ਜਾਅਲੀ ਮਾਈਨਿੰਗ ਪਰਚੀਆਂ ਘਪਲੇ ਕਰਨ ਵਾਲਿਆਂ ਨੂੰ ਬਚਾ ਰਹੀ ਹੈ ''ਆਪ'': ਨਿਮਿਸ਼ਾ ਮਹਿਤਾ

08/04/2023 1:44:36 PM

ਗੜ੍ਹਸ਼ੰਕਰ (ਵੈੱਬ ਡੈਸਕ)- ਭਾਜਪਾ ਦੀ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਆਪਣੀ ਰਿਹਾਇਸ਼ ਵਿਖੇ ਇਕ ਪੱਤਰਕਾਰ ਸੰਮੇਲਨ ਕਰਕੇ ਜਾਅਲੀ ਮਾਈਨਿੰਗ ਪਰਚੀਆਂ ਬਣਾ ਕੇ ਵੇਚੇ ਜਾਣ ਨਾਲ ਸਰਕਾਰ ਅਤੇ ਸਰਕਾਰੀ ਖ਼ਜਾਨੇ ਨਾਲ ਹੋਈ ਠੱਗੀ ਅਤੇ ਲੁੱਟ ਕਰਨ ਵਾਲੇ ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਬਚਾਏ ਜਾਣ ਦੀ ਗੱਲ ਕੀਤੀ ਹੈ। ਨਿਮਿਸ਼ਾ ਮਹਿਤਾ ਨੇ ਜ਼ਿਲ੍ਹਾ ਰੋਪੜ ਦੇ ਥਾਣਾ ਨੰਗਲ ਵਿਚ 20 ਜੁਲਾਈ 2023 ਨੂੰ ਹੋਈ ਐੱਫ਼. ਆਈ. ਆਰ. ਨੰਬਰ 98 ਬਾਰੇ ਕਿਹਾ ਕਿ ਐੱਫ਼. ਆਈ. ਆਰ. ਸਪਸ਼ਟ ਕਰ ਰਹੀ ਹੈ ਕਿ ਮਾਈਨਿੰਗ ਵਿਭਾਗ ਦੀਆਂ ਜਾਅਲੀ ਪਰਚੀਆਂ ਬਣਾਈਆਂ ਗਈਆਂ ਅਤੇ ਫਿਰ ਸਰਕਾਰੀ ਕੰਡੇ 'ਤੇ ਜਮ੍ਹਾ ਕਰਵਾਈਆਂ ਗਈਆਂ। ਇਨ੍ਹਾਂ ਪਰਚੀਆਂ ਰਾਹੀਂ ਸਰਕਾਰ ਦੇ ਖ਼ਜ਼ਾਨੇ ਵਿਚ ਬੱਜਰੀ ਅਤੇ ਵੱਟੇ ਦੀ ਰਾਇਲਿਟੀ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾ ਹੁੰਦੀ ਹੈ ਅਤੇ ਇਕ ਪਰਚੀ ਨਾਲ 4800 ਤੋਂ 6 ਹਜ਼ਾਰ ਰੁਪਏ ਰਾਇਲਿਟੀ ਸਰਕਾਰੀ ਖ਼ਜਾਨੇ ਵਿਚ ਜਾਂਦੀ ਹੈ। 

ਇਹ ਜਾਅਲੀ ਪਰਚੀਆਂ ਸ਼ਾਹਪੁਰ ਕੰਡੇ 'ਤੇ ਕਰੈਸ਼ਰਾਂ ਦਾ ਮਾਲ ਢੋਹਣ ਵਾਲੇ ਟਿੱਪਰਾਂ ਵੱਲੋਂ ਜਮ੍ਹਾ ਕਰਵਾਈਆਂ ਗਈਆਂ। ਜਿਸ ਦੀ ਮਾਈਨਿੰਗ ਵਿਭਾਗ ਨੂੰ ਸ਼ੱਕ ਪੈਣ 'ਤੇ ਚੈਕਿੰਗ ਹੋਈ ਤਾਂ ਮਾਈਨਿੰਗ ਵਿਭਾਗ ਵੱਲੋਂ ਪਰਚੀਆਂ ਜਾਅਲੀ ਪਾਈਆਂ ਗਈਆਂ। ਵੱਖ-ਵੱਖ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਮੁਤਾਬਕ ਜਾਅਲੀ ਪਰਚੀਆਂ ਦਾ ਧੰਦਾ ਕਰੀਬ 6 ਮਹੀਨੇ ਤੋਂ ਚੱਲ ਰਿਹਾ ਸੀ, ਜਿਸ ਦਾ ਅਰਥ ਹੈ ਕਿ 6 ਮਹੀਨਿਆਂ ਤੋਂ ਸਰਕਾਰੀ ਖ਼ਜ਼ਾਨੇ ਨਾਲ ਧੋਖਾਧੜੀ ਅਤੇ ਠੱਗੀ ਚੱਲ ਰਹੀ ਸੀ। ਬੇਸ਼ੱਕ ਕਿ ਮਾਈਨਿੰਗ ਵਿਭਾਗ ਵੱਲੋਂ ਕਮਜ਼ੋਰ ਜਿਹੀ ਐੱਫ਼. ਆਈ. ਆਰ. ਰਾਣਾ ਸਟੋਨ ਕਰੈਸ਼ਰ ਖ਼ਿਲਾਫ਼ ਕੀਤੀ ਗਈ ਹੈ ਪਰ ਸਵਾਲ ਇਹ ਹੈ ਕਿ ਇਸ ਮਾਮਲੇ ਦੀ ਜਾਂਚ ਨੂੰ ਢਿੱਲੀ ਕਿਉਂ ਛੱਡਿਆ ਜਾ ਰਿਹਾ ਹੈ। ਅਖ਼ਬਾਰਾਂ ਮੁਤਾਬਕ ਕਰੀਬ 12 ਕਰੈਸ਼ਰਾਂ ਨੂੰ ਜਾਅਲੀ ਪਰਚੀਆਂ ਵੇਚੀਆਂ ਗਈਆਂ ਅਤੇ ਸਰਕਾਰ ਵੱਲੋਂ ਪਰਚੀਆਂ ਵੇਚਣ ਵਾਲਿਆਂ ਦਾ ਐੱਫ਼. ਆਈ. ਆਰ. ਦੇ ਵਿਚ ਨਾਮ ਵੀ ਦਰਜ ਨਹੀਂ ਕੀਤਾ ਗਿਆ ਅਤੇ ਸਰਕਾਰ ਵੱਲੋਂ ਸਿਰਫ਼ ਇਕ ਕਰੈਸ਼ਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਉਨ੍ਹਾਂ ਕਿਹਾ ਕਿ ਅੱਜ ਪਰਚਾ ਦਰਜ ਹੋਏ ਨੂੰ 15 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਨੰਗਲ ਪੁਲਸ ਅਤੇ ਮਾਈਨਿੰਗ ਵਿਭਾਗ ਸਪਸ਼ਟ ਨਹੀਂ ਕਰ ਸਕਿਆ ਕਿ ਆਖ਼ਿਰ ਪਰਚੀਆਂ ਕਰੈਸ਼ਰ ਮਾਲਕਾਂ ਨੇ ਆਪ ਬਣਾਈਆਂ ਜਾਂ ਕਰੈਸ਼ਰ ਮਾਲਕਾਂ ਨੂੰ ਕਿਸੇ ਹੋਰ ਵੱਲੋਂ ਵੇਚੀਆਂ ਗਈਆਂ। ਜੇਕਰ ਮਾਲਕਾਂ ਨੇ ਪਰਚੀਆਂ ਬਣਾਈਆਂ ਤਾਂ ਕਰੈਸ਼ਰ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜੇਕਰ ਇਹ ਜਾਅਲੀ ਪਰਚੀਆਂ ਹੋਰ ਵਿਅਕਤੀਆਂ ਨੇ ਬਣਾਈਆਂ ਹਨ ਤਾਂ ਉਨ੍ਹਾਂ ਬੰਦਿਆਂ ਨੂੰ ਫੜ ਕੇ ਉਨ੍ਹਾਂ 'ਤੇ ਵੀ ਸਰਕਾਰ ਨਾਲ ਠੱਗੀ, ਧੋਖਾਧੜੀ ਅਤੇ ਸਰਕਾਰੀ ਖ਼ਜ਼ਾਨੇ ਨਾਲ ਫਰਾਡ ਕਰਨ ਦਾ ਪਰਚਾ ਦਿੱਤਾ ਜਾਵੇ। ਇਸ ਦੇ ਨਾਲ ਹੀ ਅੱਜ ਤੱਕ ਪੁਲਸ ਇਹ ਸਪਸ਼ਟ ਕਰਨ ਵਿਚ ਵੀ ਫੇਲ੍ਹ ਹੋਈ ਹੈ ਕਿ ਕਿੰਨੇ ਦੀ ਠੱਗੀ ਸਰਕਾਰੀ ਖ਼ਜ਼ਾਨੇ ਨਾਲ ਮਾਰੀ ਗਈ ਹੈ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਂਝ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਮੁਲਾਜ਼ਮ 500 ਰੁਪਏ ਦੀ ਠੱਗੀ ਵੀ ਕਰ ਰਿਹਾ ਹੋਵੇ ਤਾਂ ਉਸ ਦੇ ਬਾਰੇ ਆਪ ਖ਼ਬਰਾਂ ਭੇਜ-ਭੇਜ ਲਗਵਾਉਂਦੀ ਹੈ ਅਤੇ ਸਰਕਾਰ ਦੇ ਨੁਮਾਇੰਦੇ ਵੀ ਸਟੇਜ਼ਾਂ 'ਤੇ ਗਜ-ਗਜ ਕੇ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਪਰ ਸਰਕਾਰੀ ਖਜ਼ਾਨੇ ਨਾਲ ਕਰੋੜਾਂ ਰੁਪਏ ਦੇ ਹੋਏ ਇਸ ਘਪਲੇ ਬਾਰੇ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਬੋਲਿਆ ਹੈ ਅਤੇ ਨਾ ਹੀ ਕੋਈ ਅਫ਼ਸਰ ਹੀ ਮੂੰਹ ਖੋਲ੍ਹਣ ਨੂੰ ਤਿਆਰ ਹੈ, ਜਿਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਹੇਤਿਆਂ ਵੱਲੋਂ ਹੀ ਸਰਕਾਰੀ ਖ਼ਜ਼ਾਨੇ ਨਾਲ ਠੱਗੀ ਕੀਤੀ ਗਈ ਹੈ ਅਤੇ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਇਸ ਵਿਚ ਕਿਸੇ ਵੱਡੇ ਨਾਮਾਵਰ ਨੇਤਾ ਦੀ ਵੀ ਸ਼ਮੂਲੀਅਤ ਹੋਵੇ ਕਿਉਂਕਿ ਇਸ ਮਾਮਲੇ ਦੀਆਂ ਜੜ੍ਹਾਂ ਗੜ੍ਹਸ਼ੰਕਰ ਦੇ ਵਿਚ ਲੱਗੀਆਂ ਹੋਈਆਂ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਚੁੱਪ ਨਹੀਂ ਰਹਿਣਗੇ ਅਤੇ ਅਸਲ ਦੋਸ਼ੀਆਂ ਨੂੰ ਜਨਤਾ ਦੇ ਸਾਹਮਣੇ ਲਿਆਉਣ ਲਈ ਸਰਕਾਰ ਨੂੰ ਮਜਬੂਰ ਕਰਨ ਨੂੰ ਜੋ ਵੀ ਹੱਥ ਕੰਡੇ ਅਪਣਾਉੇਣੇ ਪਏ ਅਪਣਾਉਣਗੇ। 

ਇਹ ਵੀ ਪੜ੍ਹੋ- ਸੰਦੀਪ ਨੰਗਲ ਅੰਬੀਆ ਦੇ ਕਤਲ ਦੇ ਦੋਸ਼ੀ ਦੀ ਕਪੂਰਥਲਾ ਜੇਲ੍ਹ 'ਚ ਕੁੱਟਮਾਰ, ਪੁਲਸ ਵਰਦੀ 'ਚ ਆਏ ਸਨ ਹਮਲਾਵਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri