ਪਿੰਡਾਂ ਦੇ ਉਦਘਾਟਨੀ ਫੀਤੇ ਕੱਟਣ ਤੋਂ ਪਹਿਲਾਂ ਕੰਮਾਂ 'ਚ ਆਪਣਾ ਯੋਗਦਾਨ ਦੱਸੇ ਰੋੜੀ: ਨਿਮਿਸ਼ਾ ਮਹਿਤਾ

03/10/2023 3:23:31 PM

ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਨੇ 'ਆਪ' ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡਾ 'ਚ ਕੰਮਾਂ ਦੇ ਉਦਘਾਟਨ ਕਰਨ ਤੋਂ ਪਹਿਲਾਂ 'ਆਪ' ਵਿਧਾਇਕ ਇਨ੍ਹਾਂ ਕੰਮਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਗ੍ਰਾਂਟ ਦਾ ਵੀ ਵੇਰਵਾ ਜ਼ਰੂਰ ਦੱਸ ਦਿਆ ਕਰਨ।

ਇਹ ਵੀ ਪੜ੍ਹੋ- ਪੰਜਾਬ ਬਜਟ 2023: ਸੂਬੇ 'ਚ ਨਿਵੇਸ਼ ਲਈ ਜਾਣੋ ਕੀ ਹੈ ਸਰਕਾਰ ਦੀ ਯੋਜਨਾ

ਭਾਜਪਾ ਬੁਲਾਰਣ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿਚ 'ਆਪ' ਸਰਕਾਰ ਆਈ ਹੈ, ਉਸੇ ਦਿਨ ਤੋਂ ਗੜ੍ਹਸ਼ੰਕਰ ਹਲਕੇ ਦੀ ਇਕ ਵੀ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ ਇਕ ਨਿੱਕਾ ਪੈਸਾ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਵੀ ਕੰਮ ਹਲਕਾ ਗੜ੍ਹਸ਼ੰਕਰ 'ਚ ਚੱਲ ਰਹੇ ਹਨ, ਉਹ ਉਨ੍ਹਾਂ ਵੱਲੋਂ 2021 'ਚ ਪੰਜਾਬ ਨਿਰਮਾਣ ਤਹਿਤ ਪਿੰਡਾਂ ਨੂੰ ਜਾਰੀ ਕਰਵਾਈਆਂ ਗ੍ਰਾਂਟਾਂ ਤਹਿਤ ਜਾਂ ਫਿਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੇਜੇ ਜਾਂਦੇ ਪੈਸਿਆਂ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦਾ ਯੋਗਦਾਨ ਪੰਚਇਤਾਂ ਦੇ ਮਤੇ 'ਚ ਰੁਕਾਵਟ ਪਾਉਣ ਅਤੇ ਦੇਰੀ ਕਰਵਾਉਣ ਦਾ ਹੀ ਹੈ, ਤਾਂ ਕਿ ਦਬਾਅ ਪਾ ਕੇ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਵੱਲ ਖਿੱਚਿਆ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ ਬਜਟ 2023: ਟਰਾਂਸਪੋਰਟ ਅਤੇ ਮਾਈਨਿੰਗ ਖੇਤਰ 'ਚ ਪੰਜਾਬ ਸਰਕਾਰ ਦਾ ਵੱਡਾ ਐਲਾਨ

ਨਿਮਿਸ਼ਾ ਮਹਿਤਾ ਨੇ ਅੱਗੇ ਕਿਹਾ ਕਿ ਕਿਸ ਮੂੰਹ ਨਾਲ ਹਲਕਾ ਵਿਧਾਇਕ ਰੋੜੀ ਇਨ੍ਹਾਂ ਕੰਮਾਂ ਦਾ ਉਦਘਾਟਨ ਕਰਦੇ ਹਨ ਅਤੇ ਫਿਰ ਬੇਸ਼ਰਮੀ ਨਾਲ ਇਨ੍ਹਾਂ ਕੰਮਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਕਾਸ ਦੱਸਦੇ ਹਨ। ਉਨ੍ਹਾਂ ਕਿਹਾ ਕਿ ਕਈ ਪੰਚਾਇਤਾਂ ਨੂੰ ਇਲਾਕੇ ਦੀ ਪੁਲਸ ਅਤੇ ਪੰਚਾਇਤੀ ਰਾਜ ਦੇ ਮੁਲਾਜ਼ਮਾਂ ਵੱਲੋਂ ਦਬਾਅ ਪਾ ਕੇ ਪੰਚਾਇਤੀ ਕੰਮਾਂ ਦੇ ਉਦਘਾਟਨਾਂ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।  

ਇਹ ਵੀ ਪੜ੍ਹੋ- ਪੰਜਾਬ ਬਜਟ 2023: ਸੂਬੇ 'ਚ ਨਿਵੇਸ਼ ਲਈ ਜਾਣੋ ਕੀ ਹੈ ਸਰਕਾਰ ਦੀ ਯੋਜਨਾ

ਸਰਕਾਰ 'ਤੇ ਸ਼ਬਦੀ ਹਮਲੇ ਬੋਲਦੇ ਹੋਏ ਨਿਮਿਸ਼ਾ ਨੇ ਕਿਹਾ ਕਿ ਪਿੰਡ ਬੀਰਮਪੁਰ 'ਚ 8.50 ਲੱਖ ਰੁਪਏ ਜਾਰੀ ਕਰਵਾਏ ਸਨ ਪਰ ਵਿਧਾਇਕ ਰੋੜੀ ਨੇ ਪੰਚਾਇਤ ਨੂੰ ਮਜਬੂਰ ਕਰਕੇ ਉਨ੍ਹਾਂ ਕੋਲੋਂ ਆਪਣੇ ਨਾਂ ਦਾ ਪੱਥਰ ਲਗਵਾਇਆ ਅਤੇ ਉਦਘਾਟਨ ਕੀਤਾ। ਇਸੇ ਤਰ੍ਹਾਂ ਹੁਣ 12 ਮਾਰਚ ਨੂੰ ਪਿੰਡ ਬੋੜਾ 'ਚ ਵਿਧਾਇਕ ਰੋੜੀ ਵੱਲੋਂ ਪਿੰਡ ਦੇ ਕਮਿਓਨਿਟੀ ਹਾਲ ਦਾ ਵੀ ਉਦਾਘਟਨ ਕੀਤਾ ਜਾਵੇਗਾ। ਹਾਲਾਂਕਿ ਇਸ ਕੰਮ ਲਈ ਇਕ ਵੀ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਮਿਓਨਿਟੀ ਹਾਲ ਦੀ ਉਸਾਰੀ ਲਈ ਪਿਛਲੀ ਸਰਕਾਰ ਨੇ ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰੀ ਨਾਲ ਮਿਲ ਕੇ ਬੋੜਾ ਦੀ ਪੰਚਾਇਤ ਨੂੰ ਪੈਸਾ ਉਪਲੱਬਧ ਕਰਵਾਉਣ ਲਈ ਪਹਿਲਾਂ ਬੋੜਾ ਦੇ ਜੰਗਲ ਦੀ ਬੋਲੀ ਕਰਵਾਈ ਅਤੇ ਫਿਰ 2021 'ਚ ਪੰਜਾਬ ਦੇ ਨਿਰਮਾਣ ਫੰਡ ਵਿਚੋਂ 6 ਲੱਖ ਰੁਪਏ ਦਿੱਤੇ। ਉਨ੍ਹਾਂ ਕਿਹਾ ਕਿ ਜ਼ਬਰਦਸਤੀ ਉਦਘਾਟਨਾਂ ਦੀ ਲੜੀ ਤੋਂ ਸਿੱਧ ਹੁੰਦਾ ਹੈ ਕਿ 'ਆਪ' ਸਰਕਾਰ ਝੂਠਿਆਂ ਦੀ ਸਰਕਾਰ ਹੈ। ਜੋ ਕਿਸੇ ਦੇ ਕੰਮਾਂ ਨੂੰ ਆਪਣਾ ਕੀਤਾ ਕੰਮ ਵਿਖਾਉਣ ਦੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan