ਕਰੋਲ ਬਾਗ ਦੇ ਰਿਹਾਇਸ਼ੀ ਇਲਾਕੇ ''ਚ ਨਿਗਮ ਦੀ ਟੀਮ ਨੇ ਢਹਿ-ਢੇਰੀ ਕੀਤਾ ਕਮਰਸ਼ੀਅਲ ਨਿਰਮਾਣ

07/18/2020 4:40:32 PM

ਜਲੰਧਰ (ਮਹੇਸ਼)— ਕਰੋਲ ਬਾਗ (ਵਾਰਡ ਨੰ. 7) ਦੇ ਰਿਹਾਇਸ਼ੀ ਇਲਾਕੇ 'ਚ ਸ਼ੁੱਕਰਵਾਰ ਨਗਰ ਨਿਗਮ ਦੀ ਟੀਮ ਨੇ ਰਿਆੜ ਆਟਾ ਚੱਟੀ ਦੇ ਨੇੜੇ ਕੀਤੇ ਜਾ ਰਹੇ ਕਮਰਸ਼ੀਅਲ ਨਿਰਮਾਣ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਇਹ ਕਾਰਵਾਈ ਸ਼ੁੱਕਰਵਾਰ ਨੂੰ ਦੁਪਹਿਰ ਦੇ ਸਮੇਂ ਇੰਸਪੈਕਟਰ ਅਰੁਣ ਖੰਨਾ ਦੀ ਅਗਵਾਈ ਵਿਚ ਕੀਤੀ ਗਈ। ਪਤਾ ਲੱਗਾ ਹੈ ਕਿ ਉਕਤ ਨਿਰਮਾਣ ਦਾ ਵਿਰੋਧ ਜਤਾਉਂਦੇ ਹੋਏ ਇਸ ਸਬੰਧੀ 3-4 ਦਿਨ ਪਹਿਲਾਂ ਹੀ ਕਰੋਲ ਬਾਗ ਦੇ ਹੀ ਰਹਿਣ ਵਾਲੇ ਸੁਖਬੀਰ ਸਿੰਘ ਮਿਨਹਾਸ ਨੇ ਲਿਖਤ ਰੂਪ ਨਾਲ ਸ਼ਿਕਾਇਤ ਦਿੱਤੀ ਸੀ ਅਤੇ ਇਸ ਸੰਬੰਧੀ ਪੂਰੀ ਜਾਂਚ ਕਰਨ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਜੇਕਰ ਨਿਰਮਾਣ ਬਿਨਾਂ ਕਿਸੇ ਮਨਜ਼ੂਰੀ ਦੇ ਬਣਾਇਆ ਜਾ ਰਿਹਾ ਹੈ ਤਾਂ ਇਸ 'ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ, ਜਿਸ ਦੇ ਬਾਅਦ ਅੱਜ ਨਿਗਮ ਟੀਮ ਕਾਰਵਾਈ ਕਰਨ ਲਈ ਪੁੱਜੀ ਸੀ।

ਹਾਲਾਂਕਿ ਉਕਤ ਬਿਲਡਿੰਗ ਦੇ ਮਾਲਕ ਲਿਖਪਾਲ ਸਿੰਘ ਵਾਸੀ ਕਰੋਲ ਬਾਗ ਦਾ ਕਹਿਣਾ ਹੈ ਕਿ ਨਿਗਮ ਨੇ ਉਨ੍ਹਾਂ ਦਾ ਨਿਰਮਾਣ ਢਹਿ-ਢੇਰੀ ਕਰਕੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਇਸ ਨੂੰ ਬਣਾਉਣ ਲਈ ਪਹਿਲਾਂ ਨਿਗਮ ਤੋਂ ਨਕਸ਼ਾ ਪਾਸ ਕਰਵਾਉਣ ਸਮੇਤ ਹੋਰ ਸਾਰੇ ਦਸਤਾਵੇਜ਼ ਪੂਰੇ ਕੀਤੇ ਸਨ। ਉਸ ਦੇ ਬਾਅਦ ਹੀ ਚਾਰਦੀਵਾਰੀ ਕੀਤੀ ਗਈ ਅਤੇ ਇਕ ਹਾਲ ਅਤੇ ਇਕ ਕਮਰਾ ਬਣਾਇਆ ਸੀ।

ਉਨ੍ਹਾਂ ਕਿਹਾ ਕਿ ਜਦ ਨਿਰਮਾਣ ਸੁੱਟਿਆ ਗਿਆ ਉਦੋਂ ਉਹ ਉਥੇ ਮੌਜੂਦ ਨਹੀਂ ਸਨ ਪ੍ਰੰਤੂ ਜਦ ਆ ਕੇ ਦੇਖਿਆ ਤਾਂ ਉਨ੍ਹਾਂ ਨੇ ਨਿਗਮ ਟੀਮ ਨੇ ਇਸ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਉਹ ਮਾਣਯੋਗ ਅਦਾਲਤ 'ਚ ਜਾਣਗੇ। ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਵੀ ਉਹ ਪੂਰੇ ਮਾਮਲੇ ਦੀ ਜਾਣਕਾਰੀ ਦੇ ਚੁੱਕੇ ਹਨ। ਮੌਕੇ 'ਤੇ ਪੁੱਜੇ ਵਾਰਡ ਨੰ. 7 ਦੇ ਕਾਂਗਰਸੀ ਨੇਤਾ ਪ੍ਰਵੀਨ ਨੇ ਵੀ ਕਾਰਵਾਈ ਕਰਨ ਆਈ ਨਿਗਮ ਟੀਮ ਦੀ ਵਿਧਾਇਕ ਬੇਰੀ ਨਾਲ ਫੋਨ ਗੱਲ ਵੀ ਕਰਵਾਉਣੀ ਚਾਹੀ ਪਰ ਉਨ੍ਹਾਂ ਨੇ ਗੱਲ ਕਰਨ ਤੋਂ ਸਾਫ ਮਨਾ ਕਰ ਦਿੱਤਾ ਅਤੇ ਆਪਣੀ ਕਾਰਵਾਈ ਕਰਨ ਦੇ ਬਾਅਦ ਨਿਗਮ ਟੀਮ ਉਥੋਂ ਚਲੀ ਗਈ। ਪ੍ਰਵੀਨ ਅਤੇ ਉਸ ਦੇ ਸਾਥੀਆਂ ਨੇ ਨਿਗਮ ਟੀਮ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ।

shivani attri

This news is Content Editor shivani attri