ਭਾਜਪਾ ਦੇ ਅਹੰਕਾਰ ਰੂਪੀ ਰਾਵਨ ਦਾ ਅੰਤ ਹੋਇਆ ਹੈ : ਚੀਮਾ

12/12/2018 5:40:07 PM

ਸੁਲਤਾਨਪੁਰ ਲੋਧੀ (ਧੀਰ)— ਭਾਜਪਾ ਦੀ 5 ਸੂਬਿਆਂ ਦੀ ਚੋਣਾਂ 'ਚ ਹਾਰ ਦਾ ਮੁੱਖ ਕਾਰਨ ਇਨ੍ਹਾਂ ਦੇ ਪ੍ਰਮੁੱਖ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਅਹੰਕਾਰ ਹੈ, ਜਿਸ ਦਾ ਪਤਨ ਹੁਣ ਹੋਇਆ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਲੰਕਾਪਤੀ ਨਰੇਸ਼ ਰਾਜਾ ਰਾਵਨ ਦਾ ਵੀ ਅੰਤ ਉਸ ਦੇ ਅਹੰਕਾਰ ਨਾਲ ਹੋਇਆ ਸੀ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਨੂੰ 3 ਸੂਬਿਆਂ 'ਚ ਮਿਲੀ ਭਾਰੀ ਸਫਲਤਾ ਉਪਰੰਤ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਹੇ। 
ਉਨ੍ਹਾਂ ਨੇ ਕਿਹਾ ਕਿ ਅੱਛੇ ਦਿਨ ਆਉਣਗੇ ਇਹ ਸ਼ਬਦ 5 ਸਾਲਾਂ 'ਚ ਵੀ ਪੂਰਾ ਨਹੀਂ ਉਤਰਿਆ ਕਿਉਂਕਿ ਲੋਕਾਂ ਨੂੰ ਜਿਸ ਦੀ ਉਮੀਦ ਸੀ ਉਸ 'ਤੇ ਮੋਦੀ ਸਰਕਾਰ ਬਿਲਕੁਲ ਖਰਾ ਨਹੀਂ ਉਤਰੀ ਅਤੇ ਲੋਕਾਂ ਨੇ ਜ਼ਬਰਦਸਤ ਹਾਰ ਦੇ ਕੇ ਭਾਜਪਾ ਨੂੰ ਸਹੀ ਤਾਕਤ ਦਾ ਅੰਦਾਜ਼ਾ ਕਰਵਾ ਦਿੱਤਾ ਹੈ। 

ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਜਿੱਤ ਨੂੰ ਰਾਹੁਲ ਗਾਂਧੀ ਦੀ ਜਿੱਤ ਦਸਦਿਆਂ ਕਿਹਾ ਕਿ 2019 'ਚ ਹੁਣ ਕਾਂਗਰਸ ਪਾਰਟੀ 'ਚ ਦੇਸ਼ 'ਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ 'ਚ ਸਰਕਾਰ ਬਣੇਗੀ, ਜਿਸ ਦਾ ਹਰੇਕ ਦੇਸ਼ ਵਾਸੀ ਨੂੰ ਪੂਰਾ ਇੰਤਜ਼ਾਰ ਹੈ। ਚੀਮਾ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ 'ਚ ਤਾਂ ਲਗਾਤਾਰ 15 ਸਾਲ ਸ਼ਾਸਨ ਕਰਨ ਵਾਲੀ ਭਾਜਪਾ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਤੋਂ ਲੋਕ ਦੁਖੀ ਹੋ ਚੁਕੇ ਸਨ, ਜਿਸ ਕਾਰਨ ਉਨ੍ਹਾਂ ਨੇ ਭਾਜਪਾ ਨੂੰ ਕਰਾਰਾ ਸਬਕ ਸਿਖਾਇਆ ਹੈ। 

ਦੇਸ਼ ਨੂੰ ਕਾਂਗਰਸ ਮੁਕਤ ਕਰਨ ਦਾ ਖੁਆਬ ਦੇਖਣ ਵਾਲੇ ਮੋਦੀ ਸਾਹਿਬ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ 'ਚ ਆਪਣਾ ਮਹੱਤਵ ਪੂਰਨ ਯੋਗਦਾਨ ਪਾਇਆ ਸੀ ਅਤੇ ਕਿਤੇ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦੀ ਬਜਾਏ ਮੋਦੀ ਸਾਹਿਬ ਭਾਜਪਾ ਨੂੰ ਹੀ ਦੇਸ਼ ਮੁਕਤ ਨਾ ਕਰ ਦੇਣ। ਉਨ੍ਹਾਂ ਨੇ ਕਿਹਾ ਕਿ 2019 ਦੀਆਂ ਚੋਣਾਂ ਤੋਂ ਇਹ ਪਹਿਲਾਂ ਸੈਮੀਫਾਈਨਲ ਮੈਚ ਸੀ ਜੋ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਹੈ ਅਤੇ ਹੁਣ 2019 ਦੀਆਂ ਲੋਕਸਭਾ ਚੋਣਾਂ 'ਚ ਕਾਂਗਰਸ ਪਾਰਟੀ ਪੂਰੇ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਇਕ ਪਾਰਦਰਸ਼ੀ ਸਰਕਾਰ ਬਣਾਏਗੀ, ਜਿਸ 'ਚ ਹਰੇਕ ਜਾਤੀ, ਮਜਹਬ, ਧਰਮ ਦਾ ਰੋਲ ਹੋਵੇਗਾ ਅਤੇ ਆਮ ਵਰਗ ਨੂੰ ਵੀ ਇਹ ਮਾਨ ਮਹਿਸੂਸ ਹੋਵੇਗਾ ਕਿ ਸਰਕਾਰ ਉਸ ਦੀ ਹੀ ਹੈ। 

ਚੀਮਾ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ 13 ਲੋਕਸਭਾ ਸੀਟਾਂ ਵੀ ਕਾਂਗਰਸ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿੱਤ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਝੋਲੀ 'ਚ ਪਾਵੇਗੀ। ਇਸ ਮੌਕੇ ਪ੍ਰਦੇਸ਼ ਪੰਜਾਬ ਸਕੱਤਰ ਕਾਂਗਰਸ ਪਰਵਿੰਦਰ ਸਿੰਘ ਪੱਪਾ, ਬਲਦੇਵ ਸਿੰਘ ਰੰਗੀਲਪੁਰ ਮੈਂਬਰ ਬਲਾਕ ਸੰਮਤੀ, ਸਰਪੰਚ ਜਰਨੈਲ ਸਿੰਘ ਘੁੰਮਣ, ਸੁਖਵਿੰਦਰ ਸਿੰਘ ਜੋਹਲ, ਕੈਪਟਨ ਸਤਨਾਮ ਸਿੰਘ ਚੂਹੜਪੁਰ, ਰਵਿੰਦਰ ਰਵੀ ਪੀ. ਏ, ਸਤਿੰਦਰ ਸਿੰਘ ਚੀਮਾ, ਗੁਰਦੀਪ ਸਿੰਘ ਨੰਬਰਦਾਰ ਭੈਣੀ ਹੁਸੇ ਖਾਂ ਆਦਿ ਵੀ ਹਾਜ਼ਰ ਸਨ।

shivani attri

This news is Content Editor shivani attri