ਬਜ਼ੁਰਗ ਔਰਤ ਨੂੰ ਸਨੈਚਰਾਂ ਨੇ ਦਿਨ-ਦਿਹਾੜੇ ਬਣਾਇਆ ਨਿਸ਼ਾਨਾ

02/06/2020 10:18:36 PM

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਵਿਚ ਇਨ੍ਹੀਂ ਦਿਨੀਂ ਜਿਸ ਤਰ੍ਹਾਂ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਹੋ ਰਹੀਆਂ ਹਨ ਉਸ ਕਾਰਣ ਪੁਲਸ ਅਤੇ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਵਿਚ ਹੈ। ਪੁਲਸ ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਸ਼ਹਿਰ ਦੇ ਸਾਰੇ ਪ੍ਰਮੁੱਖ ਚੌਕਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਕਾਰਣ ਹੁਣ ਇਸ ਤਰ੍ਹਾਂ ਦੀਆਂ ਵਾਰਦਾਤਾਂ 'ਤੇ ਰੋਕ ਲੱਗੇਗੀ ਪਰ ਸਨੈਚਰ ਜਿਸ ਤਰ੍ਹਾਂ ਦਿਨ-ਦਿਹਾੜੇ ਵੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਉਸ ਤੋਂ ਸ਼ਹਿਰ ਦੇ ਲੋਕਾਂ ਦਾ ਕਾਨੂੰਨ ਵਿਵਸਥਾ ਤੋਂ ਵਿਸ਼ਵਾਸ ਉੱਠਣ ਲੱਗਾ ਹੈ। ਚੋਰਾਂ ਤੇ ਝਪਟਮਾਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਮੰਤਰੀ ਤੇ ਵਿਧਾਇਕ ਦੇ ਨਿਵਾਸ, ਜਿਥੇ ਸਖਤ ਸੁਰੱਖਿਆ ਪ੍ਰਬੰਧ ਦੀ ਵਿਵਸਥਾ ਹੋਇਆ ਕਰਦੀ ਹੈ, ਉਸ ਦੇ ਨੇੜੇ ਵੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਮੇਂ ਝਪਟਮਾਰਾਂ ਤੇ ਚੋਰਾਂ ਨੂੰ ਜ਼ਰਾ ਵੀ ਸੰਕੋਚ ਨਹੀਂ ਹੋਇਆ। ਹੁਣ ਤਾਜ਼ਾ ਘਟਨਾ 'ਚ ਵੀਰਵਾਰ ਨੂੰ ਸ਼ਿਮਲਾ ਪਹਾੜੀ ਚੌਕ ਦੇ ਨਜ਼ਦੀਕ ਮਾਲ ਰੋਡ ਦੇ ਨਾਲ ਲੱਗਦੇ ਮੁਹੱਲਾ (ਈਸ਼) ਨਗਰ ਵਿਚ ਰਿਕਸ਼ੇ 'ਤੇ ਬੈਠ ਕੇ ਜਾ ਰਹੀ ਬਜ਼ੁਰਗ ਮਹਿਲਾ ਦੇ ਹੱਥ 'ਚੋਂ ਪਰਸ ਖੋਹ ਕੇ ਝਪਟਮਾਰ ਬੜੇ ਹੀ ਆਰਾਮ ਨਾਲ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਬਜ਼ੁਰਗ ਮਹਿਲਾ ਸ਼ਸ਼ੀ ਗੁਪਤਾ ਨੂੰ ਰਿਕਸ਼ੇ ਤੋਂ ਡਿੱਗਣ ਨਾਲ ਸੱਟ ਵੀ ਲੱਗੀ। ਹਾਲਾਂਕਿ ਇਹ ਅੰਦਰੂਨੀ ਸੱਟ ਦੱਸੀ ਜਾ ਰਹੀ ਹੈ।

ਵਿਰੋਧ ਕਰਨ 'ਤੇ ਝਪਟਮਾਰਾਂ ਸੁੱਟਿਆ ਹੇਠਾਂ
ਵੀਰਵਾਰ ਸ਼ਾਮ 4 ਵਜੇ ਸਨੈਚਿੰਗ ਦੀ ਵਾਰਾਦਾਤ ਦੌਰਾਨ ਰਿਕਸ਼ੇ ਤੋਂ ਡਿੱਗ ਕੇ ਜ਼ਖ਼ਮੀ ਬਜ਼ੁਰਗ ਔਰਤ ਸ਼ਸ਼ੀ ਗੁਪਤਾ ਪਤਨੀ ਕੇ. ਕੇ. ਗੁਪਤਾ ਨਿਵਾਸੀ ਧੋਬੀਘਾਟ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਨਿਵੇਦਿਆ ਪਤਨੀ ਰਣਵੀਰ ਅੱਗਰਵਾਲ, ਨਿਵਾਸੀ ਪ੍ਰਹਿਲਾਦ ਨਗਰ ਦੇ ਨਾਲ ਰਿਕਸ਼ੇ 'ਤੇ ਬੈਠ ਕੇ ਸੰਜੀਵਨੀ ਸ਼ਰਣਮ ਜਾ ਰਹੀ ਸੀ। ਜਦੋਂ ਉਹ ਸਾਂਝੀ ਰਸੋਈ-ਬਾਗ ਬਗੀਚੇ ਦੇ ਨੇੜੇ ਪਹੁੰਚੀਆਂ ਤਾਂ ਪਿੱਛੇ ਤੋਂ ਸਕੂਟਰ 'ਤੇ ਆਏ 2 ਨੌਜਵਾਨਾਂ 'ਚੋਂ ਇਕ ਉਸ ਦੇ ਹੱਥ 'ਚੋਂ ਪਰਸ ਖੋਹਣ ਦੀ ਕੋਸ਼ਿਸ਼ ਕਰਨ ਲੱਗਾ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਝਪਟਮਾਰ ਪਰਸ ਨੂੰ ਜ਼ੋਰ ਨਾਲ ਖੋਹਣ ਲੱਗੇ ਤਾਂ ਉਹ ਰਿਕਸ਼ੇ ਤੋਂ ਜ਼ਮੀਨ 'ਤੇ ਡਿੱਗ ਪਈ ਤੇ ਝਪਟਮਾਰ ਪਰਸ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਲੋਕਾਂ ਨੇ ਕੀਤਾ ਪਿੱਛਾ ਪਰ ਝਪਟਮਾਰ ਨਹੀਂ ਲੱਗੇ ਹੱਥ
ਦਿਨ-ਦਿਹਾੜੇ ਲੁੱਟ-ਖੋਹ ਦੀ ਵਾਰਦਾਤ ਨੂੰ ਵੇਖ ਉਥੋਂ ਲੰਘ ਰਹੇ ਲੋਕਾਂ ਨੇ ਝਪਟਮਾਰਾਂ ਦਾ ਪਿੱਛਾ ਵੀ ਕੀਤਾ ਪਰ ਝਪਟਮਾਰ ਲੋਕਾਂ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਬਜ਼ੁਰਗ ਔਰਤ ਦੇ ਪਰਿਵਾਰ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਸੂਚਨਾ ਕੰਟਰੋਲ ਰੂਮ ਅਤੇ ਥਾਣਾ ਸਿਟੀ ਪੁਲਸ ਨੂੰ ਵੀ ਦੇ ਦਿੱਤੀ।


Bharat Thapa

Content Editor

Related News