'ਚ ਪ੍ਰਸ਼ਾਸਨਿਕ ਕੰਪਲੈਕਸ 'ਚ ਹੋਈ ਮੀਟਿੰਗ ਦੌਰਾਨ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਗੁੱਸੇ 'ਚ ਆਏ ਕੈਬਨਿਟ ਮੰਤਰੀ ਨੇ ਮੀਟਿੰਗ 'ਚ ਸ਼ਾਮਲ ਨਾ ਹੋਣ ਵਾਲੇ ਲਾਪ੍ਰਵਾਹ ਅਧਿਕਾਰੀਆਂ 'ਤੇ ਗਾਜ ਸੁੱਟਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਤੁਰੰਤ ਇਨ੍ਹਾਂ ਪੰਜਾਂ ਅਧਿਕਾਰੀਆਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ। ਮੀਟਿੰਗ 'ਚ ਸ਼ਾਮਲ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਪਰਗਟ ਸਿੰੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਵੀ ਅਧਿਕਾਰੀਆਂ ਦੀ ਢਿੱਲੀ ਕਾਰਜ਼ਗੁਜ਼ਾਰੀ ਨੂੰ ਲੈ ਕੇ ਜਮ ਕੇ ਆਪਣਾ ਗੁੱਸਾ ਕੱਢਿਆ।

ਸੋਨੀ ਨੇ ਮੀਟਿੰਗ ਦੇ ਅਖੀਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੀਟਿੰਗ 'ਚ ਸ਼ਾਮਲ ਏਜੰਡੇ 'ਚ 13 ਸ਼ਿਕਾਇਤਾਂ ਸ਼ਾਮਲ ਸਨ, ਜਿਨ੍ਹਾਂ 'ਚੋਂ 5 ਸ਼ਿਕਾਇਤਾਂ ਨੂੰ ਛੱਡ ਕੇ ਬਾਕੀ ਦੇ ਹੱਲ ਕੱਢੇ ਗਏ ਹਨ। ਸੋਨੀ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ 'ਚ ਵਿਕਾਸ ਕੰਮਾਂ ਲਈ ਭੇਜੇ ਗਏ ਫੰਡਸ ਨੂੰ ਵਰਤੋਂ 'ਚ ਲਿਆਉਣ ਤਾਂ ਜੋ ਫੰਡਸ ਲੈਪਸ ਨਾ ਹੋ ਸਕਣ, ਜੇਕਰ ਫੰਡਸ ਲੈਪਸ ਹੋਏ ਤਾਂ ਸਬੰਧਤ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਅਤੇ ਸੰਪੂਰਣ ਵਿਕਾਸ ਲਈ ਯੋਜਨਾਬੰਦੀ ਕੀਤੀ ਹੈ, ਜਿਸ ਨੂੰ ਜ਼ਮੀਨੀ ਪੱਧਰ 'ਤੇ ਸਫਲਤਾਪੂਰਵਕ ਲਾਗੂ ਕਰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਏਜੰਡੇ 'ਤੇ ਵਿਚਾਰ ਕਰਦੇ ਹੋਏ ਇਕ ਕਮੇਟੀ ਦਾ ਗਠਨ ਕੀਤਾ, ਜਿਸ 'ਚ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਚਾਵਲਾ ਸ਼ਾਮਲ ਹੋਣਗੇ ਅਤੇ ਇਹ ਕਮੇਟੀ ਕਮਿਊਨਟੀ ਸਿਹਤ ਕੇਂਦਰ ਖੁਰਲਾ ਕਿੰਗਰਾ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਸੰਭਾਵਨਾ 'ਤੇ ਕੰਮ ਕਰੇਗੀ। ਉਨ੍ਹਾਂ ਨੇ ਰਾਸ਼ਟਰੀ ਹਾਈਵੇਅਅਥਾਰਿਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ 'ਚੋਂ ਲੰਘ ਰਹੇ ਰਾਹਾਂ 'ਤੇ ਸੂਚਨਾ ਬੋਰਡਾਂ ਨੂੰ ਲਗਾਉਣ। ਸ਼ਾਹਕੋਟ ਦੇ ਰੇਲਵੇ ਓਵਰਬ੍ਰਿਜ ਤੋਂ ਇਲਾਵਾ ਰਾਸ਼ਟਰੀ ਹਾਈਵੇ ਸ਼ਾਹਕੋਟ ਤੋਂ ਮੋਗਾ, ਮਹਿਤਪੁਰ ਤੋਂ ਪਰਜੀਆਂ ਦੀ ਮੁਰੰਮਤ/ਨਿਰਮਾਣਾਂ ਅਤੇ ਸਰਵਿਸ ਲੇਨ ਮਹਿਤਪੁਰ ਤੋਂ ਸ਼ਾਹਕੋਟ ਦੇ ਕੰਮ 'ਚ ਤੇਜ਼ੀ ਲਿਆਉਣ।

ਨੰਗਲ-ਸ਼ਾਮਾਂ ਚੌਗਿੱਟੀ ਸੜਕ ਦੇ ਨਿਰਮਾਣ ਲਈ ਦਿੱਤੇ ਨਿਰਦੇਸ਼
ਸੋਨੀ ਨੇ ਦੱਸਿਆ ਕਿ ਉਨ੍ਹਾਂ ਨੇ 80 ਲੱਖ ਰੁਪਏ ਖਰਚ ਕਰਕੇ ਬਣਾਈ ਜਾ ਰਹੀ ਨੰਗਲ ਸ਼ਾਮਾਂ-ਚੌਗਿੱਟੀ ਸੜਕ ਦੇ ਨਿਰਮਾਣ ਦਾ ਕੰਮ ਵੀ ਜਲਦੀ ਸ਼ੁਰੂ ਕਰਨ ਨੂੰ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਸ਼ਾਹਕੋਟ 'ਚ ਲਾਇਸੈਂਸ ਬਣਾਉਣ ਲਈ ਡਰਾਈਵਿੰਗ ਟੈਸਟ ਟ੍ਰੈਕ ਬਣਾਉਣ ਲਈ ਸੂਬਾ ਸਰਕਾਰ ਕੋਲ ਮਾਮਲਾ ਉਠਾਉਣ ਦਾ ਫੈਸਲਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਨਿਗਮ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਫੋਕਲ ਪੁਆਇੰਟ ਦਾ ਗੰਦਾ ਪਾਣੀ ਜੋ ਕਿ ਨਿਗਮ ਦੇ ਸੀਵਰੇਜ 'ਚ ਪਾਇਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਨਿਗਮ ਨੇ ਆਪਣੇ ਡਿਸਪੋਜ਼ਲ ਨੂੰ ਤਾਲਾ ਲਾ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਚਾਲੂ ਨਹੀ ਹੋ ਜਾਂਦਾ ਉਦੋਂ ਤੱਕ ਇਸ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਮਰੀਜ਼ਾਂ ਦੇ ਡਾਇਲਸਿਸ ਫ੍ਰੀ ਕਰਨ ਲਈ ਮਸ਼ੀਨਾਂ ਦੀ ਸਥਾਪਨਾ ਲਈ ਉਹ ਨਿੱਜੀ ਤੌਰ 'ਤੇ ਸਿਹਤ ਮੰਤਰਾਲਾ ਨਾਲ ਸਬੰਧ ਕਾਇਮ ਕਰਨਗੇ। ਰਾਸ਼ਟਰੀ ਹਾਈਵੇਅ ਅਥਾਰਿਟੀ ਵੱਲੋਂ ਜਲੰਧਰ ਦੇ ਅੱਧ ਵਿਚਕਾਰ ਲਟਕ ਰਹੇ ਪੁਲਾਂ ਅਤੇ ਸੜਕੀ ਪ੍ਰਾਜੈਕਟਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲ ਇਹ ਮਾਮਲਾ ਉਠਾਉਣਗੇ, ਜਿਸ ਨਾਲ ਅਥਾਰਿਟੀ ਦੇ ਗਲਤ ਰਵੱਈਏ ਨੂੰ ਸਹੀ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੁਰਾਣੇ ਡਿਪਟੀ ਕਮਿਸ਼ਨਰ ਦਫਤਰ ਦੀ ਜਗ੍ਹਾ 'ਤੇ ਪਾਰਕਿੰਗ ਦੀ ਉਸਾਰੀ ਲਈ ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕਾਂ ਨੂੰ ਰਿਪੋਰਟ ਦੇਣ ਲਈ ਵੀ ਕਿਹਾ ਹੈ।

ਸੋਨੀ ਨੇ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਡੇਪੋ ਅਤੇ ਹੋਰ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਉਨ੍ਹਾਂ ਨੇ ਪੰਜਾਬ ਪੁਲਸ ਅਤੇ ਸਿਵਲ ਪ੍ਰਸ਼ਾਸਾਨਿਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਹਤਰੀਨ ਤਾਲਮੇਲ ਨਾਲ ਕੰਮ ਕਰਨ। ਇਸ ਤੋਂ ਇਲਾਵਾ ਮਨਰੇਗਾ ਅਤੇ ਹੁਨਰ ਵਿਕਾਸ ਮਿਸ਼ਨ ਨੂੰ ਲਾਗੂ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਅਤੇ ਸਮਾਰਟ ਪਿੰਡ, ਸਮਾਰਟ ਰਾਸ਼ਨ ਕਾਰਡ ਦੇ ਬਾਰੇ 'ਚ ਯੋਜਨਾ ਨੂੰ ਵੀ ਵੱਡੇ ਪੱਧਰ 'ਤੇ ਲਾਗੂ ਕਰਨ ਦੇ ਹੁਕਮ ਦਿੱਤੇ ਗਏ।

ਇਸ ਮੌਕੇ 'ਤੇ ਮੇਅਰ ਜਗਦੀਸ਼ ਰਾਜ ਰਾਜਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ, ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਐੈੱਸ. ਡੀ. ਐੱਮਜ਼ ਅਮਿਤ ਕੁਮਾਰ, ਰਾਹੁਲ ਸਿੱਧੂ, ਡਾ. ਸੰਜੀਵ ਕੁਮਾਰ, ਡਾ. ਜੈਇੰਦਰ ਸਿੰਘ ਅਤੇ ਸਕੱਤਰ ਆਰ. ਟੀ. ਏ. ਡਾ. ਨਯਨ ਜੱਸਲ, ਕਮੇਟੀ ਦੇ ਮੈਂਬਰ ਸੁਰਿੰਦਰ ਚੌਧਰੀ, ਯਸ਼ਪਾਲ ਧੀਮਾਨ, ਭੁਪਿੰਦਰ ਜੌਲੀ, ਮੰਗਾ ਰਾਮ ਸਾਰੰਗਲ ਅਤੇ ਹੋਰ ਵੀ ਮੌਜੂਦ ਸਨ।

ਵਿਧਾਇਕ ਸ਼ੇਰੋਵਾਲੀਆ, ਚੌਧਰੀ, ਵਿਧਾਇਕ ਪਰਗਟ ਨੇ ਬੀ. ਡੀ. ਪੀ. ਓ. ਦੀ ਲਗਾਈ ਸ਼ਿਕਾਇਤ
ਮੀਟਿੰਗ ਦੌਰਾਨ ਕਮੇਟੀ ਦੇ ਚੇਅਰਮੈਨ ਓ. ਪੀ. ਸੋਨੀ ਨੇ ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਸੁਰਿੰਦਰ ਚੌਧਰੀ, ਵਿਧਾਇਕ ਪਰਗਟ ਨੂੰ ਦੱਸਿਆ ਕਿ ਬਲਾਕ ਡਿਵੈਲਪਮੈਂਟ ਅਧਿਕਾਰੀ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦੇ ਹਲਕੇ 'ਚ ਜੇਕਰ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਦੱਸਿਆ ਤੱਕ ਨਹੀ ਜਾਂਦਾ ਹੈ।

PunjabKesari

ਵਿਧਾਇਕ ਬੇਰੀ ਹਾਈਵੇਅ ਆਥਾਰਿਟੀ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਲਈ ਅੜੇ
ਲੰਮਾ ਪਿੰਡ-ਜੰਡੂਸਿੰਘਾ ਸੜਕ ਬਣਾਉਣ ਤੋਂ ਪਹਿਲਾਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਮਾਮਲਾ ਵੀ ਰੱਖਿਆ। ਵਿਧਾਇਕ ਰਾਜਿੰਦਰ ਬੇਰੀ ਨੈਸ਼ਨਲ ਹਾਈਵੇ ਆਥਾਰਿਟੀ ਦੇ ਖਿਲਾਫ ਬੁੱਧਵਾਰ ਨੂੰ ਦਿੱਤੇ ਜਾਣ ਵਾਲੇ ਧਰਨੇ-ਪ੍ਰਦਰਸ਼ਨ ਲਈ ਅੜ ਗਏ ਹਨ। ਓ. ਪੀ. ਸੋਨੀ ਨੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਬੰਦ ਕਮਰੇ 'ਚ ਵਿਧਾਇਕ ਬੇਰੀ ਨੂੰ ਧਰਨਾ ਨਾ ਲਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਵਿਧਾਇਕ ਬੇਰੀ ਨੇ ਸਪੱਸ਼ਟ ਕਿਹਾ ਕਿ ਲੋਕ ਹਿਤ ਦੇ ਮਾਮਲੇ 'ਚ ਉਹ ਬੈਕਫੁਟ 'ਤੇ ਨਹੀਂ ਆਉਣਗੇ। ਜਦੋਂ ਤੱਕ ਹਾਈਵੇ ਅਥਾਰਿਟੀ ਪੀ. ਏ. ਪੀ. ਦੀ ਬੰਦ ਸੜਕ ਨੂੰ ਲੋਕਾਂ ਲਈ ਨਹੀ ਖੋਲ੍ਹਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ । ਇਸ ਤੋਂ ਇਲਾਵਾ ਵਿਧਾਇਕ ਬੇਰੀ ਨੇ ਲੰਮਾ ਪਿੰਡ ਤੋਂ ਲੈ ਕੇ ਜੰਡੂਸਿੰਘਾ ਤੱਕ ਬਣਾਈ ਜਾ ਰਹੀ ਸੜਕ 'ਤੇ ਪਹਿਲਾਂ ਸੀਵਰੇਜ ਦਾ ਕੰਮ ਅਤੇ ਮੀਂਹ ਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕਰਨ ਦਾ ਮਾਮਲਾ ਰੱਖਿਆ। ਉਨ੍ਹਾਂ ਕਿਹਾ ਕਿ ਜੇਕਰ ਮੀਂਹ ਦੇ ਪਾਣੀ ਦੀ ਵਿਵਸਥਾ ਨਹੀਂ ਕੀਤੀ ਗਈ ਤਾਂ ਸੜਕ ਜ਼ਿਆਦਾ ਸਮੇਂ ਤੱਕ ਨਹੀਂ ਰਹੇਗੀ।

ਮੇਅਰ ਜਗਦੀਸ਼ ਰਾਜਾ ਦੀ ਮੰਗ 'ਤੇ ਪੁਰਾਣੀ ਕਚਹਿਰੀ ਤੇ ਸੁਦਾਮਾ ਮਾਰਕੀਟ 'ਚ ਪਾਰਕਿੰਗ ਲਈ ਜ਼ਮੀਨ ਦੇਣ ਨੂੰ ਬਣਾਈ ਕਮੇਟੀ
ਮੀਟਿੰਗ ਦੌਰਾਨ ਨਗਰ ਨਿਗਮ ਦੇ ਮੇਅਰ ਨੇ ਕਮੇਟੀ ਦੇ ਚੇਅਰਮੈਨ ਸਾਹਮਣੇ ਪੁਰਾਣੀ ਕਚਹਿਰੀ ਅਤੇ ਸੁਦਾਮਾ ਮਾਰਕੀਟ ਦੀ ਜ਼ਮੀਨ ਪਾਰਕਿੰਗ ਵਰਤੋਂ 'ਚ ਲਿਆਉਣ ਦੀ ਮੰਗ ਰੱਖੀ। ਮੇਅਰ ਰਾਜਾ ਨੇ ਕਿਹਾ ਕਿ ਜੇਕਰ ਦੋਵਾਂ ਥਾਵਾਂ 'ਤੇ ਮਲਟੀਪਲੈਕਸ ਪਾਰਕਿੰਗ ਦੀ ਵਿਵਸਥਾ ਕਰ ਦਿੱਤੀ ਜਾਵੇ ਤਾਂ ਸੜਕ 'ਤੇ ਖੜ੍ਹੇ ਹੋਣ ਵਾਲੇ ਵਾਹਨਾਂ ਕਾਰਨ ਹੋਣ ਵਾਲੇ ਟਰੈਫਿਕ ਜਾਮ ਤੋਂ ਰਾਹਤ ਪਾਈ ਜਾ ਸਕਦੀ ਹੈ, ਜਿਸ 'ਤੇ ਸੋਨੀ ਨੇ ਇਸ ਮਾਮਲੇ 'ਚ ਇਕ ਕਮੇਟੀ ਬਣਾਉਂਦੇ ਹੋਏ ਰਿਪੋਰਟ ਪੇਸ਼ ਕਰਨ ਨੂੰ ਕਿਹਾ।

ਪਰਗਟ ਸਿੰਘ ਦੀ ਕੈਪਟਨ ਨੂੰ ਲਿਖੀ ਚਿੱਠੀ 'ਤੇ ਪੱਲਾ ਝਾੜ ਗਏ ਓ. ਪੀ. ਸੋਨੀ
ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਲਿਖੀ ਚਿੱਠੀ 'ਤੇ ਪ੍ਰਤੀਕਿਰਿਆ ਦੇਣ ਤੋਂ ਓ. ਪੀ. ਸੋਨੀ ਲਗਾਤਾਰ ਬਚਦੇ ਰਹੇ। ਉਨ੍ਹਾਂ ਕਿਹਾ ਕਿ ਵਿਧਾਇਕ ਪਰਗਟ ਇਕ ਜਨ-ਪ੍ਰਤੀਨਿਧੀ ਹੈ ਅਤੇ ਜਨਤਾ ਤੋਂ ਮਿਲੀ ਫੀਡਬੈਕ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਤੱਕ ਪੰਹੁਚਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ਿਆਂ 'ਤੇ ਨਕੇਲ ਕੱਸੀ ਹੈ ਪਰ ਕੁਝ ਕਾਲੀਆਂ ਭੇਡਾਂ ਕਾਰਨ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਨਹੀ ਕੀਤਾ ਜਾ ਸਕਿਆ। ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਹੋਰ ਮਾਮਲਿਆਂ 'ਤੇ ਸਰਕਾਰ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਸੀਖਾਂ ਦੇ ਪਿੱਛੇ ਹੋਣਗੇ। ਸੋਨੀ ਨੇ ਕਿਹਾ ਕਿ ਸਰਕਾਰ ਨੇ 3 ਸਾਲਾਂ ਦੇ ਕਾਰਜਕਾਲ 'ਚ ਬਹੁਤ ਕੰਮ ਕੀਤੇ ਹਨ ਅਤੇ ਅਗਲੇ 2 ਸਾਲਾਂ 'ਚ ਅਧੂਰੇ ਕੰਮ ਪੂਰੇ ਕਰ ਕੇ ਸਾਰੇ ਚੋਣ ਵਾਅਦਿਆਂ ਨੂੰ ਅਮਲੀ ਜਾਮਾ ਪੁਆਇਆ ਜਾਵੇਗਾ।


shivani attri

Content Editor

Related News