ਕਰੋੜਾਂ ਦੀ ਠੱਗੀ ਦੇ ਮਾਮਲੇ ''ਚ ਪੁਲਸ ਵੱਲੋਂ ਪੇਸ਼ ਚਲਾਨ ''ਚ ਸਾਹਮਣੇ ਆਈ ਇਹ ਗੱਲ

09/23/2020 4:32:04 PM

ਜਲੰਧਰ (ਜ. ਬ.)— ਕਰੋੜਾਂ ਰੁਪਏ ਦੇ ਫਰਾਡ ਮਾਮਲੇ 'ਚ ਪੁਲਸ ਵੱਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਇਹ ਫਰਾਡ 7.83 ਕਰੋੜ ਦਾ ਦੱਸਿਆ ਗਿਆ ਹੈ। ਚਲਾਨ 'ਚ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਦੇ ਵੀ ਬਿਆਨ ਦਰਜ ਹਨ। ਬਿਆਨਾਂ ਵਿਚ ਦੋਵਾਂ ਨੇ ਆਪਣੇ ਮੈਨੇਜਮੈਂਟ ਮੈਂਬਰਾਂ 'ਤੇ ਹੀ ਸਾਰੀ ਗਾਜ ਡੇਗੀ ਹੈ, ਜਦਕਿ ਪੁਲਸ ਵੱਲੋਂ ਰਣਜੀਤ ਸਿੰਘ ਤੇ ਮੈਨੇਜਮੈਂਟ ਮੈਂਬਰ ਆਦਿੱਤਿਆ ਸੇਠੀ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਵੇਚੀਆਂ ਲਗਜ਼ਰੀ ਗੱਡੀਆਂ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ
ਪੁਲਸ ਨੇ ਚਲਾਨ ਵਿਚ 58 ਡਿਸਟਰੀਬਿਊਟਰਾਂ ਦੇ ਬਿਆਨ ਦਰਜ ਕੀਤੇ ਹਨ। 58 ਲੋਕਾਂ ਨੇ ਪੁਲਸ ਨੂੰ ਜਿਹੜੇ ਦਸਤਾਵੇਜ਼ ਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਸਬੂਤ ਸੌਂਪੇ ਹਨ, ਉਸ ਵਿਚ ਫਰਾਡ 7,83,98,662 ਦਾ ਦੱਸਿਆ ਗਿਆ। ਹਾਲਾਂਕਿ ਕੁਝ ਡਿਸਟਰੀਬਿਊਟਰਾਂ ਦੇ ਪੁਲਸ ਨੇ ਬਿਆਨ ਦਰਜ ਕੀਤੇ ਹਨ ਪਰ ਚਲਾਨ 'ਚ ਨਾ ਤਾਂ ਉਨ੍ਹਾਂ ਦੇ ਨਾਂ ਲਿਖੇ ਹਨ ਅਤੇ ਨਾ ਹੀ ਉਨ੍ਹਾਂ ਵੱਲੋਂ ਇਨਵੈਸਟ ਕੀਤੇ ਪੈਸਿਆਂ ਦਾ ਕੋਈ ਜ਼ਿਕਰ ਹੈ। ਚਲਾਨ ਵਿਚ ਪੁਲਸ ਨੇ ਲਿਖਿਆ ਕਿ ਗਗਨਦੀਪ ਸਿੰਘ ਨੇ ਪੁੱਛਗਿੱਛ ਵਿਚ ਦੱਸਿਆ ਕਿ ਮੈਨੇਜਮੈਂਟ ਮੈਂਬਰ ਪੁਨੀਤ ਵਰਮਾ ਨੇ ਮਾਰਚ 2019 ਤੋਂ ਲੈ ਕੇ ਜੂਨ 2020 ਤੱਕ ਕੰਪਨੀ ਦੇ ਨਾਂ 'ਤੇ 54,83,190 ਲੱਖ ਰੁਪਏ ਲੋਕਾਂ ਤੋਂ ਇਕੱਠੇ ਕੀਤੇ ਪਰ ਉਨ੍ਹਾਂ ਨੂੰ ਕੰਪਨੀ ਕੋਲ ਜਮ੍ਹਾ ਨਹੀਂ ਕਰਵਾਇਆ ਅਤੇ ਇਸ ਰਕਮ ਨੂੰ ਆਪਣੇ ਕੋਲ ਰੱਖ ਲਿਆ। ਇਸੇ ਤਰ੍ਹਾਂ ਆਸ਼ੀਸ਼ ਨੇ 15 ਅਕਤੂਬਰ 2019 ਤੋਂ ਲੈ ਕੇ ਜਨਵਰੀ 2020 ਤੱਕ ਕਰੀਬ 4 ਲੱਖ ਰੁਪਏ, ਆਦਿੱਤਿਆ ਸੇਠੀ ਨੇ ਅਗਸਤ 2019 ਤੋਂ ਲੈ ਕੇ 20 ਮਈ 2020 ਤੱਕ 31,44,860 ਰੁਪਏ ਅਤੇ ਸ਼ੀਲਾ ਦੇਵੀ ਨੇ ਫਰਵਰੀ 2019 ਤੋਂ ਲੈ ਕੇ ਜੁਲਾਈ 2020 ਤੱਕ 91,57,303 ਲੱਖ ਰੁਪਏ ਲੋਕਾਂ ਕੋਲੋਂ ਇਕੱਠੇ ਕੀਤੇ ਅਤੇ ਕੰਪਨੀ ਕੋਲ ਜਮ੍ਹਾ ਕਰਵਾਉਣ ਦੀ ਜਗ੍ਹਾ ਆਪਣੇ ਕੋਲ ਰੱਖ ਲਏ। ਗਗਨਦੀਪ ਸਿੰਘ ਨੇ ਇਸ ਦੇ ਸਾਰੇ ਸਬੂਤ ਵੀ ਪੁਲਸ ਨੂੰ ਦਿੱਤੇ ਹਨ।
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼

ਇਸ ਤੋਂ ਇਲਾਵਾ ਗਗਨਦੀਪ ਸਿੰਘ ਨੇ ਪੁੱਛਗਿੱਛ ਵਿਚ ਕਿਹਾ ਕਿ ਇਹੀ ਲੋਕ ਲੋਕਾਂ ਨੂੰ ਕੰਪਨੀ ਨਾਲ ਜੋੜਦੇ ਸਨ। ਉਸ ਨੇ ਪੁਲਸ ਨੂੰ ਕੁਝ ਵੀਡੀਓ ਕਲਿੱਪ ਵੀ ਰਿਕਵਰ ਕਰਵਾਏ। ਗਗਨਦੀਪ ਸਿੰਘ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਏਜੰਟ ਸੁਖਵਿੰਦਰ ਸਿੰਘ ਨੇ ਵੀ ਲੋਕਾਂ ਦੇ ਪੈਸਿਆਂ ਨਾਲ ਕ੍ਰੇਟਾ ਗੱਡੀ ਖਰੀਦੀ ਸੀ। ਪੁਲਸ ਨੇ ਗਗਨਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਇਕ ਸਕੌਡਾ ਕਾਰ ਵੀ ਜ਼ਬਤ ਕੀਤੀ ਹੈ, ਜਦੋਂ ਕਿ ਲੋਕਾਂ ਦੇ ਪੈਸਿਆਂ ਨਾਲ ਖਰੀਦਿਆ ਫਰਨੀਚਰ ਵੀ ਰਿਕਵਰ ਕਰ ਲਿਆ ਹੈ। ਗਗਨਦੀਪ ਸਿੰਘ ਨੇ ਆਪਣੇ ਬਿਆਨਾਂ ਵਿਚ ਐਡਮਿਨ ਨਤਾਸ਼ਾ ਕਪੂਰ 'ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਕੰਪਨੀ ਦੇ ਹਰਿਆਣਾ ਵਿਚਲੇ ਦਫਤਰ ਵਿਚੋਂ ਲਿਆਂਦੇ 8 ਲੱਖ ਰੁਪਏ ਲੈ ਕੇ ਆਪਣੇ ਕੋਲ ਰੱਖ ਲਏ ਅਤੇ ਕੰਪਨੀ ਕੋਲ ਜਮ੍ਹਾ ਨਹੀਂ ਕਰਵਾਏ। ਇਸ ਬਾਰੇ ਉਸ ਨੇ ਇਕ ਆਡੀਓ ਕਲਿੱਪ ਪੁਲਸ ਨੂੰ ਸੌਂਪੀ ਹੈ।

ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ

ਦੂਜੇ ਪਾਸੇ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਰਣਜੀਤ ਸਿੰਘ ਤੋਂ ਕੀਤੀ ਪੁੱਛਗਿੱਛ ਉਪਰੰਤ ਪੁਲਸ ਨੇ ਉਸ ਦੀ ਵੈਂਟੋ ਗੱਡੀ ਜ਼ਬਤ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਚਲਾਨ ਵਿਚ ਰਣਜੀਤ ਸਿੰਘ ਵੱਲੋਂ ਵੇਚੀ ਫਾਰਚਿਊਨਰ ਗੱਡੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ, ਜਦੋਂ ਕਿ ਆਦਿੱਤਿਆ ਸੇਠੀ ਨੇ ਇਨਵੈਸਟੀਗੇਸ਼ਨ ਦੌਰਾਨ ਕਪੂਰਥਲਾ ਦੇ ਇਕ ਵਿਅਕਤੀ ਨੂੰ ਬੀ. ਐੱਮ. ਡਬਲਯੂ. ਕਾਰ ਵੇਚ ਦਿੱਤੀ ਸੀ, ਜਿਸ ਦਾ ਵੀ ਚਲਾਨ ਵਿਚ ਜ਼ਿਕਰ ਨਹੀਂ ਕੀਤਾ ਗਿਆ।

ਗੁਰਮਿੰਦਰ ਸਿੰਘ ਅਤੇ ਹੋਰ ਮੈਨੇਜਮੈਂਟ ਮੈਂਬਰ ਅਜੇ ਵੀ ਫਰਾਰ
ਇਸ ਕੇਸ ਵਿਚ ਨਾਮਜ਼ਦ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਸਮੇਤ ਹੋਰ ਮੈਨੇਜਮੈਂਟ ਮੈਂਬਰ ਅਜੇ ਵੀ ਫਰਾਰ ਹਨ। ਪੁਲਸ ਨੇ ਚਲਾਨ ਵਿਚ ਕਿਹਾ ਕਿ ਉਨ੍ਹਾਂ ਸਭ ਦੀ ਗ੍ਰਿਫਤਾਰੀ ਲਈ ਘਰਾਂ ਅਤੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਪਰ ਉਹ ਸਭ ਫਰਾਰ ਹਨ। ਹਾਲਾਂਕਿ ਪੀੜਤ ਦੋਸ਼ ਲਾ ਚੁੱਕੇ ਹਨ ਕਿ ਸਾਰੇ ਦੋਸ਼ੀ ਸ਼ਹਿਰ ਵਿਚ ਹੀ ਘੁੰਮ ਰਹੇ ਹਨ ਪਰ ਪੁਲਸ ਉਨ੍ਹਾਂ ਨੁੰ ਗ੍ਰਿਫਤਾਰ ਨਹੀਂ ਕਰ ਰਹੀ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਇਹ ਸੀ ਮਾਮਲਾ
ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਵਿਚ ਇਹ ਫਰਾਡ 25 ਕਰੋੜ ਦਾ ਦੱਸਿਆ ਗਿਆ, ਜਦੋਂ ਕਿ ਨਿਵੇਸ਼ਕਾਂ ਅਨੁਸਾਰ ਇਹ ਫਰਾਡ 300 ਕਰੋੜ ਰੁਪਏ ਦਾ ਹੈ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਉਰਫ ਝੀਤਾ ਪੁੱਤਰ ਜਗਤਾਰ ਸਿੰਘ ਨਿਵਾਸੀ ਅਜੀਤ ਨਗਰ (ਕਪੂਰਥਲਾ) ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ ਪਤਨੀ ਹੇਮਰਾਜ ਨਿਵਾਸੀ ਏਕਤਾ ਨਗਰ ਫੇਜ਼-1 ਰਾਮਾ ਮੰਡੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਨਿਵਾਸੀ ਸ਼ਿਵ ਨਗਰ ਸੋਢਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਗਗਨਦੀਪ ਸਿੰਘ ਤੇ ਰਣਜੀਤ ਸਿੰਘ ਨੇ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ, ਜਿਨ੍ਹਾਂ ਕੋਲੋਂ ਪੁੱਛਗਿੱਛ ਉਪਰੰਤ ਜੇਲ ਭੇਜਿਆ ਜਾ ਚੁੱਕਾ ਹੈ, ਜਦੋਂ ਕਿ ਬਾਕੀ ਸਾਰੇ ਦੋਸ਼ੀ ਅਜੇ ਵੀ ਫਰਾਰ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

shivani attri

This news is Content Editor shivani attri