ਭੇਤਭਰੇ ਹਾਲਾਤ ''ਚ ਨੌਜਵਾਨ ਦੀ ਮੌਤ, ਮਾਮਲਾ ਦਰਜ

01/24/2020 9:06:11 PM

ਗੜ੍ਹਦੀਵਾਲਾ,(ਜਤਿੰਦਰ)- ਸਥਾਨਕ ਪੁਲਸ ਨੇ ਇਕ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦੇ ਸਬੰਧ 'ਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸ਼ਾਮ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਰਾਣਾ, ਹਾਲ ਵਾਸੀ ਪਿੰਡ ਗੋਂਦਪੁਰ, ਥਾਣਾ ਗੜ੍ਹਦੀਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਖੇਤੀਬਾੜੀ ਦੇ ਨਾਲ-ਨਾਲ ਟਰਾਂਸਪੋਰਟ ਦਾ ਕੰਮ ਵੀ ਕਰਦਾ ਹੈ ਅਤੇ ਉਸ ਦੇ ਪਿਤਾ ਦਾ ਡੇਰਾ ਪਿੰਡ ਰਾਣਾ ਵਿਚ ਹੈ। ਲਗਭਗ 7 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਦੀ ਮਤਰੇਈ ਮਾਂ ਦਾ ਇਕ ਲੜਕਾ ਦਰਬਾਰਾ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਰਾਣਾ ਵਿਖੇ ਜ਼ਮੀਨ ਵਿਚ ਰਹਿੰਦਾ ਹੈ ਅਤੇ ਹੁਣ ਉਨ੍ਹਾਂ ਆਪਣੀ ਜ਼ਮੀਨ ਦੀ ਵੰਡ ਕਰਨੀ ਸੀ।

ਦਰਬਾਰਾ ਸਿੰਘ ਦਾ ਲੜਕਾ ਸੰਦੀਪ ਸਿੰਘ ਉਰਫ ਬੰਟੀ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਉਹ ਉਸ ਦੇ ਲੜਕੇ ਸਤਨਾਮ ਸਿੰਘ ਉਰਫ ਸੰਨੀ ਉਮਰ 23 ਸਾਲ ਨੂੰ ਕਈ ਵਾਰ ਆਪਣੇ ਨਾਲ ਖੇਤਾਂ ਵਿਚ ਗੇੜਾ ਮਾਰਨ ਲਈ ਲੈ ਜਾਂਦਾ ਸੀ। ਬੀਤੀ 22 ਜਨਵਰੀ ਨੂੰ ਸ਼ਾਮ ਲਗਭਗ 5.30 ਵਜੇ ਸੰਦੀਪ ਸਿੰਘ ਉਰਫ ਬੰਟੀ ਸਾਡੇ ਘਰ ਆਇਆ ਅਤੇ ਮੇਰੇ ਲੜਕੇ ਸਤਨਾਮ ਸਿੰਘ ਉਰਫ ਸੰਨੀ ਨੂੰ ਆਪਣੇ ਨਾਲ ਲੈ ਗਿਆ ਤੇ ਕਹਿਣ ਲੱਗਾ ਕਿ ਉਨ੍ਹਾਂ ਖੇਤਾਂ ਵਿਚ ਗੇੜਾ ਮਾਰਨ ਜਾਣਾ ਹੈ। ਸ਼ਾਮ ਲਗਭਗ 6 ਵਜੇ ਸੰਦੀਪ ਸਿੰਘ ਉਰਫ ਬੰਟੀ ਆਪਣੀ ਸੈਂਟਰੋ ਕਾਰ ਨੰਬਰ ਪੀ ਬੀ 07-ਏ ਏ-0148 ਵਿਚ ਆਇਆ ਅਤੇ ਉਸ ਨੇ ਉਸ ਦੇ ਲੜਕੇ ਸਤਨਾਮ ਸਿੰਘ ਉਰਫ ਸੰਨੀ, ਜੋ ਬੇਹੋਸ਼ ਸੀ, ਨੂੰ ਘਰ ਦੇ ਬਾਹਰਲੇ ਗੇਟ ਵਿਚ ਸੁੱਟ ਕੇ ਆਵਾਜ਼ ਮਾਰੀ ਕਿ ਸੰਨੀ ਨੂੰ ਚੁੱਕ ਲਓ। ਉਹ ਆਪਣੀ ਕਾਰ ਵਿਚ ਉਥੋਂ ਚਲਾ ਗਿਆ। ਸ਼ਾਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੇਟ ਕੋਲ ਪੁੱਜਾ ਤਾਂ ਸੰਨੀ ਸਹਿਕ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਸੰਦੀਪ ਸਿੰਘ ਉਰਫ ਬੰਟੀ ਨੇ ਪਾਣੀ ਵਿਚ ਘੋਲ ਕੇ ਕੋਈ ਚੀਜ਼ ਪਿਆ ਦਿੱਤੀ ਹੈ ਅਤੇ ਉਸ ਨੂੰ ਚੱਕਰ ਆ ਰਹੇ ਹਨ। ਜਦੋਂ ਉਹ ਸੰਨੀ ਨੂੰ ਗੱਡੀ ਵਿਚ ਇਲਾਜ ਲਈ ਦਸੂਹਾ ਲਿਜਾਣ ਲੱਗੇ ਤਾਂ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਸ਼ਾਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 304 ਅਧੀਨ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


 


Related News