ਸੱਤਾ ਤਬਦੀਲੀ : ਬੱਸਾਂ ਤੋਂ ਆਮਦਨ ਵਧਾਉਣ ਲਈ ਅਧਿਕਾਰੀ ਸਰਗਰਮ, AC ਬੱਸਾਂ ਦੇ ਸੰਚਾਲਨ ’ਤੇ ਹੋਵੇਗਾ ‘ਫੋਕਸ’

03/12/2022 5:07:10 PM

ਜਲੰਧਰ (ਪੁਨੀਤ)-ਨਵੀਂ ਸਰਕਾਰ ਬਣਨ ਨੂੰ ਅਜੇ ਤਕਰੀਬਨ ਇਕ ਹਫ਼ਤਾ ਪਿਆ ਹੈ ਪਰ ਟਰਾਂਸਪੋਰਟ ਵਿਭਾਗ ਅਧੀਨ ਰੋਡਵੇਜ਼-ਪਨਬੱਸ ਤੇ ਪੀ. ਆਰ. ਟੀ. ਸੀ. ਅਧਿਕਾਰੀ ਪਹਿਲਾਂ ਹੀ ਸਰਗਰਮ ਹੋ ਗਏ ਹਨ ਤਾਂ ਜੋ ਸਰਕਾਰੀ ਬੱਸਾਂ ਤੋਂ ਹੋਣ ਵਾਲੀ ਆਮਦਨ ਨੂੰ ਵਧਾਇਆ ਜਾ ਸਕੇ। ਇਸ ਲੜੀ ਤਹਿਤ ਜ਼ਿਆਦਾ ਮੁਨਾਫ਼ੇ ਵਾਲੇ ਰੂਟਾਂ ’ਤੇ ਜ਼ਿਆਦਾ ਧਿਆਨ ਦੇਣ ਲਈ ਕਿਹਾ ਗਿਆ ਹੈ ਕਿਉਂਕਿ ਇਸ ਸਮੇਂ ਵਿਭਾਗ ਦੀ ਵਿੱਤੀ ਸਥਿਤੀ ਬਹੁਤ ਨਾਜ਼ੁਕ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਘਾਟੇ ’ਚੋਂ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸਥਿਤੀ ਇਹ ਹੈ ਕਿ ਵਿਭਾਗ ਦੀ ਵਿੱਤੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਡਿਪੂਆਂ ਦੇ ਜੀ. ਐੱਮਜ਼ ਨੂੰ ਰੁਟੀਨ ’ਚ ਬੱਸਾਂ ਦੇ ਸੰਚਾਲਨ ਅਤੇ ਆਮਦਨ ਨਾਲ ਸਬੰਧਤ ਰਿਪੋਰਟਾਂ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਵਿਭਾਗ ਵੱਲੋਂ ਉਮੀਦ ਅਨੁਸਾਰ ਮੁਨਾਫ਼ਾ ਨਾ ਕਮਾਉਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਖਾਸ ਗੱਲ ਇਹ ਹੈ ਕਿ ਵਿਭਾਗ ਵੱਲੋਂ 842 ਨਵੀਆਂ ਬੱਸਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਸਾਰੇ ਡਿਪੂਆਂ ਨੂੰ ਮੰਗ ਅਨੁਸਾਰ ਨਵੀਆਂ ਬੱਸਾਂ ਮਿਲ ਗਈਆਂ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਜਾਣ ਵਾਲੇ ਪਹਿਲੇ ਆਈ. ਪੀ. ਐੱਸ. ਹਨ ਕੁੰਵਰ ਵਿਜੇ ਪ੍ਰਤਾਪ

PunjabKesari

ਇਸ ਦੇ ਬਾਵਜੂਦ ਵਿਭਾਗ ਨੂੰ ਬਹੁਤਾ ਲਾਭ ਨਹੀਂ ਮਿਲਿਆ, ਜੋ ਵਿਭਾਗੀ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡਿਪੂਆਂ ’ਚ ਖੜ੍ਹੀਆਂ ਏ. ਸੀ. ਬੱਸਾਂ ਦੇ ਸੰਚਾਲਨ ਨੂੰ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ, ਕਈ ਡਿਪੂਆਂ ਨੇ ਏ. ਸੀ. ਬੱਸਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਲਗਜ਼ਰੀ ਸਫ਼ਰ ਕਰਨ ਦੇ ਚਾਹਵਾਨ ਯਾਤਰੀਆਂ ਲਈ ਏ. ਸੀ. ਬੱਸਾਂ ਦੀ ਮੰਗ ਹੈ। ਵੱਡੀ ਗਿਣਤੀ ’ਚ ਸਰਕਾਰੀ ਏ. ਸੀ. ਬੱਸਾਂ ਨਾ ਚੱਲਣ ਕਾਰਨ ਇਹ ਫਾਇਦਾ ਪ੍ਰਾਈਵੇਟ ਟਰਾਂਸਪੋਰਟ ਨੂੰ ਮਿਲ ਰਿਹਾ ਹੈ।

ੲਿਹ ਵੀ ਪੜ੍ਹੋ : ਸਾਬਕਾ ਸੰਸਦ ਮੈਂਬਰਾਂ ’ਚੋਂ ਸਿਰਫ਼ ਰਾਣਾ ਗੁਰਜੀਤ ਹੀ ਜਿੱਤ ਸਕੇ ਵਿਧਾਨ ਸਭਾ ਚੋਣ

ਚੰਡੀਗੜ੍ਹ ਤੇ ਦਿੱਲੀ ਰੂਟ ਏ. ਸੀ. ਬੱਸਾਂ ਲਈ ਲਾਹੇਵੰਦ ਰੂਟ ਹਨ ਪਰ ਇਸ ਦੇ ਬਾਵਜੂਦ ਅਧਿਕਾਰੀ ਏ. ਸੀ. ਬੱਸਾਂ ਚਲਾਉਣ ਨੂੰ ਬਹੁਤੀ ਅਹਿਮੀਅਤ ਨਹੀਂ ਦੇ ਰਹੇ। ਯਾਤਰੀ ਅਕਸਰ ਸ਼ਿਕਾਇਤ ਕਰਦੇ ਹਨ ਕਿ ਪ੍ਰਾਈਵੇਟ ਬੱਸਾਂ ’ਚ ਸਫ਼ਰ ਕਰਨਾ ਮਹਿੰਗਾ ਹੈ ਪਰ ਸਰਕਾਰੀ ਏ. ਸੀ. ਬੱਸਾਂ ਆਸਾਨੀ ਨਾਲ ਨਹੀਂ ਮਿਲਦੀਆਂ। ਇਸ ਲਈ ਕੀ ਕਦਮ ਚੁੱਕੇ ਜਾਣਗੇ, ਇਹ ਤਾਂ ਸਮਾਂ ਹੀ ਦੱਸੇਗਾ ਪਰ ਸੱਤਾ ਤਬਦੀਲੀ ਦਾ ਲਾਭ ਯਾਤਰੀਆਂ ਨੂੰ ਮਿਲਣਾ ਯਕੀਨੀ ਹੈ। ਇਸ ਸਿਲਸਿਲੇ ’ਚ ਵੱਡੀ ਰਾਹਤ ਇਹ ਹੋਵੇਗੀ ਕਿ ਘੱਟ ਯਾਤਰੀ ਹੋਣ ’ਤੇ ਵੀ ਬਿਨਾਂ ਅਗਾਊਂ ਸੂਚਨਾ ਦਿੱਤੇ ਆਵਾਜਾਈ ਨੂੰ ਰੱਦ ਕਰਨਾ ਆਸਾਨ ਨਹੀਂ ਹੋਵੇਗਾ।


Manoj

Content Editor

Related News