ਵਿਧਾਇਕ ਸ਼ੀਤਲ ਅੰਗੁਰਾਲ ਨੇ ਬਿਲਡਿੰਗ ਵਿਭਾਗ ਦੇ 7 ਅਧਿਕਾਰੀਆਂ ਨੂੰ ਕੀਤਾ ਤਲਬ

07/08/2022 5:22:23 PM

ਜਲੰਧਰ (ਖੁਰਾਣਾ)–ਦੋ ਦਿਨ ਪਹਿਲਾਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ’ਚ ਛਾਪੇਮਾਰੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਹੁਣ ਬਿਲਡਿੰਗ ਵਿਭਾਗ ਦੇ 7 ਵੱਡੇ ਅਧਿਕਾਰੀਆਂ ਨੂੰ ਸਰਕਟ ਹਾਊਸ ’ਚ ਤਲਬ ਕਰ ਲਿਆ ਹੈ। ਇਹ ਮੀਟਿੰਗ 8 ਜੁਲਾਈ ਨੂੰ ਹੋਵੇਗੀ। ਵਿਧਾਇਕ ਨੇ ਜਿਹੜੇ ਅਧਿਕਾਰੀਆਂ ਨੂੰ ਬੁਲਾਇਆ ਹੈ, ਉਨ੍ਹਾਂ ’ਚ ਏ. ਟੀ. ਪੀ. ਵਜੀਰ ਰਾਜ, ਵਿਕਾਸ ਦੂਆ, ਵਿਨੋਦ ਕੁਮਾਰ, ਪੂਜਾ ਮਾਨ, ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ, ਨਿਰਮਲਜੀਤ ਵਰਮਾ ਤੇ ਪਾਲ ਪ੍ਰਨੀਤ ਿਸੰਘ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਇਕ ਨੇ ਦੋਸ਼ ਲਾਏ ਸਨ ਕਿ ਸ਼ਹਿਨਾਈ ਪੈਲੇਸ ਰੋਡ ’ਤੇ ਰਿਹਾਇਸ਼ੀ ਇਲਾਕੇ ’ਚ ਇਕ ਮਲਟੀ-ਸਟੋਰੀ ਹਸਪਤਾਲ ਤਿਆਰ ਹੋ ਰਿਹਾ ਹੈ, ਜਿਸ ’ਤੇ ਨਿਗਮ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਸ ਨੂੰ ਰੈਗੂਲਰ ਕਰਵਾਉਣ ਬਦਲੇ 3.50 ਲੱਖ ਦੀ ਰਿਸ਼ਵਤ ਬਟੋਰ ਲਈ।

ਇਸ ਤੋਂ ਇਲਾਵਾ ਵਿਧਾਇਕ ਨੇ ਇਕੋ ਵੇਲੇ 40-50 ਕੋਠੀਆਂ ਬਣਾਉਣ ਦੇ ਵੀ ਦੋਸ਼ ਲਾਏ ਸਨ, ਜਿਨ੍ਹਾਂ ’ਤੇ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ ਸੀ। ਪਤਾ ਲੱਗਾ ਹੈ ਕਿ ਵਿਧਾਇਕ ਨੇ ਆਪਣੇ ਇਲਾਕੇ ’ਚ ਨਾਜਾਇਜ਼ ਨਿਰਮਾਣਾਂ ਸਬੰਧੀ ਇਕ ਲੰਮੀ-ਚੌੜੀ ਸੂਚੀ ਤਿਆਰ ਕੀਤੀ ਹੈ, ਜਿਸ ਬਾਰੇ ਨਿਗਮ ਅਧਿਕਾਰੀਆਂ ਤੋਂ ਪੁੱਛਗਿੱਛ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਲਈ ਕਾਫੀ ਨਾਜ਼ੁਕ ਹੋ ਸਕਦੇ ਹਨ। ਉਂਝ ਇਸ ਵਿਭਾਗ ਦੇ ਵਧੇਰੇ ਅਧਿਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਹੋਣ ਵਾਲੀ ਤਬਾਦਲਿਆਂ ਦੀ ਸੂਚੀ ਦੀ ਉਡੀਕ ’ਚ ਹਨ।


Manoj

Content Editor

Related News