ਵਿਧਾਇਕ ਰਿੰਕੂ ਨੇ 18 ਕਰੋੜ ਦੇ ਪ੍ਰਾਜੈਕਟ ''ਚ ਫੜੀ ਘਪਲੇਬਾਜ਼ੀ

12/20/2019 2:23:05 PM

ਜਲੰਧਰ (ਖੁਰਾਣਾ): 18 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ ਸੁੰਦਰੀਕਰਨ ਲਈ ਬਣੇ ਸਿਟੀ ਸਕੇਪ ਪ੍ਰਾਜੈਕਟ 'ਚ ਵੈਸਟ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ ਵੱਡੀ ਘਪਲੇਬਾਜ਼ੀ ਫੜੀ ਹੈ। ਅੱਜ ਉਨ੍ਹਾਂ ਜੀ. ਟੀ. ਬੀ. ਨਗਰ ਘਈ ਹਸਪਤਾਲ ਦੇ ਸਾਹਮਣੇ ਇਸ ਪ੍ਰਾਜੈਕਟ ਤਹਿਤ ਬਣ ਰਹੇ ਡਿਵਾਈਡਰ ਦਾ ਅਚਾਨਕ ਨਿਰੀਖਣ ਕੀਤਾ, ਜਿਸ ਦੌਰਾਨ ਸਪੱਸ਼ਟ ਪਤਾ ਲੱਗਾ ਕਿ ਡਿਵਾਈਡਰਾਂ ਦਾ ਨਿਰਮਾਣ ਬੇਹੱਦ ਘਟੀਆ ਮਟੀਰੀਅਲ ਨਾਲ ਕੀਤਾ ਜਾ ਰਿਹਾ ਸੀ। ਵਿਧਾਇਕ ਰਿੰਕੂ ਨੇ ਇਸ ਬਾਰੇ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਕੋਲ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਬੀ ਐਂਡ ਆਰ ਸ਼ਾਖਾ ਦੇ ਐੱਸ. ਈ. ਰਜਨੀਸ਼ ਡੋਗਰਾ ਅਤੇ ਐਕਸੀਅਨ ਰਾਹੁਲ ਧਵਨ ਆਦਿ ਨੂੰ ਮੌਕੇ 'ਤੇ ਭੇਜਿਆ।

ਵਿਧਾਇਕ ਰਿੰਕੂ ਨੇ ਆਪਣੇ ਸਾਹਮਣੇ ਬਣੇ ਡਿਵਾਈਡਰ ਦਾ ਕੁਝ ਹਿੱਸਾ ਤੁੜਵਾਇਆ ਅਤੇ ਨਿਗਮ ਅਧਿਕਾਰੀਆਂ ਨੂੰ ਦਿਖਾਇਆ ਕਿ ਡਿਵਾਈਡਰ ਬਣਾਉਂਦੇ ਸਮੇਂ ਬੇਹੱਦ ਪਤਲੇ ਸਰੀਏ ਪਾਏ ਗਏ ਹਨ ਅਤੇ ਸੀਮੈਂਟ ਦੀ ਕੁਆਲਿਟੀ ਵੀ ਕਾਫੀ ਘਟੀਆ ਪੱਧਰ ਦੀ ਸੀ।
ਜ਼ਿਕਰਯੋਗ ਹੈ ਕਿ ਕਈ ਸਾਲ ਪਹਿਲਾਂ ਇਸ ਕੰਪਨੀ ਨੇ ਗੁਰੂ ਰਵਿਦਾਸ ਚੌਕ ਤੋਂ ਲੈ ਕੇ ਮਾਡਲ ਟਾਊਨ ਦੀ ਟੈਲੀਫੋਨ ਐਕਸਚੇਂਜ ਤੱਕ ਦੇ ਡਿਵਾਈਡਰਾਂ ਨੂੰ ਤੋੜ ਦਿੱਤਾ ਸੀ, ਜਿਸ ਦਾ ਸਾਰਾ ਮਲਬਾ ਕਈ ਸਾਲ ਸੜਕ 'ਤੇ ਹੀ ਪਿਆ ਰਿਹਾ। ਹੁਣ ਕੰਪਨੀ ਨੇ ਦੁਬਾਰਾ ਕੰਮ ਸ਼ੁਰੂ ਕੀਤਾ, ਜਿਸ ਕਾਰਣ ਮਲਬਾ ਹਟਾ ਕੇ ਡਿਵਾਈਡਰਾਂ ਦਾ ਕੰਮ ਤਾਂ ਤਕਰੀਬਨ ਪੂਰਾ ਹੋਣ ਵਾਲਾ ਹੈ ਪਰ ਕੰਮ ਦੀ ਕੁਆਲਿਟੀ ਨੂੰ ਲੈ ਕੇ ਕਈ ਸ਼ਿਕਾਇਤਾਂ ਆ ਰਹੀਆਂ ਹਨ।

ਪਹਿਲਾਂ ਵੀ ਵਿਵਾਦਾਂ 'ਚ ਰਿਹਾ ਹੈ ਇਹ ਪ੍ਰਾਜੈਕਟ
ਅਸਲ ਵਿਚ ਸਿਟੀ ਸਕੇਪ ਪ੍ਰਾਜੈਕਟ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਉਸ ਸਮੇਂ ਲੈ ਕੇ ਆਈ ਸੀ ਜਦੋਂ ਸ਼ਹਿਰੀ ਵਿਕਾਸ ਲਈ ਨਿਗਮ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਮਿਲੀ ਸੀ। ਉਸ ਸਮੇਂ ਸ਼ਹਿਰ ਨੂੰ ਸੰਵਾਰਨ-ਸਜਾਉਣ ਦੇ ਉਦੇਸ਼ ਨਾਲ 18 ਕਰੋੜ ਦਾ ਇਕ ਟੈਂਡਰ ਬਣਾਇਆ ਗਿਆ ਸੀ, ਜਿਸ ਨੂੰ ਗਾਜ਼ੀਆਬਾਦ ਦੀ ਇਕ ਕੰਪਨੀ ਨੇ ਲਿਆ ਪਰ ਲੋਕਲ ਲੈਵਲ ਦੇ ਇਕ ਠੇਕੇਦਾਰ ਨੇ ਸਾਰਾ ਕੰਮ ਕੀਤਾ।
ਕਰੀਬ 4 ਕਰੋੜ ਦਾ ਕੰਮ ਖਤਮ ਕਰ ਲੈਣ ਤੋਂ ਬਾਅਦ ਕੰਪਨੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ 'ਚ ਵਿਵਾਦ ਪੈਦਾ ਹੋ ਗਿਆ, ਜਿਸ ਤੋਂ ਬਾਅਦ ਕੰਪਨੀ ਅਦਾਲਤ 'ਚ ਚਲੀ ਗਈ। ਨਿਗਮ ਨੇ ਕਾਫੀ ਸਮਾਂ ਕੰਪਨੀ ਦੀ ਪੇਮੈਂਟ ਰੋਕੀ ਰੱਖੀ ਕਿਉਂਕਿ ਕੰਪਨੀ ਵਲੋਂ ਕੀਤੇ ਗਏ ਜ਼ਿਆਦਾਤਰ ਕੰਮ ਨਿਗਮ ਦੀ ਸਪੈਸੀਫਿਕੇਸ਼ਨ ਮੁਤਾਬਕ ਸਹੀ ਨਹੀਂ ਸਨ। ਇਸ ਬਾਰੇ ਨਿਗਮ ਨੇ ਅਦਾਲਤ ਨੂੰ ਵੀ ਲਿਖ ਕੇ ਦਿੱਤਾ। ਅਦਾਲਤ ਨੇ ਨਿਗਮ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਠੇਕੇਦਾਰ ਦੀ ਸੁਣਵਾਈ ਕਰਨ ਅਤੇ ਬਾਕੀ ਬਚੇ ਹੋਏ ਕੰਮ ਕਰਵਾਉਣ ਦੇ ਨਿਰਦੇਸ਼ ਦਿੱਤੇ, ਜਿਸ ਦੇ ਤਹਿਤ ਹੁਣ ਦੁਬਾਰਾ ਇਸ ਪ੍ਰਾਜੈਕਟ ਨੂੰ ਸ਼ੁਰੂ ਕਰ ਕੇ ਕੰਮ ਕਰਵਾਏ ਜਾ ਰਹੇ ਹਨ ਨਹੀਂ ਤਾਂ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਇਸ ਪ੍ਰਾਜੈਕਟ 'ਤੇ ਰੋਕ ਲਾ ਦਿੱਤੀ ਸੀ।

PunjabKesari

ਘਟੀਆ ਸੜਕ ਨਿਰਮਾਣ ਕਾਰਣ ਚਰਚਾ 'ਚ ਆਈ ਸੀ ਕੰਪਨੀ
ਇਸ ਪ੍ਰਾਜੈਕਟ ਤਹਿਤ ਕੰਪਨੀ ਨੇ ਸ਼ਹਿਰ ਦੇ ਚੌਰਾਹਿਆਂ ਅਤੇ ਫਲਾਈਓਵਰਾਂ 'ਤੇ ਰਬੜ ਮਿਕਸ ਹੋਈ ਵਿਸ਼ੇਸ਼ ਲੁੱਕ ਭਾਵ ਮੈਸਟਿਫ ਵਾਲੀਆਂ ਸੜਕਾਂ ਬਣਾਉਣੀਆਂ ਸਨ। ਕੰਪਨੀ ਨੇ ਬੱਸ ਸਟੈਂਡ ਫਲਾਈਓਵਰ 'ਤੇ ਕਈ ਮਹੀਨੇ ਆਪਣੀ ਮਸ਼ੀਨਰੀ ਖੜ੍ਹੀ ਕਰੀ ਰੱਖੀ, ਜਿਸ ਕਾਰਣ ਹਾਦਸੇ ਹੋਏ ਅਤੇ ਨਿਗਮ ਦੀ ਖੂਬ ਬਦਨਾਮੀ ਹੋਈ। ਇਸ ਪ੍ਰਾਜੈਕਟ ਤਹਿਤ ਹੁਣ ਸਥਾਨਕ ਨਕੋਦਰ ਚੌਕ 'ਤੇ ਮੈਸਟਿਫ ਵਾਲੀ ਸੜਕ ਬਣਾਈ ਗਈ ਤਾਂ ਉਹ ਕੁਝ ਹੀ ਦਿਨਾਂ 'ਚ ਉੱਖੜ ਗਈ। ਦੁਬਾਰਾ ਲੇਅਰ ਪਾਉਣ ਦੇ ਬਾਵਜੂਦ ਉਹ ਨਹੀਂ ਟਿਕੀ, ਜਿਸ ਕਾਰਣ ਨਿਗਮ ਨੂੰ ਦੁਬਾਰਾ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਅਤੇ ਪੂਰੀ ਸੜਕ ਨੂੰ ਉਥੋਂ ਤੋੜਣਾ ਪਿਆ।

ਸਪੈਸੀਫਿਕਸ਼ਨ ਮੁਤਾਬਕ ਨਹੀਂ ਸਨ ਟਰੈਫਿਕ ਸਿਗਨਲ
ਸਿਟੀ ਸਕੇਪ ਪ੍ਰਾਜੈਕਟ ਦੇ ਤਹਿਤ ਕੰਪਨੀ ਨੇ ਸ਼ਹਿਰ 'ਚ ਕਈ ਥਾਵਾਂ 'ਤੇ ਟਰੈਫਿਕ ਸਿਗਨਲ ਅਤੇ ਬਲਿੰਕਰ ਆਦਿ ਲਾਉਣੇ ਸਨ। ਕੰਪਨੀ ਨੇ ਸਥਾਨਕ ਬੀ. ਐੱਸ. ਐੱਫ. ਚੌਕ ਅਤੇ ਗੁਰੂ ਰਵਿਦਾਸ ਚੌਕ 'ਤੇ ਜੋ ਟਰੈਫਿਕ ਸਿਗਨਲ ਲਾਏ ਉਹ ਟੈਂਡਰ ਦੀ ਸਪੈਸੀਫਿਕੇਸ਼ਨ ਮੁਤਾਬਿਕ ਨਹੀਂ ਸਨ, ਜਿਸ ਕਾਰਣ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਟੇਕਓਵਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕੰਪਨੀ ਦੇ ਪੇਮੈਂਟ ਰੋਕ ਲਈ। ਅੱਜ ਤੱਕ ਗੁਰੂ ਰਵਿਦਾਸ ਚੌਕ ਦੇ ਟਰੈਫਿਕ ਸਿਗਨਲ ਚਾਲੂ ਨਹੀਂ ਹੋ ਸਕੇ।

ਕੰਪਨੀ ਵਲੋਂ ਲਾਏ ਗਏ ਜ਼ਿਆਦਾਤਰ ਸਾਈਨੇਜ ਟੁੱਟੇ
ਇਸ ਕੰਪਨੀ ਨੇ ਸਿਟੀ ਸਕੇਪ ਪ੍ਰਾਜੈਕਟ ਤਹਿਤ ਕਈ ਸਾਲ ਪਹਿਲਾਂ ਸ਼ਹਿਰ 'ਚ ਸਾਈਨੇਜ ਲਾਏ ਸਨ, ਜੋ ਕੁਝ ਮਹੀਨੇ ਵੀ ਟਿਕ ਨਹੀਂ ਸਕੇ ਅਤੇ ਸੈਂਕੜਿਆਂ ਦੀ ਗਿਣਤੀ 'ਚ ਸਾਈਨੇਜ ਟੁੱਟ ਚੁੱਕੇ ਹਨ ਜਾਂ ਗਾਇਬ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਫਿਰ ਇਸ ਕੰਪਨੀ ਕੋਲੋਂ ਦੁਬਾਰਾ ਸ਼ਹਿਰ 'ਚ ਸਾਈਨੇਜ ਲਵਾ ਰਿਹਾ ਹੈ, ਜਿਸ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

ਰਿੰਕੂ ਨੇ ਵਿਧਾਇਕ ਪਰਗਟ ਨੂੰ ਵੀ ਵਿਸ਼ਵਾਸ ਵਿਚ ਲਿਆ
ਅਸਲ ਵਿਚ ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਐਕਸਚੇਂਜ ਤੱਕ ਜੋ ਡਿਵਾਈਡਰ ਬਣ ਰਹੇ ਹਨ ਇਹ ਇਲਾਕਾ ਵਿਧਾਇਕ ਪਰਗਟ ਸਿੰਘ ਦੇ ਹਲਕੇ 'ਚ ਆਉਂਦਾ ਹੈ। ਵਿਧਾਇਕ ਸੁਸ਼ੀਲ ਰਿੰਕੂ ਨੇ ਜਦੋਂ ਇਸ ਕੰਮ ਦੀ ਕੁਆਲਿਟੀ ਚੈੱਕ ਕੀਤੀ ਤਾਂ ਉਨ੍ਹਾਂ ਵਿਧਾਇਕ ਪਰਗਟ ਸਿੰਘ ਨੂੰ ਵੀ ਫੋਨ ਕਰ ਕੇ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਲਿਆ, ਜਿਨ੍ਹਾਂ ਨੇ ਇਸ ਕੰਮ 'ਚ ਹਾਮੀ ਭਰੀ। ਸ਼੍ਰੀ ਰਿੰਕੂ ਨੇ ਕਿਹਾ ਕਿ ਵਿਕਾਸ ਕੰਮਾਂ 'ਚ ਘਟੀਆ ਕੁਆਇਲੀ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਸਮੇਂ-ਸਮੇਂ 'ਤੇ ਚੈਕਿੰਗ ਹੋਇਆ ਕਰੇਗੀ।

ਕੰਮ ਸਹੀ ਨਾ ਹੋਇਆ ਤਾਂ ਵਿਜੀਲੈਂਸ ਨੂੰ ਸ਼ਿਕਾਇਤ ਕਰਾਂਗਾ : ਰਿੰਕੂ
ਵਿਧਾਇਕ ਰਿੰਕੂ ਨੇ ਦੱਸਿਆ ਕਿ ਉਹ ਜਦੋਂ ਵੀ ਇਸ ਸੜਕ ਤੋਂ ਲੰਘਦੇ ਹਨ ਤਾਂ ਉਨ੍ਹਾਂ ਨੂੰ ਇਸ ਸੜਕ 'ਤੇ ਚੱਲ ਰਹੇ ਕੰਮ 'ਤੇ ਤਸੱਲੀ ਨਹੀਂ ਹੁੰਦੀ, ਅੱਜ ਜਦੋਂ ਉਨ੍ਹਾਂ ਰੁਕ ਕੇ ਉਥੇ ਚੱਲ ਰਹੇ ਕੰਮ ਨੂੰ ਦੇਖਿਆ ਤਾਂ ਕਈ ਲੋਕਾਂ ਨੇ ਕੰਮ ਦੀ ਕੁਆਲਿਟੀ ਨੂੰ ਲੈ ਕੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਫਿਰ ਉਨ੍ਹਾਂ ਨੇ ਧਿਆਨ ਨਾਲ ਪੂਰੇ ਕੰਮ ਨੂੰ ਦੇਖਿਆ ਅਤੇ ਪਾਇਆ ਕਿ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਇਸ ਨੂੰ ਤੁੜਵਾਉਣ 'ਤੇ ਦੇਖਿਆ ਗਿਆ ਕਿ ਜਾਲ ਦੀ ਬਜਾਏ ਦੋ-ਤਿੰਨ ਪਤਲੇ ਸਰੀਏ ਪਾ ਕੇ ਕੰਮ ਚਲਾਇਆ ਜਾ ਰਿਹਾ ਹੈ। ਇਸ ਬਾਰੇ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਨੂੰ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜੇਕਰ ਇਹ ਕੰਮ ਸਹੀ ਕੁਆਲਿਟੀ ਨਾਲ ਦੁਬਾਰਾ ਨਾ ਹੋਇਆ ਤਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਜਾਵੇਗੀ।


Shyna

Content Editor

Related News