ਆਧੁਨਿਕ ਸੰਚਾਰ ਸਾਧਨਾਂ ਦੀ ਸਹੀ ਵਰਤੋਂ ਵੀ ਹੈ ਸਮੇਂ ਦੀ ਮੰਗ : ਮੋਹਨ ਭਾਗਵਤ

10/11/2018 11:36:43 AM

ਜਲੰਧਰ (ਰਾਹੁਲ)—  ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘ ਚਾਲਕ ਮੋਹਨ ਭਾਗਵਤ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਜੇਕਰ ਚੰਗੇ ਕਾਰਜਾਂ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋਵੇਗਾ ਤਾਂ ਮਾੜੇ ਕਾਰਜਾਂ ਦੇ ਪ੍ਰਚਾਰ-ਪ੍ਰਸਾਰ ਨੂੰ ਤਰਜੀਹ ਮਿਲੇਗੀ, ਇਸ ਲਈ ਸਮੇਂ ਦੇ ਨਾਲ ਚਲਦਿਆਂ ਆਧੁਨਿਕ ਤਕਨੀਕ ਤੇ ਸੰਚਾਰ ਸਾਧਨਾਂ ਦੀ ਸਹੀ ਵਰਤੋਂ ਵੀ ਜ਼ਰੂਰੀ ਹੈ। ਉਨ੍ਹਾਂ ਇਹ ਸ਼ਬਦ ਬੁੱਧਵਾਰ ਨੂੰ ਵਿੱਦਿਆ ਧਾਮ ਕੰਪਲੈਕਸ (ਗੁਰੂ ਗੋਬਿੰਦ ਸਿੰਘ ਐਵੇਨਿਊ) ਵਿਚ ਆਪਣੇ ਤਿੰਨ ਦਿਨਾਂ ਦੌਰੇ ਦੇ ਦੂਜੇ ਦਿਨ ਵਿੱਦਿਆ ਭਾਰਤੀ ਦੇ ਵੈੱਬ ਟੀ. ਵੀ. ਅਤੇ ਵੈੱਬਸਾਈਟ ਲਾਂਚ ਕਰਨ ਦੇ ਮੌਕੇ ਕਹੇ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਅਤੀਤ ਵਿਚ ਭਾਰਤ ਮਾਤਾ ਦੀ ਸੇਵਾ ਵਿਚ ਚੁੱਪਚਾਪ ਕੰਮ ਕਰਦਾ ਰਿਹਾ ਪਰ ਜ਼ਮਾਨੇ ਦੇ ਨਾਲ-ਨਾਲ ਚੱਲਣਾ ਪੈਂਦਾ ਹੈ। ਨਵੀਂ ਤਕਨੀਕ ਅਤੇ ਨਵੇਂ ਸਾਧਨਾਂ ਦੀ ਵਰਤੋਂ ਵੀ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਸਾਧਨਾਂ ਨਾਲ ਪਲਾਂ ਵਿਚ ਹੀ ਦੁਨੀਆ ਵਿਚ ਕਿਤੇ ਵੀ ਪਹੁੰਚ ਬਣਾਈ ਜਾ ਸਕਦੀ ਹੈ। 

ਉਨ੍ਹਾਂ ਕਿਹਾ ਕਿ ਸੰਘ ਨੂੰ ਭਾਵੇਂ ਇਨ੍ਹਾਂ ਸਾਧਨਾਂ ਦੀ ਲੋੜ ਵੀ ਨਹੀਂ ਪਰ ਚੰਗੇ ਕਾਰਜਾਂ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋਵੇਗਾ ਤਾਂ ਮਾੜੇ ਕਾਰਜਾਂ ਦਾ ਪ੍ਰਚਾਰ-ਪ੍ਰਸਾਰ ਵਧੇਗਾ, ਸੰਤੁਲਨ ਬਣਾਉਣਾ ਵੀ ਜ਼ਰੂਰੀ ਹੈ। ਅਜਿਹੇ 'ਚ ਜੋ ਖਾਲੀ ਸਪੇਸ ਬਚਦੀ ਹੈ ਉਸ ਵਿਚ ਹਵਾ ਭਰਨੀ ਵੀ ਜ਼ਰੂਰੀ ਹੈ। ਇਸ ਲਈ ਸਮੇਂ ਦੇ ਨਾਲ ਚੱਲਣਾ ਵੀ ਸੰਘ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਮਾਤਾ ਦੀ ਸੇਵਾ ਵਿਚ ਸੰਘ ਆਪਣਾ ਕੰਮ ਕਰ ਰਿਹਾ ਹੈ ਪਰ ਸਿਰਫ ਪ੍ਰਸਿੱਧੀ ਲੈਣ ਲਈ ਇਸਦਾ ਪ੍ਰਚਾਰ-ਪ੍ਰਸਾਰ ਕਰਨਾ ਸੰਘ ਜ਼ਰੂਰੀ ਨਹੀਂ ਸਮਝਦਾ। ਉਨ੍ਹਾਂ ਕਿਹਾ ਕਿ ਸੰਘ ਰਾਸ਼ਟਰ ਤੇ ਲੋਕਹਿੱਤ ਦੇ ਕੰਮਾਂ ਦਾ ਪ੍ਰਚਾਰ ਕਰਦਾ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ। ਇਸ ਮੌਕੇ ਸੀਨੀਅਰ ਪ੍ਰਚਾਰਕ ਕਿਸ਼ੋਰ ਕਾਂਤ, ਸੁਨੀਲ ਦੱਤ, ਰਾਮਗੋਪਾਲ, ਵਿਜੇ ਨੱਢਾ, ਕਸ਼ਮੀਰੀ ਲਾਲ ਖੰਨਾ, ਉਦਯੋਗਪਤੀ ਸੁਖਦੇਵ ਰਾਜ, ਅਵਨੀਸ਼ ਪਰਮਾਰ, ਆਕਾਸ਼ ਰਾਠੌਰ, ਵਿਕਰਮ ਅਰੋੜਾ, ਵਿਵੇਕ ਥਾਪਰ, ਹਨੀ ਸੇਂਗਰ, ਅਸ਼ੋਕ ਬੱਬਰ, ਅਮਿਤ ਸ਼ਰਮਾ, ਵਿਕਰਾਂਤ ਸ਼ਰਮਾ, ਰਾਕੇਸ਼ ਸ਼ਰਮਾ, ਅਸ਼ੋਕ ਸ਼ਰਮਾ, ਮਹਾਵੀਰ ਸੇਠ, ਪੰਕਜ ਰਾਏ, ਮੀਡੀਆ ਤੋਂ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।


Related News