ਹੁਣ ਬੋਲ ਤੇ ਸੁਣ ਸਕੇਗੀ 4 ਸਾਲ ਦੀ ਮਾਸੂਮ ਗੂੰਗੀ-ਬੋਲ਼ੀ ਜਸਨੂਰ

04/23/2022 3:31:37 PM

ਹੁਸ਼ਿਆਰਪੁਰ (ਰਾਜੇਸ਼ ਜੈਨ)–ਹੁਸ਼ਿਆਰਪੁਰ ਦੇ ਨੇੜਲੇ ਕਸਬੇ ਹਰਿਆਣਾ ਦੇ ਵਾਸੀ ਰਾਜਵੀਰ ਸਿੰਘ ਅਤੇ ਸ਼ੈਲੀ ਦੀ 4 ਸਾਲ ਦੀ ਗੂੰਗੀ-ਬੋਲ਼ੀ ਧੀ ਜਸਨੂਰ ਹੁਣ ਬੋਲ ਅਤੇ ਸੁਣ ਸਕੇਗੀ। ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਦੀ ਪਹਿਲ ’ਤੇ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਉਸ ਦੀ ਕੋਕਲੀਅਰ ਇੰਪਲਾਂਟ ਸਰਜਰੀ ਕੀਤੀ ਗਈ, ਜਿਸ ਤੋਂ ਬਾਅਦ ਉਹ ਹੌਲੀ-ਹੌਲੀ ਬੋਲਣ ਅਤੇ ਸੁਣਨ ਲੱਗੀ ਹੈ।
ਧਿਆਨ ਰਹੇ ਕਿ ਜਸਨੂਰ ਦੇ ਜਨਮ ਤੋਂ ਕੁਝ ਮਹੀਨੇ ਬਾਅਦ ਹੀ ਉਸ ਦੇ ਮਾਤਾ-ਪਿਤਾ ਨੂੰ ਪਤਾ ਲੱਗ ਗਿਆ ਸੀ ਕਿ ਉਹ ਗੂੰਗੀ-ਬੋਲ਼ੀ ਹੈ।

ਇਸ ’ਤੇ ਬੱਚੀ ਦੀ ਦਾਦੀ ਸਤਿੰਦਰ ਕੌਰ ਦੀਆਂ ਚਿੰਤਾਵਾਂ ਵਧਣ ਲੱਗੀਆਂ ਸਨ ਕਿਉਂਕਿ ਉਹ ਜਸਨੂਰ ਦਾ ਇਲਾਜ ਕਰਵਾਉਣ ’ਚ ਅਸਮਰੱਥ ਸਨ। ਇਸੇ ਦੌਰਾਨ ਦਾਦੀ ਸਤਿੰਦਰ ਕੌਰ ਨੇ ਅਵਿਨਾਸ਼ ਰਾਏ ਖੰਨਾ ਨੂੰ ਮਦਦ ਦੀ ਅਪੀਲ ਕੀਤੀ। ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਸਮਾਜਿਕ ਨਿਆਂ ਮੰਤਰਾਲਾ ਵੱਲੋਂ ਦਿਵਿਆਂਗਾਂ ਨੂੰ ਇਲਾਜ ਲਈ ਦਿੱਤੀ ਜਾਣ ਵਾਲੀ ਸਹਾਇਤਾ (ਏ. ਡੀ. ਆਈ. ਪੀ.) ਬਾਰੇ ਪਤਾ ਕਰਵਾਇਆ। ਇਸ ਦੌਰਾਨ ਪਤਾ ਲੱਗਾ ਕਿ ਗੂੰਗੇ-ਬੋਲ਼ੇ ਬੱਚਿਆਂ ਲਈ ਕੋਕਲੀਅਰ ਇੰਪਲਾਂਟ ਸਰਜਰੀ ਮੁਹੱਈਆ ਹੈ, ਜੋ ਪੰਜਾਬ ’ਚ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਅੰਮ੍ਰਿਤਸਰ ’ਚ ਹੋ ਸਕਦੀ ਹੈ।

PunjabKesari

ਇਹ ਵੀ ਪੜ੍ਹੋ: ਵਪਾਰੀ MSP ਤੋਂ ਵੱਧ ਕੀਮਤ ’ਤੇ ਖੇਤਾਂ ’ਚ ਹੀ ਖ਼ਰੀਦ ਰਹੇ ਹਨ ਕਣਕ, ਰੂਸ-ਯੂਕ੍ਰੇਨ ਜੰਗ ਕਾਰਨ ਵੱਡੀ ਵੈਸ਼ਵਿਕ ਮੰਗ

ਖੰਨਾ ਨੇ ਪਰਿਵਾਰ ਵੱਲੋਂ ਏ. ਡੀ. ਆਈ. ਪੀ. ਫੰਡ ਲਈ ਕੇਂਦਰ ਸਰਕਾਰ ਕੋਲ ਅਪਲਾਈ ਕੀਤਾ ਤਾਂ 6.50 ਲੱਖ ਰੁਪਏ ਮਨਜ਼ੂਰ ਹੋ ਗਏ। ਪਿਛਲੇ ਮਹੀਨੇ ਅੰਮ੍ਰਿਤਸਰ ਵਿਖੇ ਜਸਨੂਰ ਦੇ ਦਿਮਾਗ ਦੀ ਕੋਕਲੀਅਰ ਇੰਪਲਾਂਟ ਸਰਜਰੀ ਕੀਤੀ ਗਈ, ਜਿਸ ’ਤੇ ਕੁਲ 8.50 ਲੱਖ ਰੁਪਏ ਖਰਚ ਹੋਏ। ਬਾਕੀ ਰਕਮ ਵੀ ਸਰਕਾਰ ਨੇ ਭਰੀ। ਬੱਚੀ ਦੇ ਮਾਤਾ-ਪਿਤਾ ਤੇ ਦਾਦੀ ਨੇ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ’ਤੇ ਯੁਵਾ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਡਾ. ਰਮਨ ਘਈ, ਭਾਜਪਾ ਨੇਤਾ ਵਿਜੇ ਅਗਰਵਾਲ, ਉਮੇਸ਼ ਜੈਨ ਤੇ ਐੱਸ. ਪੀ. ਦੀਵਾਨ ਮੌਜੂਦ ਸਨ।

ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੀ ਐਡਵਾਈਜ਼ਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News