ਮੁਹੰਮਦ ਸਲੀਮ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਫੁੱਟਿਆ ਗੁੱਸਾ, ਪੁਲਸ ਖਿਲਾਫ ਕੀਤਾ ਪ੍ਰਦਰਸ਼ਨ

09/26/2018 6:21:35 AM

ਜਲੰਧਰ,   (ਮਜ਼ਹਰ)– ਛੋਟੀ ਬਾਰਾਂਦਰੀ ਤੋਂ ਮਿਲੀ  ਲਾਸ਼  ਦੀ  ਪਛਾਣ ਮੁਹੰਮਦ ਸਲੀਮ  (16) ਪੁੱਤਰ ਫਰਾਸਤ ਖਾਨ ਨਿਵਾਸੀ ਜਸਵੰਤ ਸਿੰਘ ਨਗਰ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਮੁਹੰਮਦ ਸਲੀਮ ਦੀ ਹੱਤਿਆ ਕੀਤੀ ਗਈ ਹੈ। 
ਜਾਣਕਾਰੀ ਅਨੁਸਾਰ ਜਸਵੰਤ ਸਿੰਘ ਨਗਰ ਦਾ ਰਹਿਣ  ਵਾਲਾ ਮੁਹੰਮਦ ਫਰਾਸਤ ਖਾਨ ਜੋ ਮਿੱਠਾਪੁਰ ਚੁੰਗੀ ਵਿਚ ਸਬਜ਼ੀ ਵੇਚਣ  ਦਾ ਕੰਮ ਕਰਦਾ ਹੈ, ਉਨ੍ਹਾਂ ਦੇ 6 ਲੜਕੇ ਅਤੇ 2 ਲੜਕੀਆਂ ਹਨ। ਸਭ ਤੋਂ ਛੋਟਾ ਲੜਕਾ ਮੁਹੰਮਦ ਸਲੀਮ ਵੈਲਡਿੰਗ ਦਾ ਕੰਮ ਕਰਦਾ ਸੀ। 23 ਸਤੰਬਰ ਦੀ ਸ਼ਾਮ 6 ਵਜੇ ਉਨ੍ਹਾਂ ਨੂੰ ਉਸ ਦੇ ਦੋਸਤ ਰਾਹੁਲ ਅਤੇ ਗੋਲੂ ਉਸ ਨੂੰ ਘਰੋਂ ਬੁਲਾ ਕੇ ਬਾਹਰ ਲੈ ਗਏ। ਦੇਰ ਰਾਤ ਤੱਕ ਮੁਹੰਮਦ ਸਲੀਮ ਘਰ ਨਹੀਂ ਮੁੜਿਆ। ਸਵੇਰੇ 24 ਸਤੰਬਰ ਨੂੰ ਉਨ੍ਹਾਂ ਨੂੰ ਥਾਣਿਓਂ ਫੋਨ ਆਇਆ  ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਮਿਲੀ ਹੈ। ਉਸੇ ਦਿਨ ਤੋਂ ਲੈ ਕੇ ਅੱਜ ਸਵੇਰੇ 3 ਵਜੇ ਤੱਕ ਪੁਲਸ ਸਾਨੂੰ ਸਿਰਫ  ਦਿਲਾਸਾ ਹੀ ਦੇ ਰਹੀ ਹੈ। 
ਦੇਰ ਸ਼ਾਮ ਤੱਕ ਕੋਈ ਕਾਰਵਾਈ ਨਾ ਦੇਖਦੇ ਹੋਏ ਪਰਿਵਾਰ ਵਾਲਿਆਂ  ਰਜਾਏ ਮੁਸਤਫਾ, ਮੁਹੰਮਦ ਕਯੂਮ ਠੇਕੇਦਾਰ, ਜਮੀਲ ਹਸਨ, ਜਮੀਰ ਅਹਿਮਦ, ਸ਼ਹਿਨਾਜ, ਗੁੜੀਆ, ਨੰਨ੍ਹੇ, ਅਜੀਮ, ਭੂਰਾ, ਕੱਲੂ, ਸ਼ਮਸ਼ਾਦ, ਇਸ਼ਾਰਤ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਪੁਲਸ ਵਾਰ-ਵਾਰ ਉਨ੍ਹਾਂ  ਨੂੰ ਪੋਸਟਮਾਰਟਮ ਕਰਵਾਉਣ ਲਈ ਦਬਾਅ ਬਣਾ ਰਹੀ ਸੀ, ਜਦਕਿ ਪੁਲਸ ਤੋਂ ਵਾਰ-ਵਾਰ ਗੁਹਾਰ ਕੀਤੀ ਜਾ ਰਹੀ ਸੀ ਕਿ ਜੋ ਲੋਕ ਮੇਰੇ ਬੇਟੇ ਨੂੰ ਘਰੋਂ ਬੁਲਾ ਕੇ ਲੈ ਗਏ ਸੀ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। 
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਏ. ਸੀ. ਪੀ. ਨਵੀਨ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ  ਨੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਥਾਣਾ ਨੰਬਰ 7 ਦੀ ਪੁਲਸ ਨੇ 4 ਲੋਕਾਂ ਨੂੰ ਪੁੱਛਗਿੱਛ ਲਈ  ਹਿਰਾਸਤ ਵਿਚ ਲਿਆ  ਹੈ।
 ਥਾਣਾ ਨੰਬਰ 7 ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ  ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦਾ ਬਿਆਨ ਦਰਜ ਕਰ ਕੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ  ਬਾਅਦ ਹੀ ਪਤਾ ਚੱਲ ਸਕੇਗਾ ਕਿ ਮੁਹੰਮਦ ਸਲੀਮ ਦੀ ਮੌਤ ਕਿਸ ਕਾਰਨ ਹੋਈ। ਅਜੇ ਇਸ ਬਾਰੇ ਕੁਝ  ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਮਾਮਲੇ ਦੀ ਕਈ ਪਹਿਲੂਆਂ  ਤੋਂ ਜਾਂਚ ਕੀਤੀ ਜਾ ਰਹੀ :  ਏ. ਸੀ. ਪੀ. ਨਵੀਨ ਕੁਮਾਰ
ਏ. ਸੀ. ਪੀ. ਨਵੀਨ ਕੁਮਾਰ ਦਾ ਕਹਿਣਾ ਸੀ ਕਿ ਮਾਮਲੇ ਦੀ ਕਈ  ਪਹਿਲੂਆਂ  ਤੋਂ ਜਾਂਚ ਕੀਤੀ ਜਾ ਰਹੀ ਹੈ। ਜੋ ਲੋਕ ਇਸ ਵਿਚ  ਦੋਸ਼ੀ ਪਾਏ ਜਾਣਗੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਂ ਖੁਦ ਘਟਨਾ ਸਥਾਨ ’ਤੇ ਜਾ ਕੇ ਜਾਂਚ ਕੀਤੀ ਹੈ। ਮੁਹੰਮਦ ਸਲੀਮ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।