ਜਲੰਧਰ ''ਚ ਐੱਨ. ਆਰ. ਆਈ. ਸਭਾ ਲਈ ਵੋਟਿੰਗ ਜਾਰੀ

03/07/2020 2:05:58 PM

ਜਲੰਧਰ (ਸੋਨੂੰ) — ਜਲੰਧਰ 'ਚ ਐੱਨ. ਆਰ. ਆਈ. ਸਭਾ ਲਈ ਵੋਟਿੰਗ ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਫਿਰ ਵੋਟਾਂ ਦੀ ਗਿਣਤੀ ਅਰੰਭ ਹੋ ਜਾਵੇਗੀ। ਚੋਣਾਂ 'ਚ ਤਿੰਨ ਉਮੀਦਵਾਰਾਂ ਨੇ ਆਪਣਾ ਨਾਂ ਦਾਖਲ ਕਰਵਾਇਆ ਸੀ, ਜਿਨ੍ਹਾਂ 'ਚ ਸਾਬਕਾ ਪ੍ਰਧਾਨ ਜਸਬੀਰ ਸਿੰਘ, ਸ਼ੇਰਗਿੱਲ, ਪ੍ਰੀਤਮ ਸਿੰਘ ਨਰੰਗਪੁਰ ਅਤੇ ਕ੍ਰਿਪਾਲ ਸਿੰਘ ਸਹੋਤਾ ਦੇ ਨਾਂ ਸ਼ਾਮਲ ਸਨ।

ਚੋਣਾਂ ਤੋਂ ਇਕ ਦਿਨ ਪਹਿਲਾਂ ਪ੍ਰੀਤਮ ਸਿੰਘ ਨਰੰਗਪੁਰ ਨੇ ਕ੍ਰਿਪਾਲ ਸਿੰਘ ਸਹੋਤਾ ਦੇ ਹੱਕ 'ਚ ਬੈਠਣ ਦਾ ਐਲਾਨ ਕੀਤਾ ਸੀ। ਹੁਣ ਮੁਕਾਬਲਾ ਸਿਰਫ ਦੋ ਉਮੀਦਵਾਰ ਜਸਬੀਰ ਸਿੰਘ ਸ਼ੇਰਗਿੱਲ ਅਤੇ ਕਿਰਪਾਲ ਸਿੰਘ ਸਹੋਤਾ ਵਿਚਾਲੇ ਚੱਲ ਰਿਹਾ ਹੈ। ਦੋਵੇਂ ਹੀ ਉਮੀਦਵਾਰਾਂ ਨੇ ਆਪਣੀ-ਆਪਣੀ ਜਿੱਤ ਦੀ ਗੱਲ ਕੀਤੀ ਹੈ। ਦੱਸ ਦੇਈਏ ਕਿ ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਦੀ ਚੋਣ ਸਵੇਰੇ 9 ਵਜੇ ਤੋਂ ਜਲੰਧਰ 'ਚ ਹੋ ਰਹੀ ਹੈ ਅਤੇ ਕੁਲ ਵੋਟਰ 22923 ਹਨ। ਇਕ ਹਜ਼ਾਰ ਦੇ ਕਰੀਬ ਵੋਟਿੰਗ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਐਡੀਸ਼ਨਲ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਜਸਬੀਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਲੈ ਕੇ ਸਿਵਲ ਅਤੇ ਪੁਲਸ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਦੱਸਣਯੋਗ ਹੈ ਕਿ ਚੁਣੇ ਗਏ ਪ੍ਰਧਾਨ ਦਾ ਕਾਰਜਕਾਲ ਦੋ ਸਾਲ ਤੱਕ ਹੋਵੇਗਾ ਅਤੇ ਸਿਰਫ ਰਜਿਸਟਰਡ ਐੱਨ. ਆਰ. ਆਈ. ਹੀ ਵੋਟ ਕਰ ਸਕਣਗੇ। ਕਿਸੇ ਹੋਰ ਐੱਨ. ਆਰ. ਆਈ. ਦੇ ਨੁਮਾਇੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ। ਰਜਿਸਟਰਡ ਐੱਨ. ਆਰ. ਆਈਜ਼ ਨੂੰ ਆਪਣੇ ਕਾਰਡ ਅਤੇ ਪਾਸਪੋਰਟ ਲੈ ਕੇ ਆਉਣ ਲਈ ਕਿਹਾ ਗਿਆ ਹੈ। ਕੋਈ ਦੂਜਾ ਸ਼ਨਾਖਤੀ ਕਾਰਡ ਸਵੀਕਾਰ ਨਹੀਂ ਕੀਤਾ ਜਾਵੇਗਾ।

ਵੋਟਿੰਗ ਲਈ ਬਣਾਏ ਗਏ 12 ਪੋਲਿੰਗ ਬੂਥ
ਜਸਬੀਰ ਸਿੰਘ ਨੇ ਦੱਸਿਆ ਕਿ 12 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਬੇਸਮੈਂਟ 'ਚ ਵੋਟਿੰਗ ਦੀ ਪ੍ਰਕਿਰਿਆ ਕੀਤਾ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ। ਡੀ. ਸੀ. ਨੇ ਕਿਹਾ ਕਿ ਐੱਨ. ਆਰ. ਆਈ. ਸਭਾ ਦੇ ਦਫਤਰ 'ਚ ਸਥਾਪਤ ਕੀਤੇ ਗਏ 12 ਪੋਲਿੰਗ ਬੂਥਾਂ 'ਤੇ ਸਿਰਫ ਵੋਟਰਾਂ ਨੂੰ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਹੈ। ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਦਾ ਹਲ ਕਰਨ ਦੇ ਲਈ 25 ਸਾਲ ਪਹਿਲਾਂ ਬਣੀ ਐੱਨ. ਆਰ. ਆਈ. ਸਭਾ 'ਚ ਪ੍ਰਧਾਨਗੀ ਦੇ ਅਹੁਦੇ ਲਈ 5 ਸਾਲ ਬਾਅਦ ਚੋਣ ਹੋ ਰਹੀ ਹੈ। ਐੱਨ. ਆਰ. ਆਈ. ਸਭਾ ਦੇ ਹਰ ਦੋ ਸਾਲ ਬਾਅਦ ਚੋਣਾਂ ਹੋਣੀਆਂ ਜ਼ਰੂਰੀ ਹਨ ਪਰ ਪੰਜਾਬ ਸਰਕਾਰ ਨੇ ਪਿਛਲੇ 5 ਸਾਲ ਤੋਂ ਚੋਣਾਂ ਨਹੀਂ ਕਰਵਾਈਆਂ ਸਨ, ਜੋਕਿ ਅੱਜ ਹੋ ਰਹੀਆਂ ਹਨ।

shivani attri

This news is Content Editor shivani attri