ਫਗਵਾੜਾ ਚ ਫੈਲੀ ਭਾਰੀ ਦਹਿਸ਼ਤ, ਦਾਣਾ ਮੰਡੀ ਰੋਡ ''ਤੇ ਮਸ਼ਹੂਰ ਮੋਹਨ ਫਾਸਟ ਫੂਡ ਤੇ ਪਈ ਡਕੈਤੀ

04/24/2022 12:47:51 PM

ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਦਾਣਾ ਮੰਡੀ ਰੋਡ ਵਿਖੇ ਸ਼ਹਿਰ ਦੇ ਮਸ਼ਹੂਰ ਮੋਹਨ ਫਾਸਟ ਫੂਡ 'ਤੇ ਚਾਰ ਨਕਾਬਪੋਸ਼ ਮੋਟਰਸਾਈਕਲ ਸਵਾਰ ਪਿਸਤੌਲਧਾਰੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਡਕੈਤੀ ਮਾਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ।  'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਡਕੈਤੀ ਦਾ ਸ਼ਿਕਾਰ ਬਣੇ ਮੋਹਨ ਫਾਸਟ ਫੂਡ ਦੇ ਮਾਲਕ ਕਮਲ ਸਵਾਨੀ ਨੇ ਦੱਸਿਆ ਕਿ ਉਹ ਰਾਤ 9–30 ਵਜੇ ਦੇ ਕਰੀਬ ਆਪਣੀ ਦੁਕਾਨ 'ਤੇ ਮੌਜੂਦ ਸਨ। ਇਸੇ ਦੌਰਾਨ ਸੜਕ 'ਤੇ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਚਾਰ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਅਤੇ ਜਿਨ੍ਹਾਂ ਦੇ ਹੱਥ ਵਿਚ ਪਿਸਤੌਲਾਂ ਅਤੇ ਤੇਜ਼ਧਾਰ ਹਥਿਆਰ ਸਨ, ਨੇ ਫਾਸਟ ਫੂਡ ਸੈਂਟਰ ਵਿਚ ਆਉਂਦਿਆਂ ਹੀ ਉਨ੍ਹਾਂ ਦੀ ਕੰਨਪਟੀ 'ਤੇ ਪਿਸਤੌਲ ਤਾਣ ਦਿੱਤੀ ਅਤੇ ਇਕ ਲੁਟੇਰੇ ਨੇ ਉਨ੍ਹਾਂ ਦੇ ਮੋਢੇ 'ਤੇ ਦਾਤਰ ਦੇ ਦਸਤੇ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਜਲੰਧਰ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ 

ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਦੇ ਹੱਥ ਅਤੇ ਫਾਸਟ ਫੂਡ ਦੇ ਕੈਸ਼ ਕਾਉਂਟਰ ਵਿਚ ਰੱਖੇ ਹੋਏ ਹਜ਼ਾਰਾਂ ਰੁਪਏ ਲੁੱਟ ਲਏ। ਇਸੇ ਦੌਰਾਨ ਉਨ੍ਹਾਂ ਨੇ ਇਕ ਨਕਾਬਪੋਸ਼ ਲੁਟੇਰੇ ਨੂੰ ਹਿੰਮਤ ਕਰਦੇ ਹੋਏ ਜਦ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣਾ ਮੋਟਰਸਾਈਕਲ ਮੌਕੇ 'ਤੇ ਛੱਡ ਕੇ ਆਪਣੇ ਲੁਟੇਰੇ ਸਾਥੀਆਂ ਨਾਲ ਦੂਜੇ ਮੋਟਰਸਾਈਕਲ 'ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਨਕਾਬਪੋਸ਼ ਲੁਟੇਰੇ ਵੱਲੋਂ ਛੱਡੇ ਗਏ ਮੋਟਰਸਾਈਕਲ ਤੋਂ ਫਗਵਾੜਾ ਦੇ ਇਕ ਇਲਾਕੇ ਦਾ ਪੱਤਾ ਸਾਫ਼ ਤੌਰ 'ਤੇ ਲੱਗ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਵੱਲੋਂ ਮੌਕੇ 'ਤੇ ਪੁੱਜ ਕੇ ਡਕੈਤੀ ਦੀ ਜਾਂਚ ਕੀਤੀ ਜਾ ਰਹੀ ਹੈ। 
ਉੱਧਰ ਦੂਜੇ ਪਾਸੇ ਫਗਵਾੜਾ ਦੀ ਸੰਘਣੀ ਆਬਾਦੀ ਵਾਲੇ ਦਾਣਾ ਮੰਡੀ ਇਲਾਕੇ ਚ ਲੁਟੇਰਿਆਂ ਵੱਲੋਂ ਅੰਜਾਮ ਦਿੱਤੀ ਗਈ ਡਕੈਤੀ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਆਮ ਜਨਤਾ ਅਤੇ ਲੋਕਾਂ ਵਿਚ ਲੁਟੇਰਿਆਂ ਨੂੰ ਲੈ ਕੇ ਭਾਰੀ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri