ਸੁਲਤਾਨਪੁਰ ਲੋਧੀ ਦੇ ਨਸ਼ਾ ਪੀੜਤ ਮਰੀਜ਼ਾਂ ਲਈ ਚਲਾਈ ਮੋਬਾਈਲ ਓਟ ਕਲੀਨਿਕ

04/18/2020 8:39:16 PM

ਸੁਲਤਾਨਪੁਰ ਲੋਧੀ, (ਸੋਢੀ)- ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ 'ਚ ਜ਼ਿਲੇ 'ਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਮੋਬਾਈਲ ਓਟ ਕਲੀਨਿਕ ਨਸ਼ਾ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਅੱਜ ਹਲਕੇ ਦੇ ਪਿੰਡ ਲਾਟੀਆਂਵਾਲ ਵਿਖੇ ਮੋਬਾਈਲ ਓਟ ਕਲੀਨਿਕ ਵੈਨ ਨੂੰ ਝੰਡੀ ਦੇਣ ਮੌਕੇ ਕੀਤਾ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਨਸ਼ੇ ਦੇ ਪੀੜਤ ਮਰੀਜ਼ਾਂ ਨੂੰ ਘਰ ਬੈਠੇ ਹੀ ਦਵਾਈਆਂ ਪਹੁੰਚਾਉਣ ਦਾ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਇਕ ਨਿਵੇਕਲਾ ਅਤੇ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਇਸ ਨਾਲ ਨਸ਼ੇ ਤੋਂ ਪੀੜਤ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਸ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਕਿਸੇ ਵੀ ਤਰਾਂ ਦੀ ਅੜਚਣ ਨਾ ਆਵੇ, ਉਸ ਲਈ ਵੀ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਮੋਬਾਈਲ ਕਲੀਨਿਕ ਜ਼ਰੀਏ ਨਸ਼ਾ ਪੀੜਤਾਂ ਨੂੰ ਪਿੰਡ-ਪਿੰਡ ਜਾ ਕੇ ਦਵਾਈ ਦਿੱਤੀ ਜਾ ਰਹੀ ਹੈ, ਤਾਂ ਜੋ ਲਾਕਡਾਊਨ ਦੇ ਚੱਲਦਿਆਂ ਉਨਾਂ ਨੂੰ ਦਵਾਈ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਇਸ ਮੌਕੇ ਦੱਸਿਆ ਕਿ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਨੂੰ ਘੱਟ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ, ਤਾਂ ਜੋ ਕੋਵਿਡ- 19 ਦੇ ਚੱਲਦਿਆਂ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਦੇ 3 ਪਿੰਡਾਂ ਨੂੰ ਚੁਣਿਆ ਗਿਆ ਹੈ ਅਤੇ ਇਨਾਂ ਪਿੰਡਾਂ ਵਿਚ ਨਿਰਧਾਰਤ ਰੂਟ ਪਲਾਨ ਮੁਤਾਬਿਕ ਇਹ ਵੈਨ ਮੂਵ ਕਰੇਗੀ ਤੇ ਪੀੜਤਾਂ ਤੱਕ ਦਵਾਈ ਪਹੁੰਚਾਈ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਮਰੀਜ਼ ਨੂੰ ਇਕ ਹਫ਼ਤੇ ਦੀ ਦਵਾਈ ਦਿੱਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਵਾਈ ਲੈਣ ਆਉਣ ਤੋਂ ਪਹਿਲਾਂ ਚੰਗੀ ਤਰਾਂ ਹੱਥ ਧੋਤੇ ਜਾਣ, ਦਵਾਈ ਲੈਣ ਦੌਰਾਨ ਸਮਾਜਿਕ ਦੂਰੀ ਮੇਨਟੇਨ ਰੱਖਦੇ ਹੋਏ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।
ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਮੌਕੇ ਦੱਸਿਆ ਕਿ ਇਹ ਵੈਨ ਹਫ਼ਤੇ ਵਿਚ ਚਾਰ ਦਿਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਉਨਾਂ ਦੱਸਿਆ ਕਿ ਜਿਹੜੇ ਮਰੀਜ਼ ਪਹਿਲਾਂ ਓਟ ਸੈਂਟਰਾਂ ਵਿਚ ਰਜਿਸਟਰਡ ਹਨ, ਉਨਾਂ ਨੂੰ ਹੀ ਇਸ ਮੋਬਾਈਲ ਕਲੀਨਿਕ ਜ਼ਰੀਏ ਦਵਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਨਵੇਂ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਨੇੜਲੇ ਸਰਕਾਰੀ ਸਿਹਤ ਕੇਂਦਰ ਦੇ ਓਟ ਸੈਂਟਰ ਵਿਖੇ ਸੰਪਰਕ ਕਰਨਾ ਲਾਜ਼ਮੀ ਹੈ। ਉਨਾਂ ਦੱਸਿਆ ਕਿ ਉਕਤ ਵੈਨ ਹਰੇਕ ਸਨਿੱਚਰਵਾਰ ਨੂੰ ਸਵੇਰੇ 8.30 ਤੋਂ 10.30 ਵਜੇ ਤੱਕ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਸੇਚਾਂ, ਸਵੇਰੇ 10.45 ਤੋਂ ਦੁਪਹਿਰ 12 ਵਜੇ ਤੱਕ ਪਿੰਡ ਲਾਟੀਆਂਵਾਲ ਅਤੇ 12.15 ਤੋਂ ਦੁਪਹਿਰ 2 ਵਜੇ ਤੱਕ ਪਿੰਡ ਤੋਤੀ ਵਿਖੇ ਰਹੇਗੀ। ਇਸ ਮੌਕੇ ਡੀ. ਐਸ. ਪੀ ਸੁਲਤਾਨਪੁਰ ਲੋਧੀ ਸ. ਸਰਵਨ ਸਿੰਘ ਬੱਲ, ਐਸ. ਐਚ. ਓ ਸ. ਸਰਬਜੀਤ ਸਿੰਘ, ਸ੍ਰੀ ਬਲਜਿੰਦਰ ਸਿੰਘ, ਸਰਪੰਚ ਬਲਬੀਰ ਸਿੰਘ, ਨੰਬਰਦਾਰ ਮੰਗਲ ਸਿੰਘ, ਪੰਚ ਸ. ਜੀਤ ਸਿੰਘ, ਸ. ਸਵਰਨ ਸਿੰਘ, ਸ. ਨਿਰਭੈ ਸਿੰਘ, ਬਾਬਾ ਗੁਰਨਾਮ ਸਿੰਘ, ਫੌਰਮੈਨ ਮੰਗਲ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦਾ ਸਟਾਫ ਤੇ ਹੋਰ ਹਾਜ਼ਰ ਸਨ।


Bharat Thapa

Content Editor

Related News