ਨਵਜੋਤ ਸਿੰਘ ਸਿੱਧੂ ਨੇ ਉੱਚ ਅਧਿਕਾਰੀਅਾਂ ਨਾਲ ਕੀਤਾ ‘ਗੁਪਤ ਸਲਾਹ ਮਸ਼ਵਰਾ’

12/14/2018 6:28:24 AM

ਜਲੰਧਰ,   (ਖੁਰਾਣਾ)–  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ’ਚ ਜਾਣ ਤੋਂ ਲੈ ਕੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਹੋਏ ਉਦਘਾਟਨ ਸਮਾਰੋਹ ਤੱਕ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕਈ ਤਰ੍ਹਾਂ ਦੀਅਾਂ ਚਰਚਾਵਾਂ ਅਤੇ ਦੋਸ਼ਾਂ ’ਚ ਘਿਰੇ ਰਹੇ। ਇਕ ਪਾਸੇ ਜਿਥੇ ਉਨ੍ਹਾਂ ਨੂੰ ਵਿਰੋਧੀ ਧਿਰ ਨੇ ਆਪਣੇ ਨਿਸ਼ਾਨੇ ’ਤੇ ਲਿਆ, ਉਥੇ ਹੀ ਕਾਂਗਰਸ ਪਾਰਟੀ ’ਚ ਵੀ ਸਿੱਧੂ ਕਈ ਵਿਧਾਇਕਾਂ ਤੇ ਨੇਤਾਵਾਂ ਦੀਅਾਂ ਜਨਤਕ ਆਲੋਚਨਾਵਾਂ ਦਾ ਸ਼ਿਕਾਰ ਬਣੇ। ਇਸ ਵਕਫੇ ਦਰਮਿਆਨ ਉਨ੍ਹਾਂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਪੈਦਾ ਹੋਏ ਕਥਿਤ ਮਤਭੇਦਾਂ ਨੂੰ ਵੀ ਮੁੱਦਾ ਬਣਾਇਆ ਗਿਆ।
ਇਸੇ ਦਰਮਿਆਨ ਨਵਜੋਤ ਸਿੰਘ ਸਿੱਧੂ ਨਾਲ ਅੱਜ ਚੰਡੀਗੜ੍ਹ ’ਚ ਪੰਜਾਬ ਦੇ 2 ਉੱਚ ਅਧਿਕਾਰੀਅਾਂ ਨੇ ਗੁਪਤ ਸਲਾਹ-ਮਸ਼ਵਰਾ ਕੀਤਾ।  ਹਾਲਾਂਕਿ ਇਹ ਬੈਠਕ ਲੰਮੇ ਸਮੇਂ  ਤੱਕ ਚੱਲੀ ਪਰ ਸਿੱਧੂ ਅਤੇ ਅਧਿਕਾਰੀਅਾਂ ਦਰਮਿਆਨ ਕਿਸ ਵਿਸ਼ੇ ’ਤੇ ਜ਼ਿਆਦਾ ਗੱਲਬਾਤ ਹੋਈ, ਬਾਰੇ ਸਿਆਸੀ ਮਾਹਿਰਾਂ ਵੱਲੋਂ ਕਈ ਅਰਥ ਕੱਢੇ ਜਾ ਰਹੇ ਹਨ। ਇਨ੍ਹਾਂ ਮਾਹਿਰਾਂ ਦੀ ਮੰਨੀਏ ਤਾਂ ਇਸ ਬੈਠਕ ਦਾ ਅਸਰ ਅਾਉਣ ਵਾਲੇ ਦਿਨਾਂ ’ਚ ਪੰਜਾਬ ਦੀ ਸਿਆਸਤ ’ਤੇ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲੇਗਾ।