ਨਵਾਂਸ਼ਹਿਰ ਦੀ ਖੰਡ ਮਿੱਲ ਨੇ ਪੀਡ਼ਿਆ 4.5 ਲੱਖ ਕੁਇੰਟਲ ਗੰਨਾ

12/10/2018 12:38:11 AM

 ਨਵਾਂਸ਼ਹਿਰ, (ਤ੍ਰਿਪਾਠੀ)– ਪੰਜਾਬ ਦੀਅਾਂ ਸਮੂਹ ਸਰਕਾਰੀ ਖੰਡ ਮਿੱਲਾਂ ਵਿਚ ਸਭ ਤੋਂ ਪੁਰਾਣੀ ਅਤੇ ਵੱਧ ਸਮਰੱਥਾ ਅਤੇ ਅੱਵਲ ਸਥਾਨ ਰੱਖਣ ਵਾਲੀ ਦਿ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਸਿਰਫ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਹੀਂ ਸਗੋਂ ਨਜ਼ਦੀਕੀ ਜ਼ਿਲਿਅਾਂ ਦੇ ਗੰਨਾ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਕਰੀਬ 1 ਮਹੀਨੇ ਤੋਂ  ਵੀ ਘੱਟ ਸਮੇਂ ਵਿਚ ਮਿੱਲ  4.5 ਲੱਖ ਗੰਨਾ ਪੀਡ਼ ਚੁੱਕੀ ਹੈ ਜਦੋਂਕਿ ਪੰਜਾਬ ਦੀ ਹੋਰ ਕੋਈ ਨਿੱਜੀ ਅਤੇ ਸਹਿਕਾਰੀ ਮਿੱਲਾਂ ਵਿਚ ਹਾਲੇ ਤੱਕ ਪੀਡ਼ਾਈ ਵੀ ਸ਼ੁਰੂ ਨਹੀਂ ਹੋਈ। 

 14 ਦਿਨਾਂ ’ਚ ਗੰਨਾ ਕਾਸ਼ਤਕਾਰਾਂ ਨੂੰ ਹੋ ਜਾਵੇਗੀ ਗੰਨੇ ਦੀ ਅਦਾਇਗੀ
ਦਿ ਨਵਾਂਸ਼ਹਿਰ ਖੰਡ ਮਿੱਲ ਦੇ 1 ਅਧਿਕਾਰੀ  ਨੇ ਦੱਸਿਆ ਕਿ ਮਿੱਲ ਵਿਚ ਗੰਨਾ ਲਿਆਉਣ ਵਾਲੇ ਕਿਸਾਨਾਂ ਦੀ 14 ਦਿਨਾਂ  ਅੰਦਰ ਅਦਾਇਗੀ ਕੀਤੀ ਜਾਣਾ  ਯਕੀਨੀ ਬਣਾਇਆ ਗਿਆ ਹੈ ਅਤੇ ਕਿਸਾਨਾਂ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਅਾਂ ਵਿਚ ਡਾਇਰੈਕਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 6 ਦਸੰਬਰ ਤੱਕ ਪੀਡ਼ੇ ਗੰਨੇ ਦੀ ਬਣਦੀ 5.55 ਕਰੋਡ਼ ਰੁਪਏ ਦੀ ਅਦਾਇਗੀ ਮਿੱਲ ਵੱਲੋਂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਿੱਲ ਵਿਚ ਗੰਨਾ ਲਿਆਉਣ ਵਾਲੇ ਕਿਸਾਨਾਂ ਦੇ ਟਰੈਕਟਰ-ਟਰਾਲੀਅਾਂ ਨੂੰ ਜਿਥੇ 24 ਘੰਟਿਅਾਂ ਤੋਂ ਪਹਿਲਾਂ ਫਾਰਗ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਦੀਅਾਂ ਸਹੂਲਤਾਂ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੱਲ ਰਹੀਅਾਂ 9 ਸਹਿਕਾਰੀ ਖੰਡ ਮਿੱਲਾਂ ਜਿਨ੍ਹਾਂ ਵਿਚ ਨਵਾਂਸ਼ਹਿਰ ਦਾ ਲਗਾਤਾਰ ਅੱਵਲ ਸਥਾਨ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਤੋਂ ਇਲਾਵਾ ਬੁੱਢੇਵਾਲ, ਮਰਿੰਡਾ, ਫਾਜ਼ਿਲਕਾ, ਭੋਗਪੁਰ, ਬਟਾਲਾ, ਗੁਰਦਾਸਪੁਰ, ਅਜਨਾਲਾ ਅਤੇ ਨਕੋਦਰ ਵਿਖੇ ਸਹਿਕਾਰੀ ਖੰਡ ਮਿਲ ਚੱਲ ਰਹੀਆਂ ਹਨ। 
20 ਲੱਖ ਰੁਪਏ ਗੰਨਾ ਕਾਸ਼ਤਕਾਰਾਂ ਦੇ ਪਏ ਹਨ ਬਕਾਇਆ
ਸੂਤਰਾਂ ਅਨੁਸਾਰ ਗੰਨਾ ਕਾਸ਼ਤਕਾਰਾਂ ਦੇ ਪਿਛਲੇ ਸੀਜ਼ਨ ਦੇ ਕਰੀਬ 20 ਲੱਖ ਰੁਪਏ ਬਕਾਇਆ ਪਏ ਹਨ।  ਦੱਸਣਯੋਗ ਹੈ ਕਿ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੇ ਗੰਨੇ ਦਾ ਬਕਾਇਆ ਰਿਲੀਜ਼ ਕਰਨ ਲਈ ਸੰਘਰਸ਼ ਵੀ ਕੀਤਾ ਗਿਆ ਸੀ। ਹਲਕਾ ਵਿਧਾਇਕ ਅੰਗਦ ਸਿੰਘ ਨੇ ਗੰਨਾ ਕਾਸ਼ਤਕਾਰਾਂ ਨੂੰ ਸਰਕਾਰ ਵੱਲੋਂ ਜਲਦ ਬਕਾਇਆ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ।
 38 ਲੱਖ ਕੁਇੰਟਲ ਗੰਨੇ ਦੇ ਭਰੇ ਗਏ ਬਾਂਡ
 ਜਾਣਕਾਰੀ ਅਨੁਸਾਰ  ਮਿੱਲ ਵੱਲੋਂ ਕਿਸਾਨਾਂ ਦਾ 38 ਲੱਖ ਕੁਇੰਟਲ ਗੰਨੇ ਦਾ ਬਾਂਡ ਭਰਿਆ ਗਿਆ ਹੈ ਅਤੇ ਮਿੱਲ ਨੂੰ ਕਰੀਬ 37 ਲੱਖ ਕੁਇੰਟਲ ਗੰਨਾ ਪੀਡ਼ੇ ਜਾਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮਿੱਲ ਵੱਲੋਂ 36.82 ਲੱਖ ਕੁਇੰਟਲ ਗੰਨੇ ਦੀ ਪੀਡ਼ਾਈ ਕੀਤੀ ਗਈ ਸੀ। 

ਅਦਾਇਗੀ ਸਬੰਧੀ ਮਿੱਲ ਦੇ ਦਾਅਵੇ ਤੇ ਗੰਨਾ ਕਿਸਾਨਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ
ਮਿੱਲ ਵੱਲੋਂ  ਗੰਨਾ ਆਉਣ ਤੋਂ ਬਾਅਦ 14 ਦਿਨਾਂ ਦੇ ਅੰਦਰ-ਅੰਦਰ ਅਦਾਇਗੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਖੰਡ ਮਿੱਲ ਵਿਚ ਗੰਨਾ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਕਿਸਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਹ 4 ਟਰਾਲੀਆਂ  21 ਤੇ 24 ਨਵੰਬਰ ਅਤੇ 4 ਤੇ 7 ਦਸੰਬਰ ਨੂੰ ਲਿਆ ਚੁੱਕਾ ਹੈ ਪਰ ਹਾਲੇ ਤੱਕ ਉਸ ਨੂੰ ਕੋਈ ਅਦਾਇਗੀ ਨਹੀਂ ਹੋਈ ਜਦੋਂਕਿ ਕਿਸਾਨ ਪਰਮਜੀਤ ਸਿੰਘ ਨੇ ਮਿੱਲ ਵਿਚ ਹੋ ਰਹੀ ਅਦਾਇਗੀ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ।