ਐਡਹਾਕ ਕਮੇਟੀਆਂ ਤੋਂ ਕੰਨੀ ਕਤਰਾਉਣ ਲੱਗੇ ਕੌਂਸਲਰ, ਚਾਅ ਗਾਇਬ ਹੋਇਆ

02/18/2020 3:54:31 PM

ਜਲੰਧਰ (ਖੁਰਾਣਾ)— ਕਈ ਕੌਂਸਲਰਾਂ ਦੀ ਮੰਗ 'ਤੇ ਮੇਅਰ ਜਗਦੀਸ਼ ਰਾਜਾ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਲਈ ਐਡਹਾਕ ਕਮੇਟੀਆਂ ਦਾ ਗਠਨ ਕੀਤਾ, ਜਿਸ ਤੋਂ ਉਮੀਦ ਜਤਾਈ ਜਾ ਰਹੀ ਸੀ ਕਿ ਜ਼ਿੰਮੇਵਾਰੀਆਂ ਦੀ ਵੰਡ ਤੋਂ ਬਾਅਦ ਵਿਭਾਗਾਂ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਆਵੇਗਾ ਪਰ ਹੁਣ ਵੇਖਣ ਵਿਚ ਆ ਰਿਹਾ ਹੈ ਕਿ ਕਈ ਕੌਂਸਲਰ ਐਡਹਾਕ ਕਮੇਟੀਆਂ ਤੋਂ ਕੰਨੀ ਕਤਰਾਉਣ ਲੱਗੇ ਹਨ ਤੇ ਜ਼ਿਆਦਾਤਰ ਕੌਂਸਲਰਾਂ ਦਾ ਚਾਅ ਗਾਇਬ ਜਿਹਾ ਹੋ ਿਗਆ ਹੈ।

ਨਗਰ ਨਿਗਮ ਦੀ ਸਭ ਤੋਂ ਅਹਿਮ ਹੈਲਥ ਐਂਡ ਸੈਨੀਟੇਸ਼ਨ ਕਮੇਟੀ ਦੀ ਦੂਜੀ ਮੀਟਿੰਗ ਬੀਤੇ ਦਿਨਚੇਅਰਮੈਨ ਬਲਰਾਜ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ, ਜਿਨ੍ਹਾਂ 'ਚ ਜਗਦੀਸ਼ ਸਮਰਾਏ, ਸੁੱਚਾ ਸਿੰਘ, ਰੋਹਨ ਸਹਿਗਲ, ਅਵਤਾਰ ਸਿੰਘ ਸ਼ਾਮਲ ਸਨ। ਗੈਰ-ਹਾਜ਼ਰ ਰਹਿਣ ਵਾਲੇ ਕੌਂਸਲਰਾਂ ਵਿਚ ਸਤਿੰਦਰਜੀਤ ਕੌਰ, ਮਨਜਿੰਦਰ ਚੱਠਾ, ਸ਼ਮਸ਼ੇਰ ਖਹਿਰਾ ਸਨ। ਮੀਟਿੰਗ ਦੌਰਾਨ ਨਗਰ ਨਿਗਮ ਵਲੋਂ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਹੈਲਥ ਆਫਿਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਵੀ ਮੌਜੂਦ ਸਨ।

ਸਫਾਈ ਕਰਮਚਾਰੀਆਂ ਦੀ ਪੁਰਾਣੀ ਸੂਚੀ ਹੀ ਸੌਂਪ ਦਿੱਤੀ, ਮਰ ਚੁੱਕੇ ਕਰਮਚਾਰੀਆਂ ਦੇ ਵੀ ਨਾਂ ਸ਼ਾਮਲ
ਹੈਲਥ ਐਂਡ ਸੈਨੀਟੇਸ਼ਨ ਕਮੇਟੀ ਨੇ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਦੌਰਾਨ ਨਿਗਮ ਅਧਿਕਾਰੀਆਂ ਕੋਲੋਂ ਸਾਰੇ ਸਫਾਈ ਕਰਮਚਾਰੀਆਂ ਦੀ ਸੂਚੀ ਤਲਬ ਕੀਤੀ ਸੀ ਤਾਂ ਜੋ ਇਨ੍ਹਾਂ ਕਰਮਚਾਰੀਆਂ ਨੂੰ ਵਾਰਡਾਂ ਵਿਚ ਬਰਾਬਰ-ਬਰਾਬਰ ਵੰਡਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਹੈਰਾਨੀਜਨਕ ਗੱਲ ਇਹ ਰਹੀ ਕਿ ਅਧਿਕਾਰੀਆਂ ਨੇ ਪੁਰਾਣੀ ਸੂਚੀ ਕਮੇਟੀ ਨੂੰ ਸੌਂਪ ਦਿੱਤੀ, ਜਿਸ 'ਚ ਕਈ ਅਜਿਹੇ ਕਰਮਚਾਰੀਆਂ ਦੇ ਨਾਂ ਵੀ ਹਨ ਜਿਨ੍ਹਾਂ ਨੂੰ ਮਰੇ ਹੋਏ ਕਈ ਮਹੀਨੇ ਹੋ ਚੁੱਕੇ ਹਨ। ਅਸਲ 'ਚ ਇਹ ਸੂਚੀ ਜਦੋਂ ਕਮੇਟੀ ਮੈਂਬਰ ਜਗਦੀਸ਼ ਸਮਰਾਏ ਦੇ ਕੋਲ ਆਈ ਤਾਂ ਉਨ੍ਹਾਂ ਆਪਣੇ ਵਾਰਡ ਦੇ ਸਫਾਈ ਕਰਮਚਾਰੀਆਂ ਦੀ ਲਿਸਟ ਦੀ ਜਾਂਚ ਕੀਤੀ, ਿਜਸ ਵਿਚ 6 ਨਾਂ ਸਨ। ਉਨ੍ਹਾਂ ਵਿਚੋਂ ਇਕ ਅਜਿਹਾ ਸੀ ਜਿਸ ਦੀ ਚਾਰ ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਕਮੇਟੀ ਨੇ ਨਾ-ਖੁਸ਼ੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਨਵੀਂ ਸੂਚੀ ਸੌਂਪਣ ਲਈ ਕਿਹਾ। ਇਸੇ ਤਰ੍ਹਾਂ ਸੁਪਰਵਾਈਜ਼ਰਾਂ ਦੀ ਤਾਇਨਾਤੀ 'ਤੇ ਵੀ ਸਵਾਲ ਉਠਾਏ ਗਏ। ਕਈ ਵਾਰਡਾਂ ਦੇ ਅੱਗੇ ਜਿਨ੍ਹਾਂ ਸੁਪਰਵਾਈਜ਼ਰਾਂ ਦਾ ਨਾਂ ਸੀ ਉਹ ਉਨ੍ਹਾਂ ਵਾਰਡਾਂ ਦੇ ਕੰਮ ਨਹੀਂ ਕਰ ਰਹੇ ਸਨ। ਇਹ ਸੂਚੀ ਦੁਬਾਰਾ ਤਲਬ ਕੀਤੀ ਗਈ।

ਦੇਸੀ ਸਵੀਪਿੰਗ ਮਸ਼ੀਨ ਤੋਂ ਖੁਸ਼ ਨਹੀਂ ਹੈ ਕਮੇਟੀ
ਕਈ ਮਹੀਨੇ ਪਹਿਲਾਂ ਨਿਗਮ ਨੇ ਸਮਾਰਟ ਸਿਟੀ ਦੇ ਪੈਸਿਆਂ ਨਾਲ ਦੇਸੀ ਸਵੀਪਿੰਗ ਮਸ਼ੀਨ ਖਰੀਦੀ ਸੀ। ਉਸ ਨੂੰ ਲਾਂਚ ਕਰਦੇ ਸਮੇਂ ਪ੍ਰੈੱਸ ਕਾਨਫਰੰਸ ਵਿਚ ਮੇਅਰ ਅਤੇ ਕਮਿਸ਼ਨਰ ਤੋਂ ਇਲਾਵਾ ਸ਼ਹਿਰ ਦੇ ਚਾਰੇ ਵਿਧਾਇਕਾਂ ਨੇ ਉਸ ਮਸ਼ੀਨ ਦੀ ਕਾਫੀ ਪ੍ਰਸ਼ੰਸਾ ਕੀਤੀ ਸੀ ਪਰ ਹੁਣ ਨਿਗਮ ਦੀ ਸੈਨੀਟੇਸ਼ਨ ਕਮੇਟੀ ਹੀ ਦੇਸੀ ਸਵੀਪਿੰਗ ਮਸ਼ੀਨ ਦੀ ਪ੍ਰਫਾਰਮੈਂਸ ਤੋਂ ਖੁਸ਼ ਨਹੀਂ ਹੈ। ਮੀਟਿੰਗ ਦੌਰਾਨ ਮਸ਼ੀਨ ਨਾਲ ਦੋ ਸ਼ਿਫਟਾਂ ਵਿਚ ਕੰਮ ਕਰਵਾਉਣ ਅਤੇ ਨਵੇਂ ਸਿਰੇ ਤੋਂ ਸ਼ਡਿਊਲ ਬਣਾਉਣ ਲਈ ਕਿਹਾ ਗਿਆ। ਨਿਗਮ ਦੇ ਸਫਾਈ ਕਰਮਚਾਰੀ ਕਿਸ ਸਮੇਂ ਤੱਕ ਕੰਮ ਕਰਦੇ ਹਨ, ਇਸ 'ਤੇ ਵੀ ਮੀਟਿੰਗ ਦੌਰਾਨ ਚਰਚਾ ਹੋਈ।

ਪੂਰੇ ਸ਼ਹਿਰ ਦੀਆਂ ਸੜਕਾਂ ਦੀ ਪੈਮਾਇਸ਼ ਹੋਵੇਗੀ
ਸੈਨੀਟੇਸ਼ਨ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਬੀ. ਐਂਡ ਆਰ.ਵਿਭਾਗ ਦੇ ਸਟਾਫ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਨਵੇਂ ਸਿਰੇ ਤੋਂ ਪੈਮਾਇਸ਼ ਕਰਵਾਈ ਜਾਵੇਗੀ ਤਾਂ ਜੋ ਬੀਟ ਦੇ ਆਧਾਰ 'ਤੇ ਸਫਾਈ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾ ਸਕੇ। ਹੁਣ ਵੇਖਣਾ ਹੋਵੇਗਾ ਕਿ ਇਹ ਫੈਸਲਾ ਕਿੰਨਾ ਸਿਰੇ ਚੜ੍ਹਦਾ ਹੈ ਕਿਉਂਕਿ ਇਹ ਕੰਮ ਅਸੰਭਵ ਜਾਪ ਰਿਹਾ ਹੈ।

ਸੈਨੀਟੇਸ਼ਨ ਕਮੇਟੀ ਦੇ ਸਾਰੇ ਮੈਂਬਰ 18 ਫਰਵਰੀ ਬਾਅਦ ਦੁਪਹਿਰ ਵਰਿਆਣਾ ਡੰਪ ਦਾ ਦੌਰਾ ਕਰਨਗੇ ਅਤੇ ਉਥੇ ਪਏ ਕੂੜੇ ਬਾਰੇ ਰਿਪੋਰਟ ਲੈਣਗੇ। ਮੀਟਿੰਗ ਦੌਰਾਨ ਕੂੜੇ ਦੀ ਸੈਗਰੀਗੇਸ਼ਨ 'ਤੇ ਵੀ ਵਿਚਾਰ ਹੋਇਆ ਅਤੇ ਵਾਰਡ 28 ਦੇ ਕਿਸੇ ਇਕ ਮੁਹੱਲੇ ਵਿਚ ਪਾਇਲਟ ਪ੍ਰਾਜੈਕਟ ਬਣਾ ਕੇ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਚੁੱਕਣ ਦਾ ਫੈਸਲਾ ਲਿਆ ਗਿਆ। ਨਵੇਂ ਸਫਾਈ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਅਤੇ ਸ਼ਹਿਰ ਵਿਚ ਸੜਕਾਂ ਕਿਨਾਰੇ ਬਣੇ ਨਾਜਾਇਜ਼ ਡੰਪਾਂ 'ਤੇ ਵੀ ਚਰਚਾ ਹੋਈ।


shivani attri

Content Editor

Related News