ਅਮਰੁਤ ਯੋਜਨਾ ਦੇ 14 ਕਰੋੜ ਦੇ ਟੈਂਡਰ 5 ਫੀਸਦੀ ਜ਼ਿਆਦਾ ਰਕਮ ''ਤੇ ਅਲਾਟ ਹੋਣਗੇ

01/21/2020 4:51:30 PM

ਜਲੰਧਰ (ਖੁਰਾਣਾ)— ਨਗਰ ਨਿਗਮ ਦੀ ਫਾਈਨਾਂਸ ਐਂਡ ਕਾਂਟਰੈਕਟ ਕਮੇਟੀ ਦੀ ਇਕ ਮੀਟਿੰਗ 23 ਜਨਵਰੀ ਨੂੰ ਮੇਅਰ ਜਗਦੀਸ਼ ਰਾਜਾ ਦੀ ਅਗਵਾਈ 'ਚ ਹੋਣ ਜਾ ਰਹੀ ਹੈ, ਜਿਸ ਦੌਰਾਨ ਮੁੱਖ ਪ੍ਰਸਤਾਵ ਅਮਰੁਤ ਯੋਜਨਾ ਦੇ ਤਹਿਤ ਪੁਰਾਣੀਆਂ ਵਾਟਰ ਸਪਲਾਈ ਲਾਈਨਾਂ ਨੂੰ ਬਦਲਣ ਅਤੇ ਨਵੀਆਂ ਪਾਈਪ ਲਾਈਨਾਂ ਵਿਛਾਉਣ ਨਾਲ ਸਬੰਧਤ ਪਾਇਆ ਗਿਆ ਹੈ। ਇਸ ਦੇ ਤਹਿਤ 14 ਕਰੋੜ ਰੁਪਏ ਦੇ 2 ਟੈਂਡਰ ਲੁਧਿਆਣਾ ਕੰਸਟ੍ਰੱਕਸ਼ਨ ਕੰਪਨੀ ਨੂੰ ਟੈਂਡਰ ਅਮਾਊਂਟ ਨਾਲੋਂ 5 ਫੀਸਦੀ ਜ਼ਿਆਦਾ ਅਮਾਊਂਟ 'ਤੇ ਅਲਾਟ ਕਰਨ ਦੇ ਪ੍ਰਸਤਾਵ ਹਨ।

ਜ਼ਿਕਰਯੋਗ ਹੈ ਕਿ ਅਮਰੁਤ ਯੋਜਨਾ ਦੇ ਤਹਿਤ ਨਿਗਮ ਨੇ ਸਾਲਾ ਪਹਿਲਾਂ ਕੁਲ 84 ਕਰੋੜ ਰੁਪਏ ਦਾ ਇਕ ਟੈਂਡਰ ਲਾਇਆ ਸੀ ਤਾਂ ਜੋ ਪੂਰੇ ਸ਼ਹਿਰ ਦੀਆਂ ਪੁਰਾਣੀਆਂ ਪਾਈਪ ਲਾਈਨਾਂ ਨੂੰ ਬਦਲਿਆ ਜਾ ਸਕੇ। ਕਿਸੇ ਠੇਕੇਦਾਰ ਨੇ ਵਾਰ-ਵਾਰ ਲੱਗੇ ਟੈਂਡਰਾਂ ਨੂੰ ਨਹੀਂ ਭਰਿਆ, ਜਿਸ ਤੋਂ ਬਾਅਦ ਨਿਗਮ ਨੇ 21 ਕਰੋੜ ਰੁਪਏ ਦੇ 3 ਟੈਂਡਰ ਲਾਏ, ਜਿਨ੍ਹਾਂ ਵਿਚੋਂ 7.94 ਕਰੋੜ ਦਾ ਟੈਂਡਰ ਹੀ ਕਈ ਮਹੀਨੇ ਪਹਿਲਾਂ ਸਿਰੇ ਚੜ੍ਹਿਆ। ਇਸ ਦਾ ਕੰਮ ਕੁਝ ਇਲਾਕਿਆਂ 'ਚ ਜਾਰੀ ਹੈ।

ਇਸੇ ਪ੍ਰਾਜੈਕਟ ਦੇ ਤਹਿਤ ਜ਼ੋਨ ਨੰਬਰ 1, 3 ਅਤੇ 4 ਦੇ ਇਲਾਕਿਆਂ ਲਈ 6.82 ਕਰੋੜ ਦੇ ਟੈਂਡਰ 8 ਵਾਰ ਲਾਏ ਗਏ, ਜੋ ਕਿਸੇ ਨੂੰ ਅਲਾਟ ਨਹੀਂ ਹੋਏ। 9ਵੀਂ ਵਾਰ ਇਹ ਕੰਮ ਲੁਧਿਆਣਾ ਕੰਸਟ੍ਰੱਕਸ਼ਨ ਕੰਪਨੀ ਨੂੰ 5 ਫੀਸਦੀ ਜ਼ਿਆਦਾ ਰਕਮ ਭਾਵ 7.16 ਕਰੋੜ 'ਚ ਅਲਾਟ ਕਰਨ ਲਈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸੇ ਏਜੰਸੀ ਨੂੰ ਤੀਜਾ ਟੈਂਡਰ ਜੋ ਜ਼ੋਨ 6 ਤੇ 7 ਲਈ 6.58 ਕਰੋੜ ਦਾ ਹੈ, 5 ਫੀਸਦੀ ਤੋਂ ਵੱਧ ਰਕਮ 'ਤੇ 6.91 ਕਰੋੜ 'ਚ ਦਿੱਤਾ ਜਾ ਰਿਹਾ ਹੈ। ਐੱਫ. ਐਂਡ ਸੀ. ਸੀ. ਦੀ ਮੀਟਿੰਗ 'ਚ ਬੀ. ਐਂਡ ਆਰ. ਅਤੇ ਓ. ਐਂਡ ਐੱਮ. ਨਾਲ ਸਬੰਧਤ ਵਿਕਾਸ ਕੰਮਾਂ ਤੋਂ ਇਲਾਵਾ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫਾਈ ਦੇ ਕੁਝ ਕੰਮ ਵੀ ਸ਼ਾਮਲ ਹਨ।

ਚੋਣ ਮੋਡ 'ਚ ਆ ਕੇ ਲਿਆ ਜਾ ਰਿਹਾ ਫੈਸਲਾ
ਅਮਰੁਤ ਯੋਜਨਾ ਦੇ ਤਹਿਤ 84 ਕਰੋੜ ਦੇ ਟੈਂਡਰ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਲੱਗਣੇ ਸ਼ੁਰੂ ਹੋਏ ਸਨ ਪਰ 2 ਸਾਲ ਨਿਗਮ 'ਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਇਹ ਟੈਂਡਰ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹੇ। ਵਿਧਾਇਕ ਬੇਰੀ ਨੇ ਆਪਣੇ ਹਲਕੇ ਲਈ ਇਕ ਟੈਂਡਰ ਕਿਸੇ ਨਾ ਕਿਸੇ ਤਰ੍ਹਾਂ ਪਾਸ ਕਰਵਾ ਲਿਆ, ਜਿਸ ਦੇ ਤਹਿਤ ਉਨ੍ਹਾਂ ਦੇ ਹਲਕੇ 'ਚ ਕੰਮ ਜਾਰੀ ਹੈ। ਜਲੰਧਰ ਵੈਸਟ ਅਤੇ ਜਲੰਧਰ ਛਾਉਣੀ ਨਾਲ ਸਬੰਧਤ ਵਾਰਡਾਂ ਦੇ 2 ਟੈਂਡਰ ਸਿਰੇ ਨਾ ਚੜ੍ਹਨ ਨਾਲ ਵਿਧਾਇਕ ਵੀ ਨਾਰਾਜ਼ ਸਨ। ਕਾਂਗਰਸ ਨੇ ਹੁਣ ਚੋਣ ਮੋਡ 'ਚ ਆ ਕੇ ਦੋਵਾਂ ਟੈਂਡਰਾਂ ਨੂੰ ਮਨਜ਼ੂਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਡਿਸਕਾਊਂਟ ਦੀ ਬਜਾਏ ਠੇਕੇਦਾਰ ਨੂੰ 5 ਫੀਸਦੀ ਜ਼ਿਆਦਾ ਰਕਮ 'ਤੇ ਵੀ ਟੈਂਡਰ ਅਲਾਟ ਕੀਤੇ ਜਾ ਰਹੇ ਹਨ।

ਬਜਵਾੜਾ ਸੋਸਾਇਟੀ 'ਤੇ ਐੱਫ. ਆਈ. ਆਰ. ਬਾਰੇ ਫਿਰ ਪ੍ਰਸਤਾਵ ਆਇਆ
ਹੁਸ਼ਿਆਰਪੁਰੀਏ ਠੇਕੇਦਾਰਾਂ 'ਤੇ ਆਧਾਰਤ ਬਜਵਾੜਾ ਸੋਸਾਇਟੀ ਨੇ ਕੁਝ ਸਾਲ ਪਹਿਲਾਂ ਟੈਂਡਰ ਹਥਿਆਉਣ ਲਈ ਨਗਰ ਨਿਗਮ ਨੂੰ ਫਰਜ਼ੀ ਦਸਤਾਵੇਜ਼ ਸੌਂਪੇ ਸਨ, ਜੋ ਪਕੜ ਵਿਚ ਆ ਗਏ ਪਰ ਕਈ ਸਾਲ ਉਨ੍ਹਾਂ ਠੇਕੇਦਾਰਾਂ 'ਤੇ ਕਾਰਵਾਈ ਨਹੀਂ ਹੋਈ। ਐੱਫ. ਐਂਡ ਸੀ. ਸੀ. ਦੀ ਪਿਛਲੀ ਮੀਟਿੰਗ ਦੌਰਾਨ ਬਜਵਾੜਾ ਕੋਆਪ੍ਰੇਟਿਵ ਸੋਸਾਇਟੀ 'ਤੇ ਫਰਜ਼ੀਵਾੜੇ ਦੀ ਐੱਫ. ਆਈ. ਆਰ. ਦਰਜ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਪਰ ਉਸ ਤੋਂ ਬਾਅਦ ਸੋਸਾਇਟੀ ਵਲੋਂ ਈਸ਼ਾਂਤ ਸ਼ਰਮਾ ਪੁੱਤਰ ਅਸ਼ਵਨੀ ਸ਼ਰਮਾ ਨੇ ਆ ਕੇ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਡਿਜੀਟਲ ਸਿਗਨੇਚਰ ਸਰਟੀਫਿਕੇਟ ਗੁਆਚਣ ਸਬੰਧੀ ਪੁਲਸ ਕੋਲ 21 ਦਸੰਬਰ 2019 ਨੂੰ ਰਿਪੋਰਟ ਦਰਜ ਕਰਵਾਈ ਗਈ ਹੈ। ਐੱਫ. ਐਂਡ ਸੀ. ਸੀ. ਨੇ ਇਹ ਫੈਸਲਾ 20 ਦਸੰਬਰ 2019 ਦੀ ਮੀਟਿੰਗ 'ਚ ਲਿਆ ਸੀ, ਜਿਸ ਤੋਂ ਸਪੱਸ਼ਟ ਹੈ ਕਿ ਐੱਫ. ਆਈ. ਆਰ. ਤੋਂ ਡਰ ਕੇ ਸੋਸਾਇਟੀ ਨੇ ਪੁਲਸ ਰਿਪੋਰਟ ਦਰਜ ਕਰਵਾਈ। ਹੁਣ ਇਸ ਮਾਮਲੇ 'ਚ ਐੱਫ. ਐਂਡ ਸੀ. ਸੀ. ਨੂੰ ਨਵੇਂ ਸਿਰੇ ਤੋਂ ਫੈਸਲਾ ਲੈਣ ਲਈ ਕਿਹਾ ਗਿਆ ਹੈ।

shivani attri

This news is Content Editor shivani attri