''ਪੂਲ'' ਵਾਲੇ ਟੈਂਡਰ ਸਵੀਕਾਰ ਕੀਤੇ ਤਾਂ ਫਸਣਗੇ ਨਿਗਮ ਅਧਿਕਾਰੀ

02/08/2020 10:46:27 AM

ਜਲੰਧਰ (ਖੁਰਾਣਾ)— ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਅਤੇ ਉਨ੍ਹਾਂ ਨੂੰ ਮੇਨਟੇਨ ਕਰਨ ਦੇ ਬਦਲੇ 'ਚ ਨਗਰ ਨਿਗਮ ਹਰ ਸਾਲ ਕਰੀਬ 4 ਕਰੋੜ ਰੁਪਏ ਦੇ ਟੈਂਡਰ ਲਾਉਂਦਾ ਹੈ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਟੈਂਡਰਾਂ 'ਤੇ ਕੁਝ ਇਕ ਠੇਕੇਦਾਰਾਂ ਦਾ ਹੀ ਕਬਜ਼ਾ ਰਿਹਾ ਹੈ ਪਰ ਹੁਣ ਇਨ੍ਹਾਂ ਠੇਕੇਦਾਰਾਂ 'ਚ ਉੱਚੀ ਪਹੁੰਚ ਵਾਲੇ ਨਵੇਂ ਠੇਕੇਦਾਰ ਵੀ ਸ਼ਾਮਲ ਹੋ ਗਏ ਹਨ। ਪਿਛਲੇ ਸਾਲ ਇਨ੍ਹਾਂ ਠੇਕੇਦਾਰਾਂ ਨੇ ਟੈਂਡਰ ਭਰਦੇ ਸਮੇਂ ਆਪਸ 'ਚ ਪੂਲ ਕਰਨਾ ਚਾਹਿਆ ਸੀ ਪਰ ਸੁਧੀਰ ਨਾਂ ਦੇ ਇਕ ਠੇਕੇਦਾਰ ਨੇ ਇਨ੍ਹਾਂ ਦਾ ਪੂਲ ਤੋੜ ਦਿੱਤਾ, ਜਿਸ ਕਾਰਨ ਸਾਰੇ ਠੇਕੇਦਾਰਾਂ ਨੂੰ 33-33 ਫੀਸਦੀ ਡਿਸਕਾਊਂਟ 'ਤੇ ਠੇਕੇ ਲੈਣੇ ਪਏ, ਜਿਸ ਨਾਲ ਨਿਗਮ ਨੂੰ 1.35 ਕਰੋੜ ਰੁਪਏ ਦੀ ਬੱਚਤ ਹੋਈ।

ਹੁਣ ਇਨ੍ਹਾਂ ਸਟਰੀਟ ਲਾਈਟ ਠੇਕੇਦਾਰਾਂ ਨੇ ਸੁਧੀਰ ਨਾਂ ਦੇ ਠੇਕੇਦਾਰ ਨੂੰ ਵੀ ਆਪਣੇ ਨਾਲ ਮਿਲਾ ਕੇ ਜੋ ਟੈਂਡਰ ਭਰੇ ਉਨ੍ਹਾਂ 'ਚ ਵੱਧ ਤੋਂ ਵੱਧ 4.5 ਫੀਸਦੀ ਡਿਸਕਾਊਂਟ ਦਿੱਤਾ ਗਿਆ ਹੈ, ਜਿਸ ਨਾਲ ਨਿਗਮ ਨੂੰ 20 ਲੱਖ ਰੁਪਏ ਦੀ ਵੀ ਬੱਚਤ ਨਹੀਂ ਹੋਵੇਗੀ। ਇਸ ਤਰ੍ਹਾਂ ਇਹ ਠੇਕੇਦਾਰ ਆਪਸ ਵਿਚ ਪੂਲ ਕਰਕੇ ਨਿਗਮ ਨੂੰ ਪਿਛਲੀ ਵਾਰ ਦੇ ਮੁਕਾਬਲੇ 1.15 ਕਰੋੜ ਰੁਪਏ ਦਾ ਚੂਨਾ ਲਾਉਣ ਜਾ ਰਹੇ ਹਨ, ਜਿਸ ਦਾ ਮਾਮਲਾ 'ਜਗ ਬਾਣੀ' 'ਚ ਉਜਾਗਰ ਹੋਣ ਨਾਲ ਨਿਗਮ 'ਚ ਹਫੜਾ-ਦਫੜੀ ਮਚੀ ਹੋਈ ਹੈ।

ਖਾਸ ਗੱਲ ਇਹ ਹੈ ਕਿ ਇਨ੍ਹਾਂ ਸਟਰੀਟ ਲਾਈਟ ਠੇਕੇਦਾਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਦੇ ਕਈ ਅਧਿਕਾਰੀਆਂ ਨਾਲ ਖਾਸ ਸੈਟਿੰਗ ਹੈ। ਇਸ ਵਾਰ ਵੀ ਉਹ ਸੈਟਿੰਗ ਕਾਰਨ ਬਹੁਤ ਘੱਟ ਡਿਸਕਾਊਂਟ 'ਤੇ ਟੈਂਡਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੁਝ ਨਿਗਮ ਅਧਿਕਾਰੀ ਇਸ ਕੰਮ 'ਚ ਸ਼ਾਮਲ ਹੋਣ ਤੋਂ ਡਰ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਜਿਹੀ ਹੀ ਨੌਬਤ 2015 'ਚ ਵੀ ਆਈ ਸੀ, ਜਦੋਂ ਸਟਰੀਟ ਲਾਈਟ ਠੇਕੇਦਾਰਾਂ ਨੇ ਆਪਸ ਵਿਚ ਪੂਲ ਕਰ ਕੇ ਨਿਗਮ ਨੂੰ ਚੂਨਾ ਲਾਉਣ ਦੀ ਤਿਆਰੀ ਕਰ ਲਈ ਸੀ ਤਦ ਨਿਗਮ ਦੇ ਇਕ ਠੇਕੇਦਾਰ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲੋਕਲ ਬਾਡੀਜ਼ ਦੇ ਇੰਜੀਨੀਅਰ ਇਨ ਚੀਫ ਨੇ 20 ਦਸੰਬਰ 2017 ਨੂੰ ਜਲੰਧਰ ਨਿਗਮ ਦੇ ਕਈ ਅਧਿਕਾਰੀਆਂ ਨੂੰ ਵਾਰਨਿੰਗ ਲੈਟਰ ਜਾਰੀ ਕੀਤਾ ਸੀ। ਇਹ ਵਾਰਨਿੰਗ ਲੈਟਰ ਉਸ ਸਮੇਂ ਦੇ ਐੱਸ. ਈ. ਲਖਵਿੰਦਰ ਸਿੰਘ, ਐਕਸੀਅਨ ਗੁਰਚੈਨ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ ਅਤੇ ਸਤਿੰਦਰ ਕੁਮਾਰ ਨੂੰ ਜਾਰੀ ਹੋਏ ਸਨ। ਜਿਨ੍ਹਾਂ ਵਿਚ ਸਾਫ ਲਿਖਿਆ ਗਿਆ ਸੀ ਕਿ ਅਧਿਕਾਰੀਆਂ ਨੂੰ ਠੇਕੇਦਾਰਾਂ ਦੇ ਆਪਸੀ ਪੂਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਕਿ ਠੇਕੇਦਾਰਾਂ ਨੇ ਆਪਸ ਵਿਚ ਮਿਲ ਕੇ ਟੈਂਡਰ ਭਰੇ ਹਨ। ਉਸ ਵਾਰਨਿੰਗ ਲੈਟਰ ਵਿਚ ਇਹ ਵੀ ਲਿਖਿਆ ਸੀ ਕਿ ਇਨ੍ਹਾਂ ਟੈਂਡਰਾਂ ਨੂੰ ਰਿਜੈਕਟ ਕਰ ਕੇ ਉਨ੍ਹਾਂ ਨੂੰ ਰੀ-ਕਾਲ ਕੀਤਾ ਜਾਣਾ ਚਾਹੀਦਾ ਸੀ। ਇਸ ਵਾਰਨਿੰਗ ਲੈਟਰ ਵਿਚ ਸਾਰੇ ਅਧਿਕਾਰੀਆਂ ਨੂੰ ਭਵਿੱਖ ਵਿਚ ਇਸ ਚੀਜ਼ ਦਾ ਪੂਰਾ ਖਿਆਲ ਰੱਖਣ ਲਈ ਕਿਹਾ ਗਿਆ ਸੀ।

ਪਹਿਲਾਂ ਐੱਫ. ਐਂਡ ਸੀ. ਸੀ. ਅਤੇ ਫਿਰ ਸਰਕਾਰ ਕੋਲ ਜਾਣਗੇ ਟੈਂਡਰ
ਹੁਣ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਪਣਾ ਪੱਲਾ ਝਾੜਦਿਆਂ ਪੂਲ ਕੀਤੇ ਹੋਏ ਟੈਂਡਰਾਂ ਨੂੰ ਐੱਫ. ਐਂਡ ਸੀ. ਸੀ. ਕਮੇਟੀ ਦੇ ਏਜੰਡੇ ਵਿਚ ਪਾ ਦਿਤਾ ਹੈ। ਮੰਨਿਆ ਜਾ ਰਿਹਾ ਹੈ ਕਿ ਐੱਫ. ਐਂਡ ਸੀ. ਸੀ. ਕਮੇਟੀ ਠੇਕੇਦਾਰਾਂ ਕੋਲੋਂ 2-4 ਫੀਸਦੀ ਡਿਸਕਾਊਂਟ ਹੋਰ ਵਧਾ ਕੇ ਇਨ੍ਹਾਂ ਟੈਂਡਰਾਂ ਨੂੰ ਪਾਸ ਕਰ ਸਕਦੀ ਹੈ ਪਰ ਇਸ ਦੇ ਬਾਵਜੂਦ ਨਿਗਮ ਨੂੰ ਇਕ ਕਰੋੜ ਰੁਪਏ ਦਾ ਚੂਨਾ ਲੱਗ ਜਾਵੇਗਾ। ਇਸ ਤੋਂ ਬਾਅਦ ਇਹ ਟੈਂਡਰ ਪਾਸ ਹੋਣ ਲਈ ਚੰਡੀਗੜ੍ਹ ਲੋਕਲ ਬਾਡੀਜ਼ ਕੋਲ ਜਾਣਗੇ, ਜਿਥੇ ਇਨ੍ਹਾਂ ਦੀ ਸ਼ਿਕਾਇਤ ਦੂਜੇ ਠੇਕੇਦਾਰਾਂ ਵੱਲੋਂ ਕੀਤੀ ਜਾ ਸਕਦੀ ਹੈ।

ਨਿਗਮ ਨੂੰ ਬਲੈਕਮੇਲ ਕਰਨ 'ਚ ਲੱਗੇ ਕੁਝ ਸਟਰੀਟ ਲਾਈਟ ਠੇਕੇਦਾਰ
ਸਟਰੀਟ ਲਾਈਟ ਠੇਕੇਦਾਰਾਂ ਦਾ ਪਿਛਲੇ ਸਾਲ ਦਾ ਠੇਕਾ 31 ਜਨਵਰੀ ਨੂੰ ਖਤਮ ਹੋ ਚੁੱਕਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਅਤੇ ਰਿਪੇਅਰ ਕਰਨ ਦਾ ਕੰਮ ਬੰਦ ਕਰ ਦਿੱਤਾ ਹੈ। ਇਸ ਕਾਰਣ ਅੱਧੇ ਤੋਂ ਜ਼ਿਆਦਾ ਸ਼ਹਿਰ ਹਨੇਰੇ ਵਿਚ ਡੁੱਬਿਆ ਰਹਿੰਦਾ ਹੈ, ਜਿਸ ਕਾਰਣ ਵਾਰਦਾਤਾਂ ਵੀ ਵਧ ਰਹੀਆਂ ਹਨ। ਇਨ੍ਹੀਂ ਦਿਨੀਂ ਠੇਕੇਦਾਰਾਂ ਵਿਚ ਆਪਸੀ ਫੁੱਟ ਪਈ ਹੋਈ ਹੈ ਕਿਉਂਕਿ ਕੁਝ ਠੇਕੇਦਾਰ ਭਾਜਪਾ, ਜਦੋਂਕਿ ਕੁਝ ਕਾਂਗਰਸੀ ਪਾਰਟੀ ਦੇ ਚਹੇਤੇ ਹਨ, ਜੋ ਕਾਂਗਰਸ ਦੇ ਚਹੇਤੇ ਹਨ, ਉਹ ਆਪਣੇ ਆਦਮੀਆਂ ਨਾਲ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਕੰਮ ਚੋਰੀ ਛੁਪੇ ਕਰਵਾ ਰਹੇ ਹਨ, ਜਿਸ ਨਾਲ ਹੋਰ ਠੇਕੇਦਾਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਸ ਪ੍ਰੇਸ਼ਾਨੀ ਦੇ ਕਾਰਣ ਕੁਝ ਠੇਕੇਦਾਰਾਂ ਵੱਲੋਂ ਸਟਰੀਟ ਲਾਈਟਾਂ ਦੀਆਂ ਮੇਨ ਤਾਰਾਂ ਨੂੰ ਕੱਟੇ ਜਾਣ ਦੀ ਵੀ ਸੂਚਨਾ ਹੈ ਤਾਂ ਜੋ ਸਿਰਫ ਸਵਿੱਚ ਲਾਉਣ ਨਾਲ ਸਟਰੀਟ ਲਾਈਟਾਂ ਜਗ ਨਾ ਸਕਣ। ਠੇਕੇਦਾਰਾਂ ਦੀ ਅਜਿਹੀ ਬਲੈਕਮੇਲਿੰਗ ਨਾਲ ਨਿਗਮ ਅਧਿਕਾਰੀ ਵੀ ਪ੍ਰੇਸ਼ਾਨ ਹਨ, ਜੋ ਆਪਣੇ ਪੈਟਰੋਲਰਾਂ ਤੋਂ ਕੁਝ ਲਾਈਟਾਂ ਨੂੰ ਜਗਾ-ਬੁਝਾ ਰਹੇ ਹਨ। ਹੁਣ ਵੇਖਣਾ ਹੈ ਕਿ ਨਿਗਮ ਇਨ੍ਹਾਂ ਠੇਕੇਦਾਰਾਂ ਅੱਗੇ ਝੁਕਦਾ ਹੈ ਜਾਂ ਨਹੀਂ।

ਐੱਲ. ਈ. ਡੀ. ਲਾਈਟਾਂ ਦੇ ਤਿੰਨ ਟੈਂਡਰ ਆਏ, ਜਲਦੀ ਸ਼ੁਰੂ ਹੋਵੇਗਾ ਕੰਮ
ਨਗਰ ਨਿਗਮ ਨੇ ਸਮਾਰਟ ਸਿਟੀ ਨਾਲ ਸ਼ਹਿਰ ਵਿਚ ਕਰੀਬ 75 ਹਜ਼ਾਰ ਐੱਲ. ਈ. ਡੀ. ਲਾਈਟਾਂ ਲਾਉਣ ਲਈ ਟੈਂਡਰ ਲਾਏ ਸਨ, ਜਿਨ੍ਹਾਂ ਨੂੰ ਖੋਲ੍ਹਿਆ ਜਾ ਚੁੱਕਾ ਹੈ ਅਤੇ 3 ਕਰਮਚਾਰੀਆਂ ਨੇ ਟੈਂਡਰ ਭਰੇ ਹਨ। ਸਮਾਰਟ ਸਿਟੀ ਵਲੋਂ ਜਲਦੀ ਇਨ੍ਹਾਂ ਟੈਂਡਰਾਂ ਨੂੰ ਪਾਸ ਕਰ ਕੇ ਕੰਮ ਸ਼ੁਰੂ ਕਰਵਾਏ ਜਾਣ ਦਾ ਪ੍ਰੋਗਰਾਮ ਹੈ, ਜਿਸ ਦੇ ਲਈ ਵੀ ਵਿਧਾਇਕ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਨਿਗਮ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਟਰੀਟ ਲਾਈਟ ਮੇਨਟੀਨੈਂਸ ਦੇ ਟੈਂਡਰਾਂ ਨੂੰ ਸਵੀਕਾਰ ਕਰਨ ਦੀ ਬਜਾਏ ਆਪਣੇ ਸਟਾਫ ਕੋਲੋਂ ਇਹ ਕੰਮ ਕਰਵਾਉਣ ਅਤੇ ਨਵੀਆਂ ਐੱਲ. ਈ. ਡੀ. ਲਾਈਟਾਂ ਲਾਉਣੀਆਂ ਜਲਦੀ ਸ਼ੁਰੂ ਕੀਤੀਆਂ ਜਾਣ।


shivani attri

Content Editor

Related News