ਸੜਕਾਂ ਦੇ ਟੈਂਡਰਾਂ ''ਚ ਹੁਣ ਆਈ ਵੈੱਬਸਾਈਟ ਦੀ ਸਮੱਸਿਆ

11/13/2019 3:35:30 PM

ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ ਨੂੰ ਇਨ੍ਹੀਂ ਦਿਨੀਂ ਕਿਸੇ ਦੀ ਨਜ਼ਰ ਲੱਗੀ ਜਾਪਦੀ ਹੈ। ਇਹੀ ਕਾਰਨ ਲੱਗ ਰਿਹਾ ਹੈ ਕਿ ਇਸ ਸਮੇਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਕੰਮ 'ਚ ਲਗਾਤਾਰ ਨਵੀਆਂ-ਨਵੀਆਂ ਰੁਕਾਵਟਾਂ ਆ ਰਹੀਆਂ ਹਨ। ਕੁਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ, ਜਦੋਂ ਐੱਮ. ਪੀ. ਅਹੁਦੇ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਜਲੰਧਰ ਨਾਰਥ ਤੇ ਜਲੰਧਰ ਸੈਂਟਰਲ ਜਿਹੇ ਇਲਾਕਿਆਂ 'ਚੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਉਸ ਸਥਿਤੀ ਲਈ ਜਲੰਧਰ ਨਗਰ ਨਿਗਮ ਦੀ ਵਰਕਿੰਗ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ।

ਚੋਣਾਂ ਤੋਂ ਬਾਅਦ ਵੀ ਨਿਗਮ ਦੀ ਕਾਰਜਪ੍ਰਣਾਲੀ 'ਚ ਸੁਧਾਰ ਨਹੀਂ ਆਇਆ ਸਗੋਂ ਹਾਲਾਤ ਪਹਿਲਾਂ ਨਾਲੋਂ ਵੀ ਵਿਗੜੇ ਹੋਏ ਜਾਪਦੇ ਹਨ। ਜ਼ਬਰਦਸਤ ਆਰਥਿਕ ਸੰਕਟ ਕਾਰਨ ਨਗਰ ਨਿਗਮ ਸ਼ਹਿਰ ਦੀਆਂ ਸੜਕਾਂ ਨੂੰ ਨਹੀਂ ਬਣਵਾ ਸਕਿਆ ਅਤੇ ਨਾ ਹੀ ਚੰਡੀਗੜ੍ਹ ਤੋਂ ਵਿਕਾਸ ਕੰਮਾਂ ਲਈ ਗਰਾਂਟ ਹੀ ਆ ਰਹੀ ਹੈ, ਇਸ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸੜਕਾਂ ਨੂੰ ਬਣਵਾਉਣ ਲਈ ਕਰੀਬ 30 ਕਰੋੜ ਰੁਪਏ ਦੇ ਟੈਂਡਰ ਲਾ ਦਿੱਤੇ। ਇਹੀ ਟੈਂਡਰ ਹੁਣ ਤੱਕ ਚੱਕਰਾਂ ਵਿਚ ਪਏ ਹੋਏ ਹਨ, ਜਿਸ ਕਾਰਨ ਸੜਕਾਂ ਦੇ ਸੁਧਾਰ ਦੀ ਗੁੰਜਾਇਸ਼ ਧੁੰਦਲੀ ਹੁੰਦੀ ਜਾ ਰਹੀ ਹੈ ਕਿਉਂਕਿ ਸਰਦੀਆਂ ਦਾ ਸੀਜ਼ਨ ਤੇਜ਼ੀ ਨਾਲ ਆ ਰਿਹਾ ਹੈ।

ਨਿਗਮ ਨੇ ਜਦੋਂ 30 ਕਰੋੜ ਰੁਪਏ ਦੇ ਟੈਂਡਰ ਲਾਏ ਤਾਂ ਪਹਿਲੀ ਵਾਰ ਬਹੁਤ ਘੱਟ ਠੇਕੇਦਾਰਾਂ ਨੇ ਇਨ੍ਹਾਂ ਵਿਚ ਦਿਲਚਸਪੀ ਦਿਖਾਈ, ਜਿਸ ਕਾਰਨ ਸਿੰਗਲ ਟੈਂਡਰਾਂ ਕਾਰਨ 90 ਫੀਸਦੀ ਟੈਂਡਰ ਨਹੀਂ ਭਰੇ ਜਾ ਸਕੇ। ਉਸ ਤੋਂ ਬਾਅਦ ਨਿਗਮ ਨੇ 60 ਦੇ ਕਰੀਬ ਕੰਮਾਂ ਨੂੰ ਦੂਜੀ ਵਾਰ ਜਦੋਂਕਿ 20 ਦੇ ਕਰੀਬ ਕੰਮਾਂ ਨੂੰ ਤੀਜੀ ਵਾਰ ਰੀ-ਕਾਲ ਕੀਤਾ। ਲੁੱਕ-ਬੱਜਰੀ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਨੇ 12 ਨਵੰਬਰ ਤੱਕ ਇਹ ਕੰਮ ਭਰਨੇ ਸਨ ਪਰ ਨਵੀਂ ਸਮੱਿਸਆ ਇਹ ਆਣ ਖੜ੍ਹੀ ਹੋਈ ਹੈ ਕਿ ਪੂਰੇ ਪੰਜਾਬ ਵਿਚ ਈ-ਟੈਂਡਰਿੰਗ ਵਾਲੀ ਵੈੱਬਸਾਈਟ ਹੀ ਬੰਦ ਪਈ ਹੈ।
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 4-5 ਦਿਨਾਂ ਤੋਂ ਵੈੱਬਸਾਈਟ 'ਤੇ ਟੈਂਡਰ ਅਪਲੋਡ ਨਹੀਂ ਹੋ ਰਹੇ ਅਤੇ ਸਾਈਟ 'ਤੇ ਲਿਖਿਆ ਆ ਰਿਹਾ ਹੈ ਕਿ ਮੇਨਟੀਨੈਂਸ ਕਾਰਨ ਸਮੱਸਿਆ ਆ ਰਹੀ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਨਿਯਮ ਅਨੁਸਾਰ ਜਿੰਨੇ ਦਿਨ ਵੈੱਬਸਾਈਟ ਬੰਦ ਰਹਿੰਦੀ ਹੈ, ਠੇਕੇਦਾਰਾਂ ਨੂੰ ਓਨੇ ਦਿਨ ਅੱਗੇ ਜਾ ਕੇ ਟੈਂਡਰ ਭਰਨ ਦੀ ਛੋਟ ਹੋਵੇਗੀ। ਹੁਣ ਦੇਖਣਾ ਹੈ ਕਿ ਟੈਂਡਰ ਭਰਨ ਵਾਲੀ ਵੈੱਬਸਾਈਟ ਕਦੋਂ ਠੀਕ ਹੁੰਦੀ ਹੈ ਅਤੇ ਕਦੋਂ ਠੇਕੇਦਾਰ ਕੰਮ ਭਰ ਕੇ ਸੜਕਾਂ ਦਾ ਨਿਰਮਾਣ ਸ਼ੁਰੂ ਕਰਵਾਉਂਦੇ ਹਨ।

shivani attri

This news is Content Editor shivani attri