''ਆਪ'' ਸਰਕਾਰ ''ਚ ਮਾਈਨਿੰਗ ਮਹਿਕਮਾ ਤੇ ਮਾਈਨਿੰਗ ਮਾਫ਼ੀਆ ਦਾ ਗਠਜੋੜ ਖ਼ਤਰਨਾਕ: ਨਿਮਿਸ਼ਾ ਮਹਿਤਾ

09/01/2023 6:26:58 PM

ਗੜ੍ਹਸ਼ੰਕਰ (ਭਾਰਦਵਾਜ- ਗੜ੍ਹਸ਼ੰਕਰ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਹੁਸ਼ਿਆਰਪੁਰ ਦੇ ਐਕਸੀਅਨ ਅਤੇ ਦਸੂਹਾ ਦੇ ਐੱਸ. ਡੀ. ਓ. ਨੂੰ ਵਿਜੀਲੈਂਸ ਮਹਿਕਮੇ ਵੱਲੋਂ ਰੰਗੇ ਹੱਥੀਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਜਾਣ ਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੇ ਸਾਹਮਣੇ ਆਉਂਣ 'ਤੇ ਸਪਸ਼ਟ ਹੋ ਗਿਆ ਕਿ 'ਆਪ' ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਸਰਕਾਰ ਦੇ ਰਿਸ਼ਵਤ ਖ਼ਤਮ ਹੋਣ ਦੇ ਐਲਾਨ ਫੋਕੇ ਹੀ ਹਨ ਜਦਕਿ ਸ਼ਰੇਆਮ ਰਿਸ਼ਵਤ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। 

ਭਾਜਪਾ ਨੇਤਾ ਨਿਮਿਸ਼ਾ ਮਹਿਤਾ ਨੇ ਮਾਈਨਿੰਗ ਮਹਿਕਮੇ ਦੇ ਮੰਤਰੀ ਮੀਤ ਹੇਅਰ ਨੂੰ ਦੱਸਣਾ ਚਾਹੀਦਾ ਹੈ ਕਿ ਜੋ ਜਾਅਲੀ ਪਰਚੀਆਂ ਗੜ੍ਹਸ਼ੰਕਰ ਦੇ ਇਕ ਮਗਰਮੱਛ ਆਗੂ ਦੇ ਦਫ਼ਤਰ ਵਿੱਚ ਛਪੀਆਂ ਉਨ੍ਹਾਂ ਨੂੰ ਕਿਉਂ ਨਹੀਂ ਕਾਬੂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਰਿਸ਼ਵਤ ਲੈਣ ਵਾਲੇ ਅਫ਼ਸਰਾਂ ਦੇ ਨਾਲ-ਨਾਲ ਉਨ੍ਹਾਂ ਆਗੂਆਂ ਨੂੰ ਵੀ ਕਾਬੂ ਕੀਤਾ ਜਾਵੇ, ਜਿਹੜੇ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ 6 ਮਹੀਨੇ ਤੋਂ ਗੜ੍ਹਸ਼ੰਕਰ ਵਿੱਚ ਸੱਤਾਧਾਰੀ ਆਗੂ ਦੇ ਸਮਰਥਕ ਵੱਡੇ ਪੈਮਾਨੇ 'ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਨੂੰ ਉਜਾਗਰ ਕਰ ਰਹੀ ਹੈ ਅਤੇ ਇਸ ਨਾਜਾਇਜ਼ ਮਾਈਨਿੰਗ ਦੇ ਖ਼ੁਲਾਸੇ ਮੀਡੀਆ ਨੂੰ ਨਾਲ ਲੈ ਕੇ ਕਰਦੀ ਰਹੀ ਹੈ। 

ਇਹ ਵੀ ਪੜ੍ਹੋ- ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨੌਜਵਾਨ ਦੀ ਸੱਪ ਦੇ ਡੱਸਣ ਕਾਰਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਉਨ੍ਹਾਂ ਕਿਹਾ ਕਿ ਮਾਈਨਿੰਗ ਮਹਿਕਮੇ ਗੜ੍ਹਸ਼ੰਕਰ ਦੇ ਅਫ਼ਸਰਾਂ ਨੇ ਕਾਰਵਾਈ ਕਰਨਾ ਤਾਂ ਦੂਰ ਉਨ੍ਹਾਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਵਾਲੀ ਜਗ੍ਹਾ 'ਤੇ 'ਆਪ' ਆਗੂ ਤੋਂ ਡਰਦੇ ਹੋਏ ਜਾਣਾ ਵੀ ਮੁਨਾਸਿਬ ਨਹੀਂ ਸਮਝਿਆ ਜਦਕਿ ਉਕਤ ਜਗ੍ਹਾ 'ਤੇ 15 ਤੋਂ 20 ਫੁੱਟ ਡੂੰਘੀ ਮਾਈਨਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਵਿੱਚ ਮਾਈਨਿੰਗ ਮਾਫ਼ੀਆ ਦੇ ਲੋਕ ਹਲਕਾ ਵਿਧਾਇਕ ਦੇ ਘਰ ਸਰਕਾਰੀ ਪ੍ਰੋਗਰਾਮਾਂ ਵਿੱਚ ਆਮ ਘੁੰਮਦੇ ਵੇਖੇ ਜਾ ਸਕਦੇ ਹਨ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਦੇ ਕਰਿੰਦਿਆਂ ਨੇ ਮਾਈਨਿੰਗ ਦੀਆਂ ਜਾਅਲੀ ਪਰਚੀਆਂ ਛਪਵਾ ਕੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸਟੋਨ ਕਰੇਸ਼ਰਾਂ ਨੂੰ ਵੇਚਿਆ ਗਈਆਂ ਸਨ, ਜਿਨ੍ਹਾਂ ਵਿੱਚੋਂ ਕੁਝ ਪਰਚੀਆਂ ਫੜ੍ਹੇ ਜਾਣ 'ਤੇ ਕਰੈਸ਼ਰ ਚਾਲਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ ਪਰ ਪੁਲਸ ਜਾਅਲੀ ਪਰਚੀਆਂ ਛਪਵਾ ਕੇ ਕਰੈਸ਼ਰ ਵਾਲਿਆਂ ਨੂੰ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਮਾਮਲੇ ਦਾ ਖ਼ੁਲਾਸਾ ਉਨ੍ਹਾਂ ਵੱਲੋਂ ਕੀਤਾ ਗਿਆ ਸੀ ਪਰ ਪੁਲਸ ਪ੍ਰਸ਼ਾਸਨ ਇਸ ਫਰਾਡ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਇਸ ਲਈ ਕਰ ਰਹੇ ਹਨ ਤਾਕਿ 'ਆਪ' ਸਰਕਾਰ ਦੇ ਪ੍ਰਭਾਵਸ਼ਾਲੀ ਆਗੂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਤੱਕ 36 ਕਰੈਸ਼ਰਾਂ 'ਤੇ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਇਸ ਨਾਲ ਸਰਕਾਰੀ ਖਜ਼ਾਨੇ ਨਾਲ ਵੱਡੇ ਪੱਧਰ 'ਤੇ ਧੋਖਾਧੜੀ ਕੀਤੀ ਗਈ ਹੈ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਗੜ੍ਹਸ਼ੰਕਰ ਇਲਾਕੇ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਨੂੰ ਅਪਣੇ ਖੇਤ ਦੀ ਮਿੱਟੀ ਵੇਚਣ ਸਮੇਂ ਧਿਆਨ ਰੱਖਣ ਕਿ ਉਹ ਤੁਹਾਡੇ ਖੇਤ ਵਿੱਚੋ ਮਿੱਟੀ ਪੁੱਟਣ ਵਾਲੀ ਮਨਜ਼ੂਰੀ ਦੀ ਦੁਰਵਰਤੋਂ ਨਾ ਕਰ ਸਕਣ।

ਇਹ ਵੀ ਪੜ੍ਹੋ- ਕਰਮਾਂ ਦੀ ਖੇਡ! ਚਾਹੁੰਦਿਆਂ ਵੀ ਦੁਬਈ ਤੋਂ ਪਰਤ ਨਾ ਸਕਿਆ ਨੌਜਵਾਨ, ਹੁਣ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri