30 ਪੈਟਰੋਲਿੰਗ ਤੇ ਨਾਕਾ ਪਾਰਟੀਆਂ ਦੇ 150 ਮੁਲਾਜ਼ਮ ਕਰਨਗੇ ਮਾਡਲ ਟਾਊਨ ਦੀ ਸੁਰੱਖਿਆ

12/31/2019 4:20:57 PM

ਜਲੰਧਰ (ਮ੍ਰਿਦੁਲ)— 31 ਦਸੰਬਰ ਦੇ ਮੱਦੇਨਜ਼ਰ ਜਿੱਥੇ ਇਕ ਪਾਸੇ ਸ਼ਹਿਰ ਨਵੇਂ ਸਾਲ ਦੇ ਆਗਾਜ਼ ਦਾ ਜਸ਼ਨ ਮਨਾ ਰਿਹਾ ਹੋਵੇਗਾ, ਉਥੇ ਦੂਜੇ ਪਾਸੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨਵੀਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਹਨ। ਖਾਸ ਕਰਕੇ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਲਈ। ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਬੀਤੇ ਦਿਨ ਮਾਡਲ ਟਾਊਨ ਇਲਾਕੇ 'ਚ ਸਪੈਸ਼ਲ ਨਾਕਾਬੰਦੀ ਦੌਰਾਨ ਆਦੇਸ਼ ਦਿੱਤੇ ਹਨ ਕਿ ਮਾਡਲ ਟਾਊਨ 'ਚ 31 ਦਸੰਬਰ ਦੀ ਰਾਤ ਨੂੰ 15 ਪੈਟਰੋਲਿੰਗ ਪਾਰਟੀਆਂ, 15 ਸਪੈਸ਼ਲ ਨਾਕੇ ਲਾਏ ਜਾਣਗੇ, ਜਿਸ ਦੇ ਨਾਲ-ਨਾਲ ਜ਼ੋਨ-2 ਦੇ ਅਧੀਨ ਆਉਂਦੇ ਥਾਣਾ ਕੈਂਟ, ਥਾਣਾ ਸਦਰ 'ਚ 3 ਪੈਟਰੋਲਿੰਗ ਪਾਰਟੀਆਂ ਅਤੇ 3 ਗਸ਼ਤ ਕਰਨ ਵਾਲੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਅੱਜ ਪੁਲਸ ਨੇ ਮਾਡਲ ਟਾਊਨ ਵਿਚ ਚੈਕਿੰਗ ਦੌਰਾਨ ਕਈ ਨੌਜਵਾਨਾਂ ਦੀਆਂ ਕਾਰਾਂ 'ਚੋਂ ਹਾਕੀਆਂ ਬਰਾਮਦ ਕੀਤੀਆਂ, ਜਿਸ ਨੂੰ ਲੈ ਕੇ ਨੌਜਵਾਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਕੁਲ 150 ਮੁਲਾਜ਼ਮਾਂ ਦੇ ਹੱਥ ਮਾਡਲ ਟਾਊਨ ਇਲਾਕੇ ਦੀ ਕਮਾਨ ਸੌਂਪੀ ਗਈ ਹੈ। ਹਰ 40 ਕਦਮ ਦੀ ਦੂਰੀ ਤੋਂ ਬਾਅਦ ਫੁੱਟ ਪੈਟਰੋਲਿੰਗ ਸਟਾਫ ਨੂੰ ਲਾਇਆ ਗਿਆ ਹੈ, ਜੋ ਕਿ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਰੋਕਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਡਲ ਟਾਊਨ ਇਲਾਕੇ 'ਚ ਲੋਕਾਂ ਨੂੰ ਘੁੰਮਣ ਤੋਂ ਕੋਈ ਵੀ ਮਨਾਹੀ ਨਹੀਂ ਹੈ ਪਰ ਲੋਕ ਹੁਲੜਬਾਜ਼ੀ ਜਾਂ ਲਾਅ ਐਂਡ ਆਰਡਰ ਨੂੰ ਨਾ ਵਿਗੜਨ ਦੇਣ। ਉਸ ਦੇ ਨਾਲ-ਨਾਲ ਲਾਇਸੈਂਸੀ ਰਿਵਾਲਵਰ ਲੈ ਕੇ ਮਾਡਲ ਟਾਊਨ ਇਲਾਕੇ 'ਚ ਆਉਣ 'ਤੇ ਪਾਬੰਦੀ ਹੈ। ਜੇਕਰ ਕੋਈ ਵੀ ਵਿਅਕਤੀ ਹਵਾਈ ਫਾਇਰ ਵੀ ਕਰਦਾ ਹੈ ਤਾਂ ਉਸ 'ਤੇ ਪਰਚਾ ਦਰਜ ਕਰਨ ਦੇ ਨਾਲ-ਨਾਲ ਲਾਇਸੈਂਸ ਵੀ ਕੈਂਸਲ ਕੀਤਾ ਜਾਵੇਗਾ।

ਕੇ. ਐੱਫ. ਸੀ. ਰੋਡ, ਜੌਲੀ ਮੈਡੀਕਲ ਹਾਊਸ ਅਤੇ ਐਬਨੀ ਰੋਡ ਨੂੰ ਕੀਤਾ ਵਨ-ਵੇਅ
ਉਥੇ ਹੀ ਪੁਲਸ ਨੇ ਕੇ. ਐੱਫ. ਸੀ. ਰੋਡ, ਜੌਲੀ ਮੈਡੀਕਲ ਹਾਊਸ ਦੇ ਨੇੜੇ ਟਰੈਫਿਕ ਲਾਈਟਸ ਚੌਕ ਅਤੇ ਐਬਨੀ ਰੋਡ ਨੂੰ ਵਨ-ਵੇਅ ਕਰ ਦਿੱਤਾ ਹੈ, ਜਿਸ ਨੂੰ ਦੇਖਦੇ ਹੋਏ ਟਰੈਫਿਕ ਲਾਈਟ ਚੌਕ ਤੋਂ ਕੋਈ ਵੀ ਵਾਹਨ ਘੁੰਮ ਕੇ ਗੀਤਾ ਮੰਦਰ ਵੱਲ ਨਹੀਂ ਜਾਵੇਗਾ। ਵਾਹਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਨਿਕਲਣਾ ਹੋਵੇਗਾ।


shivani attri

Content Editor

Related News