ਪੰਜ ਪਿਆਰਿਆਂ ਦੀ ਅਗਵਾਈ ''ਚ ਸਜਾਇਆ ਗਿਆ ਨਗਰ ਕੀਰਤਨ

01/28/2020 4:28:28 PM

ਟਾਂਡਾ ਉੜਮੁੜ (ਮੋਮੀ)— ਗੁਰਦੁਆਰਾ ਸਾਹਿਬ ਸੰਤ ਬਾਬਾ ਭਾਗ ਸਿੰਘ (ਬਾਬਾ ਰੋਟੀ ਰਾਮ) ਜੀ ਪਿੰਡ ਢਡਿਆਲਾ ਤੋਂ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਅਲੌਕਿਕ ਨਗਰ ਕੀਰਤਨ ਖਾਲਸਾਈ ਸ਼ਾਨੋ-ਸ਼ੌਕਤ ਨਾਲ ਬੋਲੇ ਸੋਨਿਹਾਲ ਦੇ ਜੈਕਾਰਿਆਂ 'ਚ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਸਭ ਤੋਂ ਪਹਿਲਾਂ ਗੁਰੂ ਚਰਨਾਂ 'ਚ ਸਰਬਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੇ ਚਾਲੇ ਪਏ ਪਾਏ ਗਏ।

ਮਹਾਨ ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਅਤੇ ਗੁਰੂ ਕੀਆਂ ਸੰਗਤਾਂ ਵੱਲੋਂ ਪਵਿੱਤਰ ਸ਼ਬਦ ਗੁਰਬਾਣੀ ਦੇ ਜਾਪ ਕੀਤੇ ਜਾ ਰਹੇ ਸਨ। ਇਸ ਮੌਕੇ ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਟਾਂਡਾ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੰਗਜੂ ਕਰਤਬਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਪਹੁੰਚਣ 'ਤੇ ਗੁਰੂ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਿੰਡ ਢਡਿਆਲਾ ਤੋਂ ਆਰੰਭ ਹੋ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ, ਬਿਜਲੀ ਘਰ ਚੌਕ, ਜਾਜਾ ਬਾਈਪਾਸ ਚੌਕ, ਸਰਕਾਰੀ ਹਸਪਤਾਲ ਚੌਕ, ਬੱਸ ਸਟੈਂਡ ਟਾਂਡਾ, ਰੇਲਵੇ ਸਟੇਸ਼ਨ ਚੌਕ, ਖੱਖ ਰੋਡ, ਦਸਮੇਸ਼ ਨਗਰ ਟਾਂਡਾ, ਖੱਖ ਪਿੰਡ, ਝਾਂਸਾ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੇ ਮੁੱਖ ਸਮਾਗਮ ਭਲ ਕੇ 30 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਹੈ।

ਮਹਾਨ ਨਗਰ ਕੀਰਤਨ ਦੌਰਾਨ ਅਰਵਿੰਦਰ ਸਿੰਘ ਰਸੂਲਪੁਰ, ਪ੍ਰਧਾਨ ਕੁਲਵੰਤ ਸਿੰਘ ਜੌਹਲ, ਸਾਬਕਾ ਸਰਪੰਚ ਗੁਰਜੀਤ ਸਿੰਘ ਚੌਹਾਨ, ਗੁਰਦਿਆਲ ਸਿੰਘ ਢਿੱਲੋਂ, ਬਲਵਿੰਦਰ ਸਿੰਘ, ਰਣਵੀਰ ਕੌਰ, ਸਤਨਾਮ ਕੌਰ, ਹੈੱਡ ਗ੍ਰੰਥੀ ਬਾਬਾ ਕੁਲਵੀਰ ਸਿੰਘ, ਇਕਬਾਲ ਸਿੰਘ ਬੜੈਚ, ਜਥੇਦਾਰ ਮਨਜੀਤ ਸਿੰਘ ਖਾਲਸਾ, ਚਰਨ ਦਾਸ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਗਵਾਈ।

shivani attri

This news is Content Editor shivani attri