ਨਕੋਦਰ: ਗ੍ਰੰਥੀ ਨੇ ਕਥਾ ਦੌਰਾਨ ਭਗਵਾਨ ਵਾਲਮੀਕਿ ਜੀ ਖ਼ਿਲਾਫ਼ ਕੀਤੀ ਗਲਤ ਟਿੱਪਣੀ, ਮਾਮਲਾ ਗਰਮਾਇਆ

10/18/2021 10:25:52 AM

ਨਕੋਦਰ (ਪਾਲੀ, ਟੁੱਟ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਉੱਗੀ ਵਿਖੇ ਐਤਵਾਰ ਸਵੇਰੇ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਵੱਲੋਂ ਕਥਾ ਦੌਰਾਨ ਭਗਵਾਨ ਵਾਲਮੀਕਿ ਜੀ ਖ਼ਿਲਾਫ਼ ਕੀਤੀ ਗਲਤ ਟਿੱਪਣੀ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਗੁੱਸੇ ਵਿਚ ਆਈਆਂ ਸੰਗਤਾਂ ਅਤੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਵੱਲੋਂ ਨਕੋਦਰ-ਕਪੂਰਥਲਾ ਮਾਰਗ ਬੰਦ ਕਰਕੇ ਧਰਨਾ ਲਾ ਕੇ ਰੋਸ-ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉੱਧਰ ਮਾਮਲੇ ਦੀ ਸੂਚਨਾ ਮਿਲਦੇ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ, ਸਦਰ ਥਾਣਾ ਮੁਖੀ ਸੁਖਜੀਤ ਸਿੰਘ ਅਤੇ ਉੱਗੀ ਚੌਂਕੀ ਇੰਚਾਰਜ ਸਰਬਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ, ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਮਾਹੌਲ ਸ਼ਾਂਤ ਕੀਤਾ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ

ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਉੱਗੀ ਪ੍ਰਧਾਨ ਗੁਰਦੁਆਰਾ ਮਹਾਰਿਸ਼ੀ ਵਾਲਮੀਕਿ ਜੀ ਕਮੇਟੀ ਨੇ ਦੱਸਿਆ ਕਿ ਸਵੇਰ ਸਮੇਂ ਲਗਭਗ 6 ਵਜੇ ਪਿੰਡ ਉੱਗੀ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਜਗਦੀਪ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਖੁਵਾਸਪੁਰਾ, ਜ਼ਿਲ੍ਹਾ ਤਰਨਤਾਰਨ ਸੰਗਰਾਂਦ ਦਾ ਦਿਹਾੜਾ ਹੋਣ ਕਰ ਕੇ ਵਿਆਖਿਆ ਕਰ ਰਿਹਾ ਸੀ। ਇਸੇ ਦੌਰਾਨ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਪ੍ਰਗਟ ਦਿਵਸ ਸੰਬੰਧੀ ਅਸੀਂ ਸਮੇਤ ਸੰਗਤਾਂ ਸਵੇਰੇ ਪਿੰਡ ਵਿਚ ਪ੍ਰਭਾਤ ਫੇਰੀ ਕੱਢ ਰਹੇ ਸੀ। ਜਦੋਂ ਅਸੀਂ ਵੱਡੇ ਗੁਰਦੁਆਰਾ ਸਾਹਿਬ ਦੇ ਅੱਗਿਓਂ ਲੰਘੇ ਤਾਂ ਗ੍ਰੰਥੀ ਜਗਦੀਪ ਸਿੰਘ ਕਥਾ ਦੌਰਾਨ ਵਿਆਖਿਆ ਵਿਚ ਭਗਵਾਨ ਵਾਲਮੀਕਿ ਜੀ ਖਿਲਾਫ਼ ਗ਼ਲਤ ਟਿੱਪਣੀ (ਅਪਸ਼ਬਦ) ਬੋਲ ਰਿਹਾ ਸੀ। ਅਸੀਂ ਉਸੇ ਵਕਤ ਗ੍ਰੰਥੀ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਸਾਨੂੰ ਵੀ ਅਪਸ਼ਬਦ ਬੋਲੇ। ਭਗਵਾਨ ਵਾਲਮੀਕਿ ਜੀ ਦਾ 20 ਨਵੰਬਰ ਨੂੰ ਜਨਮ-ਦਿਹਾੜਾ ਹੈ। ਗ੍ਰੰਥੀ ਸਿੰਘ ਵੱਲੋਂ ਕੀਤੀ ਗਲਤ ਟਿੱਪਣੀ ਨਾਲ ਵਾਲਮੀਕਿ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ।

ਇਹ ਵੀ ਪੜ੍ਹੋ: ਫਗਵਾੜਾ: ਦੋ ਜਿਗਰੀ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ, ਸਾਹਮਣੇ ਆਈ ਵਜ੍ਹਾ ਨੇ ਉਡਾਏ ਪੁਲਸ ਦੇ ਹੋਸ਼

ਡੀ .ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਗੁਰਦੁਆਰਾ ਮਹਾਰਿਸ਼ੀ ਵਾਲਮੀਕਿ ਜੀ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਪੁੱਤਰ ਵਾਸੀ ਪਿੰਡ ਉੱਗੀ ਦੇ ਬਿਆਨਾਂ ’ਤੇ ਗ੍ਰੰਥੀ ਜਗਦੀਪ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਖੁਵਾਸਪੁਰਾ ਜ਼ਿਲਾ ਤਰਨਤਾਰਨ ਖਿਲਾਫ ਥਾਣਾ ਸਿਟੀ ਵਿਖੇ ਧਾਰਾ 295-A ਆਈ. ਪੀ. ਸੀ., 3/4 ਐੱਸ. ਸੀ./ਐੱਸ. ਟੀ. ਐਕਟ 1989 ਤਹਿਤ ਮਾਮਲਾ ਦਰਜ ਕਰ ਕੇ ਗ੍ਰੰਥੀ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਇਕਬਾਲ ਸਿੰਘ ਲਾਲਪੁਰਾ ਦੇ ਬੇਬਾਕ ਬੋਲ, ਸਿੱਖਾਂ 'ਚ ਹੋ ਰਹੀ ਧਰਮ ਤਬਦੀਲੀ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri