ਓ. ਬੀ. ਸੀ. ਵਿਭਾਗ ਦੇ ਸੂਬਾ ਚੇਅਰਮੈਨ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ

Sunday, Jul 16, 2017 - 11:24 AM (IST)

ਸ੍ਰੀ ਕੀਰਤਪੁਰ ਸਾਹਿਬ - ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਮੁਲਾਕਾਤ ਕਰ ਕੇ ਓ. ਬੀ. ਸੀ. ਵਿਭਾਗ ਦੇ ਸੂਬਾ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਬਿੱਲਾ ਨੇ ਓ. ਬੀ. ਸੀ. ਦੀਆਂ ਅਹਿਮ ਮੰਗਾਂ ਰੱਖੀਆਂ ਤੇ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਆਪਣੇ ਸੁਝਾਅ ਦੱਸੇ।
ਸੂਬਾ ਚੇਅਰਮੈਨ ਨੇ ਦੱਸਿਆ ਕਿ ਮੀਟਿੰਗ ਵਿਚ ਓ. ਬੀ. ਸੀ. ਨਾਲ ਸਬੰਧਤ 8 ਰਾਜਾਂ ਤੋਂ 100 ਦੇ ਕਰੀਬ ਚੇਅਰਮੈਨ, ਅਹੁਦੇਦਾਰ, ਮੌਜੂਦਾ ਤੇ ਸਾਬਕਾ ਵਿਧਾਇਕ ਬੁਲਾਏ ਗਏ ਸਨ, ਜਿਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਸੁਝਾਅ ਲਏ ਗਏ। ਵੱਖ-ਵੱਖ ਬੁਲਾਰਿਆਂ ਨੇ ਓ. ਬੀ. ਸੀ. ਵਾਲਿਆਂ ਨੂੰ ਸਰਕਾਰੀ ਅਹੁਦਿਆਂ, ਰਾਜ ਸਭਾ, ਪਾਰਟੀ ਤੇ ਚੇਅਰਮੈਨ ਦੇ ਅਹੁਦੇ ਦੇਣ ਸਮੇਂ ਘੱਟੋ-ਘੱਟ 20 ਫੀਸਦੀ ਪ੍ਰਤੀਨਿਧਤਾ ਦੀ ਮੰਗ ਰੱਖੀ, ਜਿਸ ਦੇ ਲਈ ਚੇਅਰਮੈਨ ਦੀ ਸਿਫਾਰਿਸ਼ ਲਾਜ਼ਮੀ ਕੀਤੀ ਜਾਵੇ। ਓ. ਬੀ. ਸੀ. ਵਾਲਿਆਂ ਨੂੰ ਕਰੀਮੀਲਰ ਸਰਟੀਫਿਕੇਟ ਜਾਰੀ ਕਰਨ ਵਿਚ ਆਉਂਦੀ ਮੁਸ਼ਕਲ ਦੇ ਹੱਲ ਲਈ ਸਾਢੇ ਛੇ ਲੱਖ ਦੀ ਆਮਦਨ ਸੀਮਾ 20 ਲੱਖ ਤੱਕ ਕਰਨ, ਨਹੀ ਤਾਂ ਉਕਤ ਸ਼ਰਤ ਪੱਕੇ ਤੌਰ 'ਤੇ ਹਟਾਉਣ ਦੀ ਮੰਗ ਕੀਤੀ। 
ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਬਾਕੀ ਰਾਜਾਂ ਦੇ ਨਾਲ ਵੀ ਅਜਿਹੀ ਮੀਟਿੰਗ ਕਰਨ ਮਗਰੋਂ ਕੋਈ ਫੈਸਲਾ ਕੀਤਾ ਜਾਵੇਗਾ। ਡਾ. ਗੁਰਿੰਦਰਪਾਲ ਸਿੰਘ ਬਿੱਲਾ ਨੇ ਦੱਸਿਆ ਕਿ ਓ. ਬੀ. ਸੀ. ਵਿਭਾਗ ਦੀਆਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਅਹਿਮ ਮੰਗਾਂ ਦਾ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਿਮਾਚਲ ਦੇ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਓ. ਬੀ. ਸੀ. ਵੱਲੋਂ ਉਠਾਈਆਂ ਗਈਆਂ ਜਾਇਜ਼ ਮੰਗਾਂ ਆਉਣ ਵਾਲੇ ਦਿਨਾਂ ਵਿਚ ਮੰਨ ਲਈਆਂ ਜਾਣਗੀਆਂ। ਮੀਟਿੰਗ ਵਿਚ ਸਚਿਨ ਪਾਈਲਟ ਜਨਰਲ ਸਕੱਤਰ, ਅਸ਼ੋਕ ਗਹਿਲੋਤ ਸਾਬਕਾ ਮੁੱਖ ਮੰਤਰੀ ਰਾਜਸਥਾਨ ਜਨਰਲ ਸਕੱਤਰ ਤੇ ਚੌਧਰੀ ਹਰੀਸ਼ ਸਕੱਤਰ ਹਾਜ਼ਰ ਸਨ।


Related News