ਡੋਲੀ ਲਈ ਜ਼ਿਆਦਾਤਰ ਸਜਦੀਆਂ ਨੇ ਪ੍ਰਾਈਵੇਟ ਨੰਬਰਾਂ ਵਾਲੀਆਂ ਕਾਰਾਂ

12/14/2018 1:33:36 AM

ਰੂਪਨਗਰ,   (ਕੈਲਾਸ਼)-  ਵਿਆਹਾਂ ਦੇ ਦਿਨ ਸ਼ੁਰੂ ਹੁੰਦੇ ਹੀ ਟੈਕਸੀਅਾਂ/ਕਾਰਾਂ ਦੀ ਡਿਮਾਂਡ ਇਕਦਮ ਵਧ ਜਾਂਦੀ ਹੈ ਅਤੇ ਨੌਬਤ ਇੱਥੇ ਤੱਕ ਆ ਜਾਂਦੀ ਹੈ ਕਿ ਜੇਕਰ ਕਿਸੇ ਨੂੰ ਐਮਰਜੈਂਸੀ ’ਚ ਟੈਕਸੀ  ਦੀ ਜ਼ਰੂਰਤ ਪਵੇ ਤਾਂ ਪਹਿਲਾਂ ਇਹ ਸੁਵਿਧਾ ਉਪਲੱਬਧ ਨਹੀਂ ਹੁੰਦੀ, ਜੇਕਰ ਹੁੰਦੀ ਵੀ ਹੈ ਤਾਂ ਟੈਕਸੀ ਚਾਲਕ ਮੂੰਹ ਮੰਗੇ ਪੈਸੇ ਮੰਗਦੇ ਹਨ। ਦੂਸਰੇ ਪਾਸੇ ਪ੍ਰਾਈਵੇਟ ਨੰਬਰ ਨਾਲ ਚੱਲਣ ਵਾਲੀਆਂ ਟੈਕਸੀਅਾਂ ਦੀ ਤਾਂ ਹੋਰ ਵੀ ਮੌਜ ਲੱਗ ਜਾਂਦੀ ਹੈ ਕਿਉਂਕਿ ਲਾੜੇ ਲਈ ਜ਼ਿਆਦਾਤਰ ਪ੍ਰਾਈਵੇਟ ਨੰਬਰ ਵਾਲੀ ਕਾਰ ਹੀ ਸਜਾਉਣ ਦੀ ਲਾਲਸਾ ਰਹਿੰਦੀ ਹੈ। ਲਾੜਾ ਵੀ ਨਵੀਂ ਦੁਲਹਨ ਦੀ ਡੋਲੀ ਨੂੰ ਟੈਕਸੀ ਨੰਬਰ ਵਾਲੀ ਕਾਰ ’ਚ ਲੈ ਕੇ ਆਉਣਾ ਅਕਸਰ ਪਸੰਦ ਨਹੀਂ ਕਰਦਾ ਜਿਸ ਨਾਲ ਜਿੱਥੇ ਪ੍ਰਾਈਵੇਟ ਨੰਬਰ ਵਾਲੀਅਾਂ ਕਾਰਾਂ ਦੀ ਡਿਮਾਂਡ ਵਧਦੀ ਹੈ ਉੱਥੇ ਸਰਕਾਰ ਤੋਂ ਪਰਮਿਟ ਲੈ ਕੇ ਚੱਲਣ ਵਾਲੀਆਂ ਟੈਕਸੀ ਕਾਰਾਂ ਦੇ ਚਾਲਕਾਂ ’ਚ ਅਕਸਰ ਮਾਯੂਸੀ ਵੀ ਛਾਈ ਰਹਿੰਦੀ ਹੈ। ਇਸ ਸਬੰਧ ’ਚ ਟੈਕਸੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਭਾਰੀ ਟੈਕਸ ਭਰ ਕੇ ਪਰਮਿਟ ਲੈਂਦੇ ਹਨ ਪਰ ਇਸ ਦਾ ਉਨ੍ਹਾਂ ਨੂੰ ਲਾਭ ਮਿਲਣ ਦੀ ਬਜਾਏ ਕਈ ਵਾਰ ਖਮਿਆਜ਼ਾ ਭੁਗਤਣਾ ਪੈਂਦਾ ਹੈ ਅਤੇ ਪ੍ਰਾਈਵੇਟ ਟੈਕਸੀ ਚਾਲਕ ਇਸ ਦਾ ਜਿੱਥੇ ਲਾਭ ਉਠਾਉਂਦੇ ਹਨ ਉੱਥੇ ਸਰਕਾਰ ਨੂੰ ਵੀ ਚੂਨਾ ਲੱਗਦਾ ਹੈ।