550 ਸਾਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਕਮੇਟੀ ਤੇ ਹੋਰ ਧਾਰਮਕ ਸੰਗਠਨਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ : ਚੀਮਾ

06/24/2019 12:13:57 PM

ਸੁਲਤਾਨਪੁਰ ਲੋਧੀ (ਜ.ਬ.)— ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਹੋਣ ਕਰ ਕੇ ਸ਼੍ਰੋਮਣੀ ਕਮੇਟੀ ਅਤੇ ਹੋਰ ਧਾਰਮਕ ਸੰਗਠਨਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ, ਜਿਸ ਲਈ ਕੈਪਟਨ ਸਾਹਿਬ ਨੇ ਮੰਤਰੀਆਂ ਦੀ ਇਕ ਕਮੇਟੀ ਬਣਾ ਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਤਕ ਪਹੁੰਚ ਕਰਨ ਦੀ ਡਿਊਟੀ ਲਗਾਈ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ, ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਹ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਥਾਨਕ ਮਾਰਕੀਟ ਕਮੇਟੀ ਦਫਤਰ ਵਿਖੇ ਬਣੇ ਨਵੇਂ ਆਰਜ਼ੀ ਹਾਲ ਵਿਖੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਪ੍ਰੋਜੈਕਟ ਹੇਠ ਲਿਆ ਕੇ 271 ਕਰੋੜ ਰੁਪਏ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਜੁਲਾਈ ਮਹੀਨੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਕਰਨਗੇ ਅਤੇ ਇਸ ਕਾਲਜ ਦੇ ਬਣਨ ਨਾਲ ਇਲਾਕੇ ਦੀਆਂ ਲੜਕੀਆਂ ਨੂੰ ਪੜ੍ਹਾਈ ਲਈ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਹਲਕੇ ਅੰਦਰ 8 ਏਕੜ ਰਕਬੇ 'ਚ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੁਆਰਾ ਬਾਇਓ ਵਿਭਿੰਨਤਾ ਧਾਰਕ ਲਈ ਵੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਸਾਹਿਬ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਲਈ ਬਹੁਤ ਗੰਭੀਰ ਹਨ ਅਤੇ ਨਿੱਜੀ ਦਿਲਚਸਪੀ ਲੈ ਕੇ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਆਉਣ ਵਾਲੀਆਂ ਸ਼ਰਧਾਲੂ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮੇਲੇ ਅਤੇ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਸਮੂਹ ਧਾਰਮਕ ਸੰਗਠਨਾਂ ਅਤੇ ਸੰਤਾਂ-ਮਹਾਪੁਰਸ਼ਾਂ ਨਾਲ ਇਕੋ ਸਟੇਜ ਲਗਾਈ ਜਾਵੇਗੀ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਪਰਵਿੰਦਰ ਸਿੰਘ ਪੱਪਾ, ਰਾਜੂ ਢਿੱਲੋਂ, ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਕੌਂਸਲਰ ਅਸ਼ੋਕ ਮੋਗਲਾ, ਹਰਨੇਕ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ, ਜ਼ਿਲਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ ਹਾਜ਼ਰ ਸਨ।

shivani attri

This news is Content Editor shivani attri