ਨਗਰ ਪੰਚਾਇਤ ਵੱਲੋਂ ਬਿਲਡਿੰਗ ਦਾ ਰੁਕਵਾਇਆ ਕੰਮ ਮੁੜ ਸ਼ੁਰੂ ਹੋਣ ''ਤੇ ਆਇਆ ਸਵਾਲਾਂ ਦੇ ਘੇਰੇ ''ਚ

05/25/2020 6:28:55 PM

ਲੋਹੀਆਂ ਖ਼ਾਸ (ਮਨਜੀਤ)— ਸਥਾਨਕ ਸ਼ਹਿਰ ਦੇ ਮੇਨ ਰੋਡ 'ਤੇ ਨਗਰ ਪੰਚਾਇਤ ਵੱਲੋਂ ਇਕ ਬਿਲਡਿੰਗ ਦੇ ਬੰਦ ਕਰਵਾਏ ਕੰਮ ਨੂੰ ਬਿਲਡਿੰਗ ਮਾਲਕ ਵੱਲੋਂ ਦੋਬਾਰਾ ਤੋਂ ਸ਼ੁਰੂ ਕੀਤੇ ਜਾਣ ਕਰਕੇ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਜਾਣਕਾਰੀ ਮੁਤਾਬਕ ਪਿਛਲੇ ਸਾਲ ਕਰੀਬ ਜੂਨ ਮਹੀਨੇ ਸਥਾਨਕ ਨਗਰ ਪੰਚਾਇਤ ਵੱਲੋਂ ਉਕਤ ਬਿਲਡਿੰਗ ਦੇ ਕੰਮ ਨੂੰ ਇਸ ਲਈ ਰੋਕ ਦਿੱਤਾ ਗਿਆ ਸੀ ਕਿਉਂਕਿ ਇਕ ਤਾਂ ਬਣਦੀ ਬਿਲਡਿੰਗ ਦੇ ਪਿੱਛੇ ਵਗਦੇ ਗੰਦੇ ਪਾਣੀ ਦੇ ਨਾਲੇ ਦੀ ਥਾਂ ਨੂੰ ਲੈ ਕੇ ਹਾਈਕੋਰਟ ਦੇ ਹੁਕਮਾਂ 'ਤੇ ਡਿਪਟੀ ਡਇਰੈਕਟਰ ਜਲੰਧਰ ਵਿਖੇ ਨਗਰ ਪੰਚਾਇਤ 'ਤੇ ਕਾਬਜ਼ ਵਿਅਕਤੀਆਂ ਵਿਚਕਾਰ ਕੇਸ ਚੱਲਦਾ ਆ ਰਿਹਾ ਹੈ, ਦੂਜਾ ਮੁਸ਼ਤਰਕਾ ਮਾਲਕਣ ਦੀ ਜਗ੍ਹਾ ਹੋਣ ਕਰਕੇ ਇਸ ਜਗ੍ਹਾ ਦੀ ਕੋਈ ਰਜਿਸਟਰੀ ਨਾ ਹੋਣ ਕਰਕੇ ਮਾਲਕੀ ਦਾ ਕੋਈ ਪੁਖਤਾ ਸਬੂਤ ਨਾ ਹੋਣ ਕਰਕੇ ਨਕਸ਼ਾ ਪਾਸ ਨਹੀਂ ਹੋ ਸਕਦਾ ਅਤੇ ਤੀਜਾ ਜਦੋਂ ਸਥਾਨਕ ਟੀ-ਪੁਆਇੰਟ ਨੇੜੇ ਟਰੱਕ ਯੂਨੀਅਨ ਨੂੰ ਡਾਹ ਕੇ ਦੁਕਾਨਾਂ ਬਣਾਈਆਂ ਜਾ ਰਹੀਆਂ ਸਨ ਤਾਂ ਉਸ ਸਮੇਂ ਹਾਈਕੋਰਟ ਵੱਲੋਂ ਇਸ ਸਾਰੀ ਜਗ੍ਹਾ 'ਤੇ ਸਟੇ ਜਾਰੀ ਕਰਦੇ ਹੋਏ ਆਡਰ ਕੀਤੇ ਅਤੇ ਕਾਬਜ਼ ਵਿਅਕਤੀ ਬਿਲਡਿੰਗ 'ਚ ਕਿਸੇ ਕਿਸਮ ਦਾ ਬਦਲਾਅ ਨਹੀਂ ਕਰ ਸਕਦੇ, ਜਿਸ ਚੱਲਦੇ ਕੇਸ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਸ ਸਮੇਂ ਕੋਰਟ ਵੱਲੋਂ ਉਕਤ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਸੀ।

ਉਕਤ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਨਗਰ ਪੰਚਾਇਤ ਵੱਲੋਂ ਬਣਦੀ ਬਿਲਡਿੰਗ ਦੇ ਕੰਮ ਨੂੰ ਰੋਕ ਦਿੱਤਾ ਗਿਆ ਸੀ। ਬੀਤੇ ਸ਼ਨੀਵਾਰ ਜਦੋਂ ਦੁਬਾਰਾ ਮਾਲਕ ਵੱਲੋਂ ਬੰਦ ਪਏ ਕੰਮ ਨੂੰ ਸ਼ੁਰੂ ਕੀਤਾ ਗਿਆ ਤਾਂ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਨਗਰ ਪੰਚਾਇਤ ਕੋਲੋਂ ਨਕਸ਼ਾ ਪਾਸ ਕਰਵਾ ਕੇ ਹੀ ਕੰਮ ਸ਼ੁਰੂ ਕੀਤਾ ਗਿਆ ਹੈ। ਜਦੋਂ ਇਸ ਬਾਰੇ ਨਗਰ ਪੰਚਾਇਤ ਦੇ ਸਬੰਧਤ ਡੀਲਿੰਗ ਹੈਂਡ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਨਕਸ਼ਾ ਪਾਸ ਹੋਣ ਦੀ ਗੱਲ ਕੀਤੀ ਪਰ ਉਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਸ ਨੂੰ ਪਤਾ ਨਹੀਂ ਕਿਸ ਨਕਸ਼ਾ ਨਵੀਸ ਨੇ ਨਕਸ਼ਾ ਅਪਲਾਈ ਕੀਤਾ ਹੈ ਅਤੇ ਨਾ ਹੀ ਇਹ ਪਤਾ ਕਿ ਨਕਸ਼ਾ ਕਿਸੇ ਦੇ ਨਾਮ ਤੇ ਅਤੇ ਕਿਸ ਤਰ੍ਹਾਂ ਪਾਸ ਹੋਇਆ।

ਈ. ਓ. ਵੱਲੋਂ ਬੰਦ ਕਰਵਾਉਣ ਦੇ ਬਾਵਜੂਦ ਦੂਜੇ ਦਿਨ ਵੀ ਚੱਲਦਾ ਰਿਹਾ ਕੰਮ
ਲਗਾਤਾਰ 4 ਛੁੱਟੀਆਂ ਵਿਚ ਦੁਕਾਨ ਮਾਲਕ ਵੱਲੋਂ ਸ਼ੁਰੂ ਕੀਤੇ ਗਏ ਕੰਮ ਬਾਰੇ ਜਦੋਂ ਕਾਰਜ ਸਾਧਕ ਅਫ਼ਸਰ ਦੇਸ ਰਾਜ ਤੇ ਐੱਸ. ਓ. ਨਿਸ਼ਾਂਤ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਪਾਸ ਹੋਏ ਨਕਸ਼ੇ ਬਾਰੇ ਛੁੱਟੀਆਂ ਤੋਂ ਬਾਅਦ ਪੜਤਾਲ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਜਦਕਿ ਦੂਜੇ ਪਾਸੇ ਐਤਵਾਰ ਵੀ ਕੰਮ ਚੱਲਦਾ ਰਿਹਾ, ਜਿਸ 'ਤੇ ਇਲਾਕੇ ਚੋਂ ਬੁੱਧੀਜੀਵੀ ਵਰਗ ਦੇ ਵਿਅਕਤੀਆਂ ਦੀ ਇਕ ਸੂਬਾ ਪੱਧਰੀ ਸੰਸਥਾ ਦੇ ਆਗੂ ਨੇ ਕਿਹਾ ਕਿ ਉਕਤ ਸਾਰਾ ਡਰਾਮਾ ਸਿਆਸਤ ਤੋਂ ਪ੍ਰੇਰਿਤ ਅਕਾਲੀ ਸਰਕਾਰ ਵੇਲੇ ਵੀ ਸਥਾਨਕ ਸ਼ਹਿਰ 'ਚ ਇਸੇ ਤਰ੍ਹਾਂ ਕਬਜ਼ੇ ਕਰਵਾਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨੇ ਤੇ ਹੁਣ ਵੀ ਸਬੰਧਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਛੁੱਟੀਆਂ ਵਿਚ ਕੰਮ ਕਰਵਾਇਆ ਜਾ ਰਿਹਾ ਹੈ, ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਕੁੰਭਕਰਨੀ ਨੀਂਦ ਸੁੱਤਾ ਰਿਹਾ ਤਾਂ ਅਸੀਂ ਚੁੱਪ ਨਹੀਂ ਰਹਾਂਗੇ।

ਈ. ਓ. ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲੈ ਕੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ: ਐੱਸ. ਡੀ. ਐੱਮ.
ਨਗਰ ਪੰਚਾਇਤ ਦੇ ਪ੍ਰਸ਼ਾਸਕ ਤੇ ਐੱਸ. ਡੀ. ਐੱਮ. ਡਾ. ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਈ. ਓ. ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਹੀ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਵਾਰ ਕੋਈ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਪਹਿਲਾਂ ਵਾਂਗ ਪ੍ਰਸ਼ਾਸਨ ਕਾਗਜ਼ੀ ਕਾਰਵਾਈ ਵਿਚ ਹੀ ਉਲਝ ਕੇ ਰਹਿ ਜਾਵੇਗਾ।

shivani attri

This news is Content Editor shivani attri