ਨਕੋਦਰ-ਜਲੰਧਰ ਰੋਡ ’ਤੇ ਦਿਨ-ਦਿਹਾੜੇ ਟਰੈਵਲ ਏਜੰਟ ਅਗਵਾ!

04/13/2022 4:23:16 PM

ਨਕੋਦਰ (ਪਾਲੀ)- ਨਕੋਦਰ-ਜਲੰਧਰ ਰੋਡ ’ਤੇ ਦਿਨ-ਦਿਹਾੜੇ 3-4 ਗੱਡੀਆਂ ਵਿਚ ਆਏ ਕੁਝ ਵਿਅਕਤੀਆਂ ਨੇ ਆਪਣੀ ਗੱਡੀ ’ਚ ਜਾ ਰਹੇ ਇਕ ਟਰੈਵਲ ਏਜੰਟ ਨੂੰ ਰੋਕ ਕੇ ਉਸ ਦੀ ਖਿੱਚ-ਧੂਹ ਕੀਤੀ। ਉਪਰੰਤ ਉਸ ਨੂੰ ਜ਼ਬਰਦਸਤੀ ਗੱਡੀ ’ਚ ਬਿਠਾ ਕੇ ਮਲਸੀਆਂ ਵੱਲ ਨੂੰ ਲੈ ਗਏ। ਟਰੈਵਲ ਏਜੰਟ ਦੇ ਪੁੱਤਰ ਨੇ ਉਕਤ ਘਟਨਾ ਨੂੰ ਅੱਖੀਂ ਵੇਖਿਆ ਅਤੇ ਉਸ ਨੇ ਤੁਰੰਤ ਆਪਣੇ ਪਿਤਾ ਦੇ ਅਗਵਾ ਦੀ ਸੂਚਨਾ ਸਿਟੀ ਪੁਲਸ ਨੂੰ ਦਿੱਤੀ। ਉਧਰ ਸ਼ਹਿਰ ’ਚ ਅਗਵਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਦੇ ਹੱਥ-ਪੈਰ ਫੁੱਲ ਗਏ ਅਤੇ ਤੁਰੰਤ ਪੁਲਸ ਹਰਕਤ ’ਚ ਆ ਗਈ। ਉਕਤ ਟਰੈਵਲ ਏਜੰਟ ਦੀ ਪਛਾਣ ਅਮਰੀਕ ਸਿੰਘ ਵਾਸੀ ਮੁੱਹਲਾ ਰਹਿਮਾਨਪੁਰਾ ਨਕੋਦਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਕੱਪੜਾ ਵਪਾਰੀ ਨੇ ਪਹਿਲਾਂ ਪਿਆਰ ਦੇ ਜਾਲ 'ਚ ਫਸਾ ਕੁੜੀ ਦੀ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤਾ ਇਹ ਕਾਰਾ

ਸਿਟੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਟਰੈਵਲ ਏਜੰਟ ਦੇ ਪੁੱਤਰ ਦੀਪਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਨਕੋਦਰ-ਜਲੰਧਰ ਰੋਡ ’ਤੇ ਸਥਿਤ ਦਸ਼ਮੇਸ਼ ਟੂਰ ਐਂਡ ਟਰੈਵਲ ਦੇ ਦਫ਼ਤਰ ’ਚ ਬੈਠਾ ਸੀ। ਉਸ ਦੇ ਪਿਤਾ ਘਰ ਰੋਟੀ ਖਾਣ ਲਈ ਐਕਸ. ਯੂ. ਵੀ . ਗੱਡੀ ’ਚ ਜਾਣ ਲੱਗੇ ਤਾਂ ਸੜਕ 'ਤੇ ਉਸ ਨੂੰ ਕੋਮਲਪ੍ਰੀਤ ਸਿੰਘ, ਜਸਪ੍ਰੀਤ ਸਿੰਘ ਰੇਲੂ ਅਤੇ 7-8 ਹੋਰ ਅਣਪਛਾਤੇ ਵਿਅਕਤੀ ਜੋ 3-4 ਗੱਡੀਆਂ ’ਚ ਸਵਾਰ ਹੋ ਕਿ ਆਏ ਅਤੇ ਜ਼ਬਰਦਸਤੀ ਉਸ ਦੇ ਪਿਤਾ ਨੂੰ ਗੱਡੀ ’ਚੋਂ ਬਾਹਰ ਕੱਢ ਕੇ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਖਿੱਚ-ਧੂਹ ਕਰਦੇ ਹੋਏ ਆਪਣੀ ਗੱਡੀ ’ਚ ਬਿਠਾ ਕੇ ਮਲਸੀਆਂ ਵੱਲ ਨੂੰ ਲੈ ਗਏ। ਉਕਤ ਵਿਅਕਤੀਆਂ ਨੇ ਉਸ ਦੇ ਪਿਤਾ ਦੀ ਐਕਸ. ਯੂ. ਵੀ . ਗੱਡੀ ਵੀ ਖੋਹ ਲਈ ਅਤੇ ਧਮਕੀਆਂ ਦਿੰਦੇ ਮੌਕੇ ਤੋ ਫਰਾਰ ਹੋ ਗਏ।

ਇਸ ਮਾਮਲੇ ਸਬੰਧੀ ਡੀ. ਐੱਸ .ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਟਰੈਵਲ ਏਜੰਟ ਅਮਰੀਕ ਸਿੰਘ ਦੇ ਪੁੱਤਰ ਦੀਪਕ ਸਿੰਘ ਵਾਸੀ ਰਹਿਮਾਨਪੁਰਾ ਨਕੋਦਰ ਦੇ ਬਿਆਨ ’ਤੇ ਕੋਮਲਪ੍ਰੀਤ ਸਿੰਘ, ਜਸਪ੍ਰੀਤ ਸਿੰਘ ਰੈਲੂ ਤੇ 7-8 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਧਾਰਾ 365, 379 - ਬੀ , 506, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵਿਸਾਖੀ ਮੌਕੇ ਸਜਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੰਗਤ ਹੋ ਰਹੀ ਨਤਮਸਤਕ, ਵੇਖੋ ਅਲੌਕਿਕ ਨਜ਼ਾਰਾ
ਅਗਵਾ ਦੇ ਦੋਸ਼ ਨਕਾਰੇ, ਕਿਹਾ- ਏਜੰਟ ਤੋਂ ਲੈਣੇ ਸਨ 16 ਲੱਖ, ਰਾਜ਼ੀਨਾਮੇ ਲਈ ਲੈ ਕੇ ਗਏ ਸਨ ਨਾਲ
ਸਿਟੀ ਥਾਣੇ ’ਚ ਪਹੁੰਚੇ ਬਲਵਿੰਦਰ ਸਿੰਘ ਅਮਰਜੀਤਪੁਰਾ, ਪਰਮਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕੁਲਵੰਤ ਸਿੰਘ ਸਾਬਕਾ ਸਰਪੰਚ, ਸਰਵਣ ਸਿੰਘ ਬਾਊਪੁਰ, ਸਲਵਿੰਦਰ ਸਿੰਘ ਜਾਨੀਆਂ ਜ਼ਿਲ੍ਹਾ ਪ੍ਰਧਾਨ, ਮਨਜੀਤ ਸਿੰਘ ਖਿੰਡਾ ਆਦਿ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਉਕਤ ਟਰੈਵਲ ਏਜੰਟ ਨੂੰ ਅਗਵਾ ਨਹੀਂ ਕੀਤਾ। ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਹੈ। ਉਕਤ ਏਜੰਟ ਅਮਰੀਕ ਸਿੰਘ ਨਾਲ ਸਾਡੇ ਤਿੰਨ ਬੱਚਿਆਂ ਕੋਮਲਪ੍ਰੀਤ ਸਿੰਘ, ਰਾਜਨਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ 26 ਲੱਖ 50 ਹਜ਼ਾਰ ਪ੍ਰਤੀ ਇਕ ਵਿਅਕਤੀ ਗੱਲ ਹੋਈ ਸੀ। ਅਸੀਂ ਉਕਤ ਏਜੰਟ ਨੂੰ ਕਰੀਬ 16 ਲੱਖ ਰੁਪਏ ਦੇ ਚੁੱਕੇ ਹਾਂ ਪਰ ਇਕ ਸਾਲ ਬੀਤਣ ਤੋਂ ਬਾਅਦ ਵੀ ਸਾਡੇ ਬੱਚਿਆਂ ਨੂੰ ਨਾ ਤਾਂ ਅਮਰੀਕਾ ਭੇਜਿਆ ਅਤੇ ਨਾ ਉਨ੍ਹਾਂ ਦੇ ਪੈਸੇ ਵਾਪਸ ਕਰ ਰਿਹਾ ਸੀ। ਅਸੀਂ ਕਈ ਵਾਰ ਪੈਸੇ ਮੰਗ ਚੁੱਕੇ ਹਾਂ ਪਰ ਹਰ ਵਾਰ ਸਾਨੂੰ ਇਹ ਲਾਰਾ ਲਗਾ ਰਿਹਾ ਸੀ। ਅੱਜ ਅਸੀਂ ਇਸ ਨੂੰ ਸੁਲਤਾਨਪੁਰ ਨਾਲ ਲੈ ਕੇ ਗਏ ਸੀ, ਜਿਥੇ ਇਸ ਨੇ ਸਾਨੂੰ ਕੁਝ ਰੁਪਏ ਨਕਦ ਅਤੇ ਬਾਕੀ ਕਿਸ਼ਤਾਂ ਰਾਹੀਂ ਦੇਣ ਦਾ ਲਿਖਤੀ ਰਾਜ਼ੀਨਾਮਾ ਕੀਤਾ । ਉਨ੍ਹਾਂ ਪੁਲਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News