ਨਗਰ ਨਿਗਮ ਨੇ ‘ਰੰਗਲਾ ਵਿਹੜਾ’ ਨੂੰ ਕੱਢਿਆ ਨੋਟਿਸ, 2 ਦਿਨਾਂ ’ਚ ਛੱਤ ਨਾ ਹਟਾਈ ਤਾਂ ਰੱਦ ਹੋਵੇਗਾ ਠੇਕਾ

04/23/2021 10:45:31 AM

ਜਲੰਧਰ (ਖੁਰਾਣਾ)– ਨਗਰ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਤਹਿਬਾਜ਼ਾਰੀ ਮਹਿਕਮੇ ਦੇ ਸੁਪਰਡੈਂਟ ਨੇ ਸਥਾਨਕ ਭਗਵਾਨ ਵਾਲਮੀਕਿ ਚੌਕ ਨੇੜੇ ਸਥਿਤ ‘ਰੰਗਲਾ ਵਿਹੜਾ’ ਦੇ ਸੰਚਾਲਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ 2 ਦਿਨਾਂ ਅੰਦਰ ‘ਰੰਗਲਾ ਵਿਹੜਾ’ ਉੱਪਰ ਨਾਜਾਇਜ਼ ਢੰਗ ਨਾਲ ਪਾਈ ਗਈ ਛੱਤ ਨੂੰ ਨਾ ਹਟਾਇਆ ਗਿਆ ਤਾਂ ਕੰਪਨੀ ਨਾਲ ਕੀਤਾ ਗਿਆ ਠੇਕਾ ਰੱਦ ਕਰ ਦਿੱਤਾ ਜਾਵੇਗਾ ਅਤੇ ਨਗਰ ਨਿਗਮ ਆਪਣੇ ਪੱਧਰ ’ਤੇ ਕਾਰਵਾਈ ਕਰ ਕੇ ਛੱਤ ਨੂੰ ਹਟਾ ਦੇਵੇਗਾ।

ਇਹ ਵੀ ਪੜ੍ਹੋ : ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

ਖ਼ਾਸ ਗੱਲ ਇਹ ਹੈ ਕਿ ਜੇਕਰ ਨਗਰ ਨਿਗਮ ਨੇ ਇਹ ਨੋਟਿਸ ‘ਰੰਗਲਾ ਵਿਹੜਾ’ ਪ੍ਰਾਜੈਕਟ ਦਾ ਕਾਂਟਰੈਕਟ ਲੈਣ ਵਾਲੀ ਅੰਮ੍ਰਿਤਸਰ ਦੀ ਕੰਪਨੀ ਏ-ਸਕਵੇਅਰ ਮੀਡੀਆ ਦੇ ਅਮਿਤ ਮਦਾਨ ਨੂੰ ਜਾਰੀ ਕੀਤਾ ਹੈ, ਜਿਨ੍ਹਾਂ ਈ-ਆਕਸ਼ਨ ਜ਼ਰੀਏ 3 ਸਾਲ ਦੇ ਇਸ ਪ੍ਰਾਜੈਕਟ ਨੂੰ ਨਿਗਮ ਕੋਲੋਂ ਲਿਆ ਹੈ। ਸੂਤਰ ਦੱਸਦੇ ਹਨ ਕਿ ਉਨ੍ਹਾਂ ਅੱਗੇ ਇਸ ਪ੍ਰਾਜੈਕਟ ਨੂੰ ਸਬਲੈੱਟ ਤੱਕ ਕਰ ਦਿੱਤਾ ਹੈ। ਇਸ ਮਾਮਲੇ ਵਿਚ ਨਗਰ ਨਿਗਮ ਦੀ ਲਾਪ੍ਰਵਾਹੀ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਨਿਗਮ ਨੇ ਇਹ ਨੋਟਿਸ 15 ਅਪ੍ਰੈਲ ਨੂੰ ਜਾਰੀ ਕੀਤਾ ਸੀ, ਜਿਸ ਵਿਚ ਸੰਚਾਲਕਾਂ ਨੂੰ 2 ਦਿਨਾਂ ਦਾ ਸਮਾਂ ਦਿੱਤਾ ਗਿਆ ਪਰ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਿਗਮ ਨੇ ਨਾ ਤਾਂ ਠੇਕੇ ਨੂੰ ਰੱਦ ਕੀਤਾ ਅਤੇ ਨਾ ਹੀ ਛੱਤ ਹਟਾਉਣ ਸਬੰਧੀ ਕੋਈ ਕਾਰਵਾਈ ਕੀਤੀ। ਨਿਗਮ ਵੱਲੋਂ ਜਾਰੀ ਨੋਟਿਸ ਵਿਚ ਹੀ ਕਿਹਾ ਗਿਆ ਹੈ ਕਿ ‘ਰੰਗਲਾ ਵਿਹੜਾ’ ਦੇ ਸੰਚਾਲਕਾਂ ਨੂੰ 24 ਮਾਰਚ ਨੂੰ ਵੀ ਅਜਿਹਾ ਹੀ ਨੋਟਿਸ ਕੱਢਿਆ ਗਿਆ ਸੀ ਪਰ ਇਸਦੇ ਬਾਵਜੂਦ ਸੰਚਾਲਕਾਂ ਨੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਥੇ ਅੱਜ ਵੀ ਕਈ ਦੁਕਾਨਾਂ ਦਾ ਕਾਰੋਬਾਰ ਜਾਰੀ ਹੈ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਪਾਰਕਿੰਗ ਸਬੰਧੀ ਟੈਂਡਰ ਦੀਆਂ ਸ਼ਰਤਾਂ ਦਾ ਨਹੀਂ ਹੋ ਰਿਹਾ ਪਾਲਣ
ਨਗਰ ਨਿਗਮ ਨੇ 5 ਫਰਵਰੀ ਨੂੰ ਨਿਲਾਮੀ ਜ਼ਰੀਏ ‘ਰੰਗਲਾ ਵਿਹੜਾ’ ਅਤੇ ਕੰਪਨੀ ਬਾਗ ਦੀ ਪਾਰਕਿੰਗ ਨੂੰ ਅੰਮ੍ਰਿਤਸਰ ਦੀ ਇਕ ਕੰਪਨੀ ਦੇ ਹਵਾਲੇ ਕੀਤਾ ਸੀ ਪਰ ਪਤਾ ਲੱਗਾ ਹੈ ਕਿ ਉਕਤ ਕੰਪਨੀ ਵੱਲੋਂ ਇਸ ਸਬੰਧੀ ਲਾਏ ਗਏ ਟੈਂਡਰ ਅਤੇ ਐਗਰੀਮੈਂਟ ਦੀਆਂ ਵਧੇਰੇ ਸ਼ਰਤਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਐਗਰੀਮੈਂਟ ਵਿਚ ਸਾਫ਼ ਲਿਖਿਆ ਹੈ ਕਿ ਪਾਰਕਿੰਗ ਲਈ ਸਿਰਫ਼ ਨਿਸ਼ਚਿਤ ਜਗ੍ਹਾ ਦੀ ਹੀ ਵਰਤੋਂ ਹੋ ਸਕਦੀ ਹੈ ਪਰ ‘ਰੰਗਲਾ ਵਿਹੜਾ’ ਸੜਕ ’ਤੇ ਵੀ ਪਾਰਕਿੰਗ ਕਰਵਾਈ ਜਾ ਰਹੀ ਹੈ। ਟੈਂਡਰ ਦੇ ਮੁਤਾਬਕ ਮਸ਼ੀਨ ਜ਼ਰੀਏ ਪਰਚੀ ਕੱਟਣ ਦੀ ਵਿਵਸਥਾ ਹੈ ਪਰ ਦੋਵਾਂ ਪਾਰਕਿੰਗ ਸਥਾਨਾਂ ’ਤੇ ਹੱਥਾਂ ਨਾਲ ਪਰਚੀ ਕੱਟ ਕੇ ਦਿੱਤੀ ਜਾ ਰਹੀ ਹੈ। ਐਗਰੀਮੈਂਟ ਅਤੇ ਟੈਂਡਰ ਦੀ ਸ਼ਰਤ ਮੁਤਾਬਕ ਦੋਵਾਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣੇ ਸਨ ਪਰ ਅਜਿਹਾ ਨਹੀਂ ਕੀਤਾ ਗਿਆ। ਦੋਵਾਂ ਥਾਵਾਂ ’ਤੇ ਪਾਰਕਿੰਗ ਦੀ ਓਵਰਚਾਰਜਿੰਗ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀਆਂ ਸ਼ਿਕਾਇਤਾਂ ਦੇ ਮਾਮਲੇ ਵਿਚ ਨਗਰ ਨਿਗਮ ਅਧਿਕਾਰੀ ਬਿਲਕੁਲ ਲਾਚਾਰ ਨਜ਼ਰ ਆ ਰਹੇ ਹਨ ਕਿਉਂਕਿ ਨਿਗਮ ’ਤੇ ਸਿਆਸੀ ਦਬਾਅ ਹੀ ਇੰਨਾ ਹਾਵੀ ਹੈ ਕਿ ਅਧਿਕਾਰੀ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਹੇ।

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ 

ਕਿਸ ਨੇ ਇਜਾਜ਼ਤ ਦਿੱਤੀ, ਮੈਨੂੰ ਨਹੀਂ ਪਤਾ : ਸ਼ੈਰੀ ਚੱਢਾ
ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ‘ਰੰਗਲਾ ਵਿਹੜਾ’ ਪ੍ਰਾਜੈਕਟ ਨੂੰ ਇਕ ਬਾਜ਼ਾਰ ਵਜੋਂ ਬਦਲ ਲਏ ਜਾਣ ਸਬੰਧੀ ਜਦੋਂ ਇਲਾਕਾ ਕੌਂਸਲਰ ਸ਼ੈਰੀ ਚੱਢਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਕਿਸ ਅਧਿਕਾਰੀ ਨੇ ਇਜਾਜ਼ਤ ਦਿੱਤੀ, ਉਨ੍ਹਾਂ ਨੂੰ ਨਹੀਂ ਪਤਾ। ਕੌਂਸਲਰ ਨੇ ਦੱਸਿਆ ਕਿ ਇਸ ਇਲਾਕੇ ਵਿਚ ਟਰੈਫਿਕ ਨੂੰ ਲੈ ਕੇ ਜਿਹੜੀ ਸਮੱਸਿਆ ਪੇਸ਼ ਆ ਰਹੀ ਹੈ, ਉਸ ਬਾਰੇ ਮਖਦੂਮਪੁਰਾ ਮੁਹੱਲਾ ਅਤੇ ਉਨ੍ਹਾਂ ਦੇ ਵਾਰਡ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ। ਇਸ ਬਾਰੇ ਟਰੈਫਿਕ ਪੁਲਸ ਅਧਿਕਾਰੀਆਂ ਅਤੇ ਨਿਗਮ ਦੇ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਸੂਚਿਤ ਕੀਤਾ ਗਿਆ ਹੈ।

ਦੇਰ ਸ਼ਾਮ ਸ਼ੁਰੂ ਹੋਇਆ ਛੱਤ ਹਟਾਉਣ ਦਾ ਕੰਮ
‘ਰੰਗਲਾ ਵਿਹੜਾ’ ਮਾਮਲੇ ਨੂੰ ਤੂਲ ਫੜਦਾ ਦੇਖ ਸੰਚਾਲਕਾਂ ਨੇ ਵੀਰਵਾਰ ਦੇਰ ਸ਼ਾਮ ਛੱਤ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਪ੍ਰਾਜੈਕਟ ਸੰਚਾਲਕਾਂ ਨੇ ਪੂਰੀ ਛੱਤ ਨਾ ਹਟਾਈ ਤਾਂ ਸ਼ੁੱਕਰਵਾਰ ਨੂੰ ਨਿਗਮ ਆਪਣੇ ਪੱਧਰ ’ਤੇ ਕਾਰਵਾਈ ਕਰੇਗਾ। ਉਨ੍ਹਾਂ ਦੱਸਿਆ ਿਕ ਐਗਰੀਮੈਂਟ ਦੀ ਸ਼ਰਤ ਮੁਤਾਬਕ ਹੀ ਪ੍ਰਾਜੈਕਟ ਨੂੰ ਚੱਲਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਟ੍ਰੇਨਿੰਗ ਲਈ ਗ੍ਰਾਂਟ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News