ਫਰਾਡੀਆਂ ਅੱਗੇ ਬੌਣੀ ਸਾਬਿਤ ਹੋ ਰਹੀ ਹਾਈਟੈੱਕ ਹੋਣ ਦਾ ਦਾਅਵਾ ਕਰਨ ਵਾਲੀ ਜਲੰਧਰ ਕਮਿਸ਼ਨਰੇਟ ਪੁਲਸ

08/24/2020 11:31:09 AM

ਜਲੰਧਰ (ਜ. ਬ.)— ਜਲੰਧਰ ਦੇ ਪਾਸ਼ ਇਲਾਕੇ ਵਿਚ ਰਹਿ ਕੇ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਮਲੇ ਵਿਚ ਜਲੰਧਰ ਪੁਲਸ ਲਗਾਤਾਰ ਆਪਣਾ ਪੱਧਰ ਗੁਆਉਂਦੀ ਜਾ ਰਹੀ ਹੈ। ਇਕ ਸਬ-ਇੰਸਪੈਕਟਰ ਦੀ ਲਾਪ੍ਰਵਾਹੀ ਪੂਰੀ ਜਲੰਧਰ ਪੁਲਸ ਦੇ ਪੱਲੂ ਨੂੰ ਤਾਰ-ਤਾਰ ਕਰ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਫਰਾਡ ਦੇ ਮਾਮਲੇ ਵਿਚ ਪੁਲਸ ਖੁਦ ਕਿਸੇ ਨੂੰ ਗਿਫ਼ਤਾਰ ਨਹੀਂ ਕਰ ਸਕੀ ਅਤੇ ਅਜੇ ਤੱਕ ਪੀੜਤਾਂ ਨੂੰ ਇਨਸਾਫ ਦੇਣ ਵਿਚ ਵੀ ਅਸਫਲ ਸਾਬਤ ਹੋਈ ਹੈ।

ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ

ਫਰਾਡ ਦਾ ਸ਼ਿਕਾਰ ਹੋਏ ਨਿਵੇਸ਼ਕ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਨੂੰ ਲੈ ਕੇ ਪਹਿਲਾਂ ਹੀ ਚਿੰਤਿਤ ਸਨ। ਐੱਸ. ਐੱਚ. ਓ. ਨੇ ਇਸ ਫਰਾਡ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਕੰਪਨੀ ਦੇ ਮਾਲਕ ਰਣਜੀਤ ਸਿੰਘ ਨੂੰ ਬਿਨਾਂ ਪੁੱਛਗਿੱਛ ਦੇ ਜਾਣ ਦਿੱਤਾ। ਇਹ ਉਦੋਂ ਦੀ ਗੱਲ ਹੈ, ਜਦੋਂ ਨਿਵੇਸ਼ਕਾਂ ਨੇ ਕੰਪਨੀ ਦੇ ਦਫ਼ਤਰ ਵਿਚ ਪੈਸੇ ਨਾ ਮਿਲਣ 'ਤੇ ਹੰਗਾਮਾ ਕੀਤਾ ਸੀ। ਹੁਣ ਏ. ਐੱਸ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਦੇ ਆਈਸੋਲੇਟ ਹੋਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਆਏ ਏ. ਸੀ. ਪੀ. ਧਰਮਪਾਲ ਤੋਂ ਨਿਵੇਸ਼ਕਾਂ ਨੇ ਉਮੀਦਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਏ. ਐੱਸ. ਪੀ. ਧਰਮਪਾਲ ਨੇ ਕਿਹਾ ਕਿ ਉਹ ਕੁਝ ਹੀ ਸਮੇਂ ਲਈ ਆਏ ਹਨ ਪਰ ਇਸ ਮਾਮਲੇ 'ਚ ਕੋਸ਼ਿਸ਼ ਕਰਨਗੇ ਕਿ ਪੀੜਤਾਂ ਦਾ ਵਿਸ਼ਵਾਸ ਪੁਲਸ ਤੋਂ ਨਾ ਉੱਠੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਸਾਰੀ ਰਿਪੋਰਟ ਜਲਦ ਆਪਣੇ ਕੋਲ ਮੰਗਵਾਉਣਗੇ।

ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

ਦੂਜੇ ਪਾਸੇ ਪੀੜਤਾਂ ਦਾ ਦੋਸ਼ ਹੈ ਕਿ ਸਬ-ਇੰਸਪੈਕਟਰ ਕਮਲਜੀਤ ਸਿੰਘ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੇ। ਕਈ ਵਾਰ ਫੋਨ ਕਰਨ ਦੇ ਬਾਵਜੂਦ ਉਹ ਫੋਨ ਹੀ ਨਹੀਂ ਚੁੱਕਦੇ। ਪੀੜਤਾਂ ਨੇ ਕਿਹਾ ਕਿ ਉਹ ਕਈ ਵਾਰ ਇਸ ਕੇਸ ਨੂੰ ਟਰਾਂਸਫਰ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ। ਥਾਣਾ ਨੰਬਰ 7 ਦੀ ਪੁਲਸ ਵਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਤੋਂ ਉਹ ਸੰਤੁਸ਼ਟ ਨਹੀਂ ਹਨ। ਇਸ ਮਾਮਲੇ ਦੀ ਵੱਡੇ ਪੱਧਰ 'ਤੇ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਦੇ ਢਿੱਲੇ ਰਵੱਈਏ ਕਾਰਣ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਆ ਸਕਦੇ ਅਤੇ ਜੇਕਰ ਅਜਿਹਾ ਹੋਇਆ ਤਾਂ ਕੋਵਿਡ-19 ਦੇ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਹ ਵਿਰੋਧ ਕਰਨ ਨੂੰ ਮਜਬੂਰ ਹੋਣਗੇ। ਇਕ ਮਹੀਨਾ ਬੀਤਣ ਦੇ ਬਾਅਦ ਵੀ ਇਨਸਾਫ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪੁਲਸ ਕਮਿਸ਼ਨਰ ਇਸ ਮਾਮਲੇ 'ਤੇ ਚੁੱਪ ਹਨ, ਹਾਲਾਂਕਿ ਪੀੜਤਾਂ ਦਾ ਕਹਿਣਾ ਹੈ ਕਿ ਸੀ. ਪੀ. ਉਨ੍ਹਾਂ ਨੂੰ ਇਨਸਾਫ ਜ਼ਰੂਰ ਦਿਵਾਉਣਗੇ।

ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕਰੋੜਾਂ ਰੁਪਏ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਲੰਧਰ ਪੁਲਸ ਵੱਲੋਂ ਦਰਜ ਇਕ ਐੱਫ. ਆਈ. ਆਰ. 'ਚ ਇਹ ਫਰਾਡ 25 ਕਰੋੜ ਦਾ ਦੱਸਿਆ ਗਿਆ, ਜਦਕਿ ਨਿਵੇਸ਼ਕਾਂ ਅਨੁਸਾਰ ਇਹ 300 ਕਰੋੜ ਦੇ ਉਪਰ ਦਾ ਫਰਾਡ ਹੈ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖਿਲਾਫ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿਚ ਗਗਨਦੀਪ ਅਤੇ ਰਣਜੀਤ ਸਿੰਘ ਨੇ ਸਰੰਡਰ ਕਰ ਦਿੱਤਾ ਸੀ। ਗਗਨਦੀਪ ਨੂੰ ਪੁਲਸ ਜੇਲ ਭੇਜ ਚੁੱਕੀ ਹੈ। ਗੁਰਮਿੰਦਰ ਸਿੰਘ ਸਮੇਤ ਕੰਪਨੀ ਦੇ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ ਕਪੂਰ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਅਜੇ ਤੱਕ ਫਰਾਰ ਹਨ।
ਇਹ ਵੀ ਪੜ੍ਹੋ:  ਹੋਟਲ 'ਚ ਲਿਜਾ ਕੇ ਨਾਬਾਲਗ ਲੜਕੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਬਣਾਇਆ ਹਵਸ ਦਾ ਸ਼ਿਕਾਰ

shivani attri

This news is Content Editor shivani attri