ਭੜਕੇ ਲੋਕਾਂ ਨੇ ਨਿਗਮ ਟੀਮ ਨੂੰ ਘੇਰਿਆ, ਕਮਿਸ਼ਨਰ ਦਾ ਪੁਤਲਾ ਫੂਕਿਆ

12/26/2019 12:10:00 PM

ਜਲੰਧਰ (ਖੁਰਾਣਾ)— ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਜ਼ਿਆਦਾਤਰ ਅਫਸਰ ਮੌਜੂਦ ਨਹੀਂ ਸਨ, ਜਿਸ ਦਾ ਮੇਅਰ ਜਗਦੀਸ਼ ਰਾਜਾ ਨੇ ਵੀ ਗੁੱਸਾ ਕੀਤਾ ਅਤੇ ਨਿਰਦੇਸ਼ ਦਿੱਤੇ ਕਿ ਭਵਿੱਖ 'ਚ ਹਰ ਅਫਸਰ ਦਾ ਕੌਂਸਲਰ ਹਾਊਸ ਦੀ ਮੀਟਿੰਗ 'ਚ ਹੋਣਾ ਯਕੀਨੀ ਕੀਤਾ ਜਾਵੇ। ਨਿਗਮ ਅਫਸਰਾਂ ਦੀ ਗੈਰ-ਮੌਜੂਦਗੀ ਕਾਰਨ ਜ਼ਿਆਦਾਤਰ ਕੌਂਸਲਰਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲ ਸਕੇ ਅਤੇ ਨਾ ਹੀ ਉਹ ਸਬੰਧਤ ਅਧਿਕਾਰੀਆਂ ਨੂੰ ਆਪਣੀਆਂ ਦੁੱਖ-ਤਕਲੀਫਾਂ ਹੀ ਦੱਸ ਸਕੇ।

ਇਹ ਤਾਂ ਹੋਈ ਗੈਰ ਮੌਜੂਦ ਅਫਸਰਾਂ ਦੀ ਗੱਲ ਪਰ ਕੌਂਸਲਰ ਹਾਊਸ ਵਿਚ ਜੋ ਅਫਸਰ ਮੌਜੂਦ ਵੀ ਸਨ ਉਨ੍ਹਾਂ 'ਤੇ ਵੀ ਹਾਊਸ ਦੇ ਸਾਹਮਣੇ ਝੂਠ ਬੋਲਣ ਦਾ ਦੋਸ਼ ਲੱਗਾ ਹੈ। ਵਾਰਡ ਨੰ. 77 ਦੀ ਕੌਂਸਲਰ ਸ਼ਵੇਤਾ ਧੀਰ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਨ੍ਹਾਂ ਕੌਂਸਲਰ ਹਾਊਸ 'ਚ ਆਪਣੇ ਵਾਰਡ ਨਾਲ ਸਬੰਧਤ ਸੀਵਰੇਜ ਬਲਾਕੇਜ, ਗੰਦਾ ਪਾਣੀ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਤ ਸਮੱਸਿਆਵਾਂ ਰੱਖੀਆਂ ਤਾਂ ਮੇਅਰ ਦੇ ਬੁਲਾਉਣ 'ਤੇ ਇਲਾਕੇ ਦੇ ਐਕਸੀਅਨ ਗੁਰਚੈਨ ਸਿੰਘ ਨੇ ਮਾਈਕ 'ਤੇ ਆ ਕੇ ਸਾਫ ਕਿਹਾ ਕਿ ਉਨ੍ਹਾਂ ਦੇ ਵਾਰਡ 'ਚ ਕੋਈ ਸਮੱਸਿਆ ਨਹੀਂ ਹੈ ਅਤੇ ਨਾ ਹੀ ਕੋਈ ਅਜਿਹੀ ਸਮੱਸਿਆ ਉਨ੍ਹਾਂ ਦੀ ਜਾਣਕਾਰੀ ਵਿਚ ਹੈ।
ਕੌਂਸਲਰ ਸ਼ਵੇਤਾ ਧੀਰ ਦੇ ਪਤੀ ਵਿਨੀਤ ਧੀਰ ਨੇ ਅਫਸਰਾਂ ਦੇ ਇਹ ਝੂਠ ਸੁਣ ਕੇ ਉਨ੍ਹਾਂ ਨੂੰ ਇਹ ਮੈਸੇਜ ਭੇਜਿਆ ਕਿ ਹੁਣ ਉਨ੍ਹਾਂ ਕੋਲ ਹਾਈ ਕੋਰਟ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਕਿਉਂਕਿ ਹਾਊਸ 'ਚ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕੌਂਸਲਰ ਪਤੀ ਦੀ ਧਮਕੀ ਸੁਣ ਕੇ ਨਿਗਮ ਦੇ ਐਕੀਸਅਨ ਗੁਰਚੈਨ ਸਿੰਘ, ਐੱਸ. ਡੀ. ਓ. ਰਵਿੰਦਰ ਸਿੰਘ ਤੇ ਜੇ. ਈ. ਯਸ਼ ਆਦਿ ਵਾਰਡ ਨੰ. 77 ਦੇ ਇਲਾਕਿਆਂ ਵਿਚ ਪਹੁੰਚੇ ਜਿੱਥੇ ਵਾਰਡ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਸੂਚਨਾ ਮਿਲਣ 'ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਨਿਗਮ ਅਧਿਕਾਰੀਆਂ ਦੇ ਉਥੇ ਪਹੁੰਚਦਿਆਂ ਹੀ ਵਾਰਡ ਵਾਸੀਆਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ, ਜਿਨ੍ਹਾਂ ਦੀ ਅਗਵਾਈ ਵਿਪਨ ਨਈਅਰ, ਪਿੰਕੀ, ਆਸ਼ਾ, ਕਮਲਾ ਦੇਵੀ, ਸੁਰੇਸ਼ ਆਦਿ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਨਿਗਮ ਅਫਸਰਾਂ ਦਾ ਵਿਰੋਧ ਕਰਦਿਆਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦਾ ਪੁਤਲਾ ਫੂਕਿਆ ਤੇ ਪੰਜਾਬ ਸਰਕਾਰ ਤੇ ਨਗਰ ਨਿਗਮ ਵਿਰੋਧੀ ਨਾਅਰੇ ਲਾਏ।

15 ਦਿਨਾਂ ਤੋਂ ਤਿਆਰ ਸੀ ਪੁਤਲਾ
ਕੌਂਸਲਰ ਪਤੀ ਵਿਨੀਤ ਧੀਰ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੀ ਸੀਵਰ ਸਮੱਸਿਆ ਕਰੀਬ ਡੇਢ ਸਾਲ ਪੁਰਾਣੀ ਹੈ ਤੇ ਪੀਣ ਦੇ ਪਾਣੀ ਦੀ ਸਮੱਸਿਆ ਵੀ ਕਈ ਮਹੀਨਿਆਂ ਤੋਂ ਚੱਲ ਰਹੀ ਹੈ। ਇਨ੍ਹਾਂ ਸਮੱਸਿਆਵਾਂ ਬਾਰੇ ਉਹ ਹਰ ਰੋਜ਼ ਨਿਯਮਤ ਤੌਰ 'ਤੇ ਨਿਗਮ ਅਧਿਕਾਰੀਆਂ ਨੂੰ ਫੋਨ 'ਤੇ ਮੈਸੇਜ ਕਰਦੇ ਹਨ। ਕਰੀਬ 15 ਦਿਨ ਪਹਿਲਾਂ ਐਕਸੀਅਨ ਨੂੰ ਕਮਿਸ਼ਨਰ ਦਾ ਪੁਤਲੇ ਦੀ ਫੋਟੋ ਭੇਜ ਕੇ ਕਹਿ ਦਿੱਤਾ ਸੀ ਕਿ ਜੇਕਰ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਲੋਕ ਕਮਿਸ਼ਨਰ ਦਾ ਪੁਤਲਾ ਫੂਕਣਗੇ। ਉਨ੍ਹਾਂ ਦੱਸਿਆ ਕਿ ਐਕਸੀਅਨ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਤੇ ਅਗਲੇ ਦਿਨ ਆ ਕੇ ਵਾਰਡ ਦਾ ਦੌਰਾ ਕੀਤਾ। ਕੰਮ ਤਾਂ ਕੋਈ ਸਿਰੇ ਨਹੀਂ ਚੜ੍ਹਿਆ ਪਰ ਅਫਸਰਾਂ ਨੇ ਹਾਊਸ ਦੀ ਮੀਟਿੰਗ ਵਿਚ ਸਫੈਦ ਝੂਠ ਬੋਲ ਦਿੱਤਾ ਕਿ ਵਾਰਡ ਵਿਚ ਕੋਈ ਸਮੱਸਿਆ ਹੀ ਨਹੀਂ ਹੈ।

PunjabKesari

ਗੰਦੇ ਪਾਣੀ ਵਿਚ ਡੁੱਬੀਆਂ ਰਹਿੰਦੀਆਂ ਹਨ ਕਈ ਗਲੀਆਂ
ਕੌਂਸਲਰ ਸ਼ਵੇਤਾ ਧੀਰ ਨੇ ਦੱਸਿਆ ਕਿ ਰਾਜਨਗਰ ਗੁਰਦੁਆਰੇ ਕੋਲ ਸੀਵਰੇਜ ਬਲਾਕੇਜ ਦੀ ਸਮੱਸਿਆ ਡੇਢ-ਦੋ ਸਾਲ ਤੋਂ ਹੈ, ਜਿਸ ਕਾਰਨ ਕਈ ਗਲੀਆਂ ਗੰਦੇ ਪਾਣੀ ਵਿਚ ਡੁੱਬੀਆਂ ਰਹਿੰਦੀਆਂ ਹਨ। ਲੋਕਾਂ ਨੇ ਇਸ ਸਮੱਸਿਆ ਕਾਰਨ ਕਪੂਰਥਲਾ ਰੋਡ ਨੂੰ ਵੀ ਜਾਮ ਕੀਤਾ ਸੀ, ਜਿਸ 'ਤੇ ਨਿਗਮ ਨੇ ਪਰਚੇ ਵੀ ਦਰਜ ਕਰਵਾਏ ਸਨ। ਬਾਵਜੂਦ ਉਸ ਦੇ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਇਕ ਜਗ੍ਹਾ ਓਵਰਫਲੋਅ ਪਾਈਪ ਪਾਉਣ ਨਾਲ ਸਮੱਸਿਆ ਹੱਲ ਹੋ ਸਕਦੀ ਹੈ ਪਰ ਨਿਗਮ ਅਧਿਕਾਰੀ ਕਹਿੰਦੇ ਹਨ ਕਿ ਪਾਈਪ ਤਾਂ ਹੈ ਪਰ ਜੇ. ਸੀ. ਬੀ. ਦਾ ਇੰਤਜ਼ਾਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਿਕ ਜੇਕਰ ਪੂਰੇ ਇਲਾਕੇ ਦਾ ਸੀਵਰ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਾਫ ਕਰਵਾ ਦਿੱਤਾ ਜਾਵੇ ਤਾਂ ਵੀ ਸਮੱਿਸਆ ਦਾ ਹੱਲ ਹੋ ਸਕਦਾ ਹੈ ਪਰ ਟੈਂਡਰ ਲੱਗਣ ਦੇ ਬਾਵਜੂਦ ਕੰਮ ਨਹੀਂ ਕਰਵਾਇਆ ਜਾ ਰਿਹਾ।

ਪੀਣ ਦੇ ਪਾਣੀ ਨੂੰ ਤਰਸ ਰਹੇ ਲੋਕ
ਵਾਰਡ ਵਾਸੀਆਂ ਨੇ ਦੱਸਿਆ ਕਿ ਮੰਡ ਪੈਲੇਸ ਵਾਲੇ ਇਲਾਕੇ, ਰਾਜਨਗਰ ਦੀ ਨੈੱਯਰ ਜੀ ਵਾਲੀਆਂ ਗਲੀਆਂ ਤੇ ਬੋਰਡ ਫੈਕਟਰੀ ਦੇ ਕੋਲ ਚਾਰ ਗਲੀਆਂ ਵਿਚ ਪੀਣ ਵਾਲਾ ਪਾਣੀ ਬਿਲਕੁਲ ਨਹੀਂ ਆ ਰਿਹਾ। ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ ਪਰ ਨਿਗਮ ਅਧਿਕਾਰੀ ਕਹਿ ਰਹੇ ਹਨ ਕਿ ਸਾਰੇ ਟਿਊਬਵੈੱਲ ਚੱਲ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਫਾਲਟ ਦੂਰ ਕਰਕੇ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇ।

ਗੰਦੇ ਪਾਣੀ ਦੀਆਂ ਵੀ ਹਨ ਸ਼ਿਕਾਇਤਾਂ
'ਜਗ ਬਾਣੀ' ਦੀ ਟੀਮ ਨੇ ਵਾਰਡ ਨੰ. 77 ਦਾ ਦੌਰਾ ਕਰਨ ਤੋਂ ਬਾਅਦ ਦੇਖਿਆ ਕਿ ਜਿੱਥੇ ਸੀਵਰੇਜ ਜਾਮ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ, ਉਥੇ ਹੀ ਰਾਜਨਗਰ ਅਤੇ ਕਬੀਰ ਵਿਹਾਰ ਦੇ ਕਈ ਘਰਾਂ 'ਚ ਗੰਦੇ ਪਾਣੀ ਦੀ ਵੀ ਸਪਲਾਈ ਹੋ ਰਹੀ ਹੈ, ਜਿਸ ਕਾਰਨ ਲੋਕ ਬੀਮਾਰ ਪੈ ਰਹੇ ਹਨ। ਅਜਿਹੀਆਂ ਸਮੱਸਿਆਵਾਂ ਨੂੰ ਨਿਗਮ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈ ਰਹੇ ਜਿਸ ਕਾਰਨ ਕਦੀ ਵੀ ਕੋਈ ਹਾਦਸਾ ਹੋ ਸਕਦਾ ਹੈ।


shivani attri

Content Editor

Related News