ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਦੀ ਪ੍ਰਵਾਨਗੀ ਲਈ ਹੁਣ ਬਣਨਗੇ ਨਵੇਂ ਨਿਯਮ

10/20/2018 11:04:02 PM

ਜਲੰਧਰ (ਧਵਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗ੍ਰਹਿ ਸਕੱਤਰ ਐੈੱਨ. ਐੱਸ. ਕਲਸੀ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸੂਬੇ ’ਚ ਸਮਾਜਿਕ ਪ੍ਰੋਗਰਾਮ ਆਯੋਜਿਤ ਕਰਨ ਦੀ ਪ੍ਰਵਾਨਗੀ ਲੈਣ ’ਚ ਦਿਸ਼ਾ-ਨਿਰਦੇਸ਼ ਕਰਨ ਤਾਂ ਜੋ ਭਵਿੱਖ ’ਚ ਅੰਮ੍ਰਿਤਸਰ ਵਰਗੀ ਕੋਈ ਵੱਡੀ ਘਟਨਾ ਨਾ ਵਾਪਰ ਸਕੇ। ਮੁੱਖ ਮੰਤਰੀ ਵਲੋਂ ਦਿੱਤੇ ਗਏ ਨਿਰਦੇਸ਼ਾਂ ਪਿਛੋਂ ਹੁਣ ਗ੍ਰਹਿ ਸਕੱਤਰ ਵਿਵਸਥਾ ਨਾਲ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ। ਇਸ ’ਚ ਦੱਸਿਆ ਜਾਏਗਾ ਕਿ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਕਰਨ ਲਈ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਕਿਸੇ ਵੀ ਮੌਕੇ ’ਤੇ ਧਾਰਮਿਕ ਤੇ ਸਮਾਜਿਕ ਹਾਜ਼ਰੀ ਨੂੰ ਵੇਖਦਿਆਂ ਨਵੇਂ ਨਿਯਮ ਤੇ ਨਿਰਦੇਸ਼ ਬਣਾਏ ਜਾਣਗੇ। ਇਸ ਨਾਲ ਭਵਿੱਖ ’ਚ ਅੰਮ੍ਰਿਤਸਰ ਵਰਗੀਆਂ ਦੁਖਦਾਈ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ।
ਕੈਪਟਨ ਨੇ ਗ੍ਰਹਿ ਸਕੱਤਰ ਨੂੰ ਇਹ ਵੀ ਕਿਹਾ ਕਿ ਦੀਵਾਲੀ ਦੇ ਤਿਓਹਾਰ ਨੂੰ ਦੇਖਦਿਆਂ ਪਟਾਕਿਆਂ ਦੀ ਵਿਕਰੀ ਤੇ ਉਨ੍ਹਾਂ ਨੂੰ ਸਟੋਰ ਕਰਨ ਬਾਰੇ ਤੁਰੰਤ ਦਿਸ਼ਾ-ਨਿਰਦੇਸ਼ ਜਾਰੀ ਹੋਣ। ਸੁਰੱਖਿਆ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏ। ਤਿਉਹਾਰਾਂ ਦੇ ਮੌਸਮ ’ਚ ‘ਅਗਨੀ ਕਾਂਡ’ ਜਾਂ ਜਾਨੀ ਨੁਕਸਾਨ ਨੂੰ ਰੋਕਣ ਲਈ ਗ੍ਰਹਿ ਸਕੱਤਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਹੈ।
ਮੁੱਖ ਮੰਤਰੀ ਨੇ ਅੰਮ੍ਰਿਤਸਰ ’ਚ ਟ੍ਰੇਨ ਹੇਠ ਆ ਕੇ ਹੋਏ ਜਾਨੀ ਨੁਕਸਾਨ ਦਾ ਗੰਭੀਰ ਨੋਟਿਸ ਲੈਂਦੇ ਹੋਏ ਕਿਹਾ ਕਿ ਹੁਣ ਜੇ ਧਾਰਮਿਕ ਤੇ ਸਮਾਜਿਕ ਉਤਸਵਾਂ ਦੌਰਾਨ ਇਕੱਠੀ ਹੋਣ ਵਾਲੀ ਭੀੜ ਨੂੰ ਧਿਆਨ ’ਚ ਰੱਖਦਿਆਂ ਨਵੇਂ ਨਿਯਮ ਬਣਾਏ ਜਾਣਗੇ। ਇਸ ਸਬੰਧੀ ਸਰਕਾਰ ਵਲੋਂ ਕੋਈ ਢਿੱਲ ਨਹੀਂ ਦਿੱਤੀ ਜਾਏਗੀ।