ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ ਬੀਬੀ ਜਗੀਰ ਕੌਰ ਸਮਾਗਮ ਨੂੰ ਸਿਆਸੀ ਰੰਗਤ ਦੇ ਰਹੀ : ਚੀਮਾ

10/12/2019 5:19:40 PM

ਸੁਲਤਾਨਪੁਰ ਲੋਧੀ (ਧੀਰ)— ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ 550 ਸਾਲਾ ਗੁਰਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮ ਨੂੰ ਸਿਆਸਤ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਬਹੁਤ ਹੀ ਅਫਸੋਸਜਨਕ ਅਤੇ ਨਿੰਦਣਯੋਗ ਹੈ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੀਬੀ ਜਗੀਰ ਕੌਰ ਵੱਲੋਂ ਪੰਜਾਬ ਸਰਕਾਰ ਵੱਲੋਂ 550 ਸਾਲਾ ਗੁਰਪੁਰਬ ਮੌਕੇ ਲਾਈ ਜਾਣ ਵਾਲੀ ਸਟੇਜ ਨੂੰ ਸਿਆਸੀ ਸਟੇਜ ਕਹਿਣ ਕੇ ਆਪਣੀ ਤਿੱਖੀ ਪ੍ਰਤੀਕਿਰਿਆ ਬਿਆਨ ਕਰਦੇ ਕਹੇ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਬਹੁਤ ਸੁਲਝੇ ਅਤੇ ਤਜ਼ਰਬੇਕਾਰ ਸਿਆਸੀ ਆਗੂ ਹਨ ਅਤੇ ਉਨ੍ਹਾਂ ਦੇ ਮੂੰਹ 'ਚੋਂ ਇਹ ਸ਼ਬਦ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਜਦ 2 ਮਹੀਨੇ ਪਹਿਲਾਂ ਸਾਰਾ ਕੁਝ ਠੀਕ ਚੱਲ ਰਿਹਾ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਤੇ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ 'ਚ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਲੌਂਗੋਵਾਲ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਸੀ ਪਰ ਹੁਣ ਕੀ ਅਚਾਨਕ ਹੋਇਆ।

ਉਨ੍ਹਾਂ ਕਿਹਾ ਕਿ ਜਦ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸਮਾਗਮ ਮੌਕੇ ਲੱਗਣ ਵਾਲੀ ਸਟੇਜ ਨੂੰ ਨਿਰੋਲ ਧਾਰਮਿਕ ਕਹਿ ਚੁੱਕੇ ਸਨ ਤੇ ਸਟੇਜ 'ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾ ਕਰਨ ਬਾਰੇ ਵੀ ਸਹਿਮਤੀ ਹੋ ਗਈ ਸੀ ਪਰ ਹੁਣ ਅਕਾਲੀ ਦਲ ਦੇ ਐੱਸ. ਜੀ. ਪੀ. ਸੀ. ਪਾਸੋਂ ਵੱਖਰੀ ਸਟੇਜ ਸਮਾਗਮ ਲਈ ਕਰਵਾਉਣ 'ਤੇ ਇਹ ਸਾਫ ਸਪੱਸ਼ਟ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਦੇ ਸਾਂਝੀਵਾਲਤਾ ਦੇ ਉਪਦੇਸ਼ ਸਾਡੇ ਲਈ ਕੁਝ ਵੀ ਮਾਇਨੇ ਨਹੀਂ ਹਨ। ਚੀਮਾ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਐੱਸ. ਜੀ. ਪੀ. ਸੀ. ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ 'ਚ ਜ਼ਰੂਰ ਸ਼ਾਮਲ ਹੋਣਾ ਸੀ। ਉਨ੍ਹਾਂ ਬੀਬੀ ਜਗੀਰ ਕੌਰ ਕੋਲੋਂ ਸਵਾਲ ਪੁੱਛਦਿਆਂ ਕਿਹਾ ਕਿ ਐੱਸ. ਜੀ. ਪੀ. ਸੀ. ਵੱਲੋਂ ਸਟੇਡੀਅਮ 'ਚ ਲਾਈ ਜਾਣ ਵਾਲੀ ਸਟੇਜ 'ਤੇ ਅਕਾਲੀ ਦਲ ਸ਼ਾਮਲ ਨਹੀਂ ਹੋਵੇਗਾ ਜੇਕਰ ਹੋਵੇਗਾ ਤਾਂ ਕਿ ਉਹ ਧਾਰਮਿਕ ਸਟੇਜ ਹੋਵੇਗੀ। ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਵਰਗੇ ਪਾਪਾਂ ਨੂੰ ਧੋਣ ਵਾਸਤੇ ਅਕਾਲੀ ਦਲ ਐੱਸ. ਜੀ. ਪੀ. ਸੀ. ਨੂੰ ਮੋਹਰਾ ਬਣਾ ਕੇ ਜੋ ਸਮਾਗਮ ਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਨਾਲ ਗੁਰੂ ਸਾਹਿਬ ਨੇ ਕਦੇ ਮੁਆਫ ਨਹੀਂ ਕਰਨਾ ਤੇ ਨਾ ਹੀ ਇਨ੍ਹਾਂ ਦੇ ਪਾਪ ਧੋਤੇ ਜਾਣਗੇ। ਉਨ੍ਹਾਂ ਅਕਾਲੀ ਦਲ ਦੇ ਸੁਪਰੀਮੋ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਹਾਲੇ ਵੀ ਕੁਝ ਵਿਗੜਿਆ ਨਹੀਂ। ਇਕੱਠੇ ਸਮਾਗਮ ਮਨਾਉਣ ਨਹੀਂ ਤਾਂ ਜਦੋਂ 600 ਸਾਲਾ ਸ਼ਤਾਬਦੀ ਸਮਾਗਮ ਮਨਾਵੇਗੀ ਤਾਂ ਉਸ ਸਮੇਂ ਅਕਾਲੀ ਦਲ ਵੱਲੋਂ 550 ਸਾਲਾ ਗੁਰਪੁਰਬ ਮੌਕੇ ਕੀਤੇ ਕੰਮਾਂ ਨੂੰ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ।


shivani attri

Content Editor

Related News