ਗੁਆਂਢੀ ਦੇਸ਼ ਨੂੰ ਭਾਰੀ ਪਵੇਗਾ ਭਾਰਤ ਨਾਲ ਵਪਾਰਕ ਰਿਸ਼ਤੇ ਤੋੜਨਾ

08/07/2019 10:52:08 PM

ਜਲੰਧਰ (ਨਰੇਸ਼ ਕੁਮਾਰ)—  ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਪੁਨਰਗਠਨ ਐਕਟ ਪਾਸ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਤੋੜਨ ਦਾ ਖਾਮਿਆਜਾ ਪਾਕਿਸਤਾਨ ਨੂੰ ਹੀ ਵਧਦੀ ਮਹਿੰਗਾਈ ਦੇ ਰੂਪ 'ਚ ਭੁਗਤਨਾ ਪੈ ਸਕਦਾ ਹੈ। ਪਾਕਿਸਤਾਨ ਜ਼ਰੂਰਤ ਦੀ ਜ਼ਿਆਦਾਤਰ ਖਾਦ ਸਮੱਗਰੀ ਭਾਰਤ ਤੋਂ ਹੀ ਖਰੀਦ ਕਰਦਾ ਹੈ ਤੇ ਭਾਰਤ ਨਾਲ ਵਪਾਰ ਬੰਦ ਹੋਣ ਦੇ ਚੱਲਦਿਆਂ ਉਸ ਨੂੰ ਹੁਣ ਬਾਕੀ ਦੇਸ਼ਾਂ ਤੋਂ ਇਮਪੋਰਟ 'ਤੇ ਕੰਮ ਕਰਨਾ ਹੋਵੇਗਾ ਤੇ ਪਾਕਿਸਤਾਨ ਨੂੰ ਬਾਕੀ ਦੇਸ਼ਾਂ ਤੋਂ ਇਮਪੋਰਟ ਭਾਰਤ ਦੇ ਮੁਕਾਬਲੇ ਜ਼ਿਆਦਾ ਮਹਿੰਗਾ ਪਵੇਗਾ। ਕਿਉਂਕਿ ਭਾਰਤ ਤੋਂ ਵਾਹਗਾ ਬਾਰਡਰ ਦੇ ਜ਼ਰੀਏ ਪਾਕਿਸਤਾਨ ਨੂੰ ਭੇਜੇ ਜਾਣ ਵਾਲੇ ਸਾਮਾਨ 'ਤੇ ਟਰਾਂਸਪੋਰਟ ਦਾ ਖਰਚ ਇਕ ਰੁਪਏ ਪ੍ਰਤੀ ਕਿਲੋ ਤੋਂ ਵੀ ਘੱਟ ਆਉਂਦਾ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਤੋਂ ਮੋਸਟ ਫੇਵਰੇਟ ਨੇਸ਼ਨ ਦਾ ਦਰਜਾ ਵਾਪਸ ਲਏ ਜਾਣ ਤੇ ਪਾਕਿਸਤਾਨੀ ਚੀਜ਼ਾਂ ਦੇ ਇਮਪੋਰਟ 'ਤੇ 200 ਫੀਸਦੀ ਡਿਊਟੀ ਲਗਾਏ ਜਾਣ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਨੂੰ ਹੋਣ ਵਾਲਾ ਇਮਪੋਰਟ ਲਗਭਗ ਖਤਮ ਹੋ ਗਿਆ ਸੀ ਪਰ ਭਾਰਤ ਤੋਂ ਪਾਕਿਸਤਾਨ ਨੂੰ ਐਕਸਪੋਰਟ ਜਾਰੀ ਸੀ ਤੇ ਖਾਦ ਸਮੱਗਰੀ ਨੂੰ ਲੈ ਕੇ ਪਾਕਿਸਤਾਨ ਭਾਰਤ 'ਤੇ ਹੀ ਨਿਰਭਰ ਸੀ ਪਰ ਹੁਣ ਭਾਰਤ ਤੋਂ ਸਪਲਾਈ ਹੋਣ ਤੋਂ ਬਾਅਦ ਪਾਕਿਸਤਾਨ 'ਤੇ ਮਹਿੰਗਾਈ ਦੀ ਤਲਵਾਰ ਲਟਕ ਜਾਵੇਗੀ

ਵਪਾਰੀਆਂ ਨੂੰ ਪੇਮੈਂਟ ਫਸਣ ਦੀ ਚਿੰਤਾ
ਪਾਕਿਸਤਾਨ ਵੱਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਤੋੜਨ ਤੋਂ ਬਾਅਦ ਗੁਆਂਢੀ ਦੇਸ਼ ਨਾਲ ਵਪਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਹੁਣ ਪਾਕਿਸਤਾਨ ਦੇ ਵਪਾਰੀਆਂ ਕੋਲ ਆਪਣੀ ਪੇਮੈਂਟ ਫਸਣ ਦੀ ਚਿੰਤਾ ਸਤਾਉਣ ਲੱਗੀ ਹੈ। ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਭਾਰਤ ਵੱਲੋਂ ਭੇਜੇ ਗਏ ਸਮਾਨ ਦੀ ਕੰਸਾਇਨਮੈਂਟ ਵਾਹਗਾ ਬਾਰਡਰ 'ਤੇ ਪਾਕਿਸਤਾਨ ਵੱਲ ਪਹੁੰਚ ਗਈ ਹੈ ਅਤੇ ਕਈ ਕੰਸਾਇਨਮੈਂਟ ਰਾਸਤੇ 'ਚ ਹਨ ਤੇ ਕੱਲ ਤਕ ਜ਼ਰੂਰੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪਾਕਿਸਾਤਨੀ ਵਪਾਰੀਆਂ ਨੂੰ ਪਹੁੰਚਾਏਗੀ। ਵਪਾਰੀਆਂ ਦਾ ਕੰਮ ਕ੍ਰੈਡਿਟ 'ਤੇ ਹੁੰਦਾ ਹੈ ਜੇਕਰ ਸਾਮਾਨ ਗਾਹਕ ਨੂੰ ਮਿਲਦੇ ਰਹੇ ਤਾਂ ਪੇਮੈਂਟ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ ਪਰ ਸਾਮਾਨ ਦੀ ਸਪਲਾਈ ਬੰਦ ਹੋਣ 'ਤੇ ਕਾਰੋਬਾਰੀਆਂ ਦੀ ਪੇਮੈਂਟ ਫਸਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇਸ ਦੌਰਾਨ ਦੁਬਈ 'ਚ ਕਾਰੋਬਾਰ ਕਰਨ ਵਾਲੇ ਕੁਝ ਵਪਾਰੀ ਹੁਣ ਦੁਬਈ ਮਾਰਗ ਤੋਂ ਵੀ ਪਾਕਿਸਤਾਨ ਨੂੰ ਸਾਮਾਨ ਭੇਜਣ ਦੀਆਂ ਸੰਭਾਵਨਾਵਾਂ ਲੱਭਣਗੇ।

ਸਾਡੀ ਸਰਕਾਰ ਨੇ ਜੋ ਫੈਸਲਾ ਲਿਆ ਹੈ ਅਸੀਂ ਉਸ ਦੇ ਨਾਲ : ਰਾਜੇਸ਼ ਸੇਤੀਆ
ਜਨਰਲ ਸਕੱਰਤ ਅੰਮ੍ਰਿਤਸਰ ਐਕਸਪੋਰਟਰਸ ਚੈਂਬਰ ਆਫ ਕਾਮਰਸ ਰਾਜੇਸ਼ ਸੇਤੀਆ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਸ਼ਮੀਰ ਦੇ ਮੁੱਦੇ 'ਤੇ ਜੋ ਸਟੈਂਡ ਲਿਆ ਹੈ ਅਸੀਂ ਉਸ ਦੇ ਨਾਲ ਹਾਂ ਤੇ ਰਹਾਂਗੇ ਬਹੁਤ ਵਪਾਰਕ ਘਾਟੇ ਦੀ ਇਸ ਮਾਮਲੇ 'ਚ ਸਾਨੂੰ ਚਿੰਤਾ ਨਹੀਂ ਹੈ। ਇਸ ਨਾਲ ਮੋਟੇ ਤੌਰ 'ਤੇ ਪਾਕਿਸਤਾਨ ਨੂੰ ਹੀ ਨੁਕਸਾਨ ਹੋਵੇਗਾ ਕਿਉਂਕਿ ਹੁਣ ਪਾਕਿਸਤਾਨ ਜਿਸ ਵੀ ਦੇਸ਼ ਤੋਂ ਸਾਮਾਨ ਖਰੀਦੇਗਾ ਉਸ ਨੂੰ ਭਾਰਤ ਦੇ ਮੁਕਾਬਲੇ ਮਹਿੰਗਾ ਹੀ ਮਿਲੇਗਾ। ਭਾਵੇ ਉਹ ਸ਼੍ਰੀਲੰਕਾ ਤੋਂ ਖਰੀਦੇ, ਚੀਨ ਤੋਂ ਜਾਂ ਫਿਰ ਦੁਬਈ ਤੋਂ, ਭਾਰਤ ਦੇ ਮੁਕਾਬਲੇ ਖਾਣ ਵਾਲਾ ਸਾਮਾਨ ਸਸਤਾ ਤੇ ਵਧੀਆ ਪਾਕਿਸਤਾਨ ਨੂੰ ਕੀਤੇ ਨਹੀਂ ਮਿਲ ਸਕਦਾ। ਹਾਲਾਂਕਿ ਥੋੜ੍ਹਾ ਬਹੁਤ ਨੁਕਸਾਨ ਵਪਾਰਕ ਤੌਰ 'ਤੇ ਹੋਵੇਗਾ ਪਰ ਅਸੀਂ ਬਿਹਤਰ ਬਦਲ ਲੱਭ ਸਕਦੇ ਹਾਂ।

ਪਾਕਿਸਤਾਨ ਨੂੰ ਹੋਵੇਗਾ ਜ਼ਿਆਦਾ ਨੁਕਸਾਨ : ਰਾਜਦੀਪ ਉੱਪਲ
ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਰਾਜਦੀਪ ਉੱਪਲ ਨੇ ਇਸ ਵਿਸ਼ੇ 'ਤੇ ਗੱਲ ਕਰਦੇ ਹੋਏ ਕਿਹਾ ਕਿ ਫਿਲਹਾਲ ਸਾਨੂੰ ਪਾਕਿਸਤਾਨ ਦੀ ਪੂਰੀ ਨਿਤੀ ਨੂੰ ਦੇਖਣਾ ਹੋਵੇਗਾ ਕਿਉਂਕਿ ਵਾਹਗਾ ਬਾਰਡਰ ਦੇ ਜ਼ਰੀਏ ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਦਾ ਟ੍ਰੇਡ ਵੀ ਹੁੰਦਾ ਹੈ। ਅਜਿਹੇ 'ਚ ਇਹ ਦੇਖਣਾ ਹੋਵੇਗਾ ਕਿ ਕੀ ਪਾਕਿਸਤਾਨ ਹੁਣ ਅਫਗਾਨਿਸਤਾਨ ਤੋਂ ਆਉਣ ਵਾਲੇ ਸਾਮਾਨ ਲਈ ਆਪਣੇ ਸੰਪਰਕ ਮਾਰਗ ਦੀ ਇਸਤੇਮਾਲ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ। ਫਿਲਹਾਲ ਪਾਕਿਸਤਾਨ ਨਾਲ ਇਮਪੋਰਟ ਠੱਪ ਹੀ ਸੀ ਪਰ ਅਸੀਂ ਲੋਕ ਪਾਕਿਸਤਾਨ ਨੂੰ ਐਕਸਪੋਰਟ ਕਰ ਰਹੇ ਸੀ ਇਸ ਨਾਲ ਪਾਕਿਸਤਾਨ ਨੂੰ ਵੀ ਨੁਕਸਾਨ ਹੋਵੇਗਾ। ਹਾਲਾਂਕਿ ਪਾਕਿਸਤਾਨ ਦਾ ਇਹ ਫੈਸਲਾ ਮੰਦਭਾਗਾ ਹੈ। ਕਿਉਂਕਿ ਕਸ਼ਮੀਰ 'ਤੇ ਫੈਸਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਮਾਮਲੇ 'ਚ ਪਾਕਿਸਤਾਨ ਨੂੰ ਇਸ ਤਰੀਕੇ ਨਾਲ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ ਸੀ।

ਭਾਰਤ ਤੋਂ ਪਾਕਿਸਤਾਨ ਨੂੰ ਐਕਸਪੋਰਟ
2014-15-1857 ਮਿਲੀਅਨ ਡਾਲਰ
2015-16-20171 ਮਿਲੀਅਨ ਡਾਲਰ
2016-17-1821 ਮਿਲੀਅਨ ਡਾਲਰ
2017-18-1924 ਮਿਲੀਅਨ ਡਾਲਰ
2018-19-2066 ਮਿਲੀਅਨ ਡਾਲਰ
ਇਸ ਸਾਲ ਅਪ੍ਰੈਲ-ਜੂਨ-452 ਮਿਲੀਅਨ ਡਾਲਰ

ਪਾਕਿਸਤਾਨ ਤੋਂ ਇਮਪੋਰਟ
2014-15-497.31 ਮਿਲੀਅਨ ਡਾਲਰ
2015-16-441.03 ਮਿਲੀਅਨ ਡਾਲਰ
2016-17-454.49 ਮਿਲੀਅਨ ਡਾਲਰ
2017-18-488.56 ਮਿਲੀਅਨ ਡਾਲਰ
2018-19-494.87 ਮਿਲੀਅਨ ਡਾਲਰ
ਅਪ੍ਰੈਲ-ਜੂਨ-7.13 ਮਿਲੀਅਨ ਡਾਲਰ

Inder Prajapati

This news is Content Editor Inder Prajapati