ਬਰਸਾਤੀ ਪਾਣੀ ਹੇਠ ਆਈ ਝੋਨੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਵਿਧਾਇਕ ਜਸਵੀਰ ਰਾਜਾ ਵੱਲੋਂ ਪਿੰਡਾਂ ਦਾ ਦੌਰਾ

07/31/2022 5:02:46 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪਿੰਡ ਜਹੂਰਾ ਤੋਂ ਤਲਵੰਡੀ ਡੱਡੀਆਂ ਨੂੰ ਜਾਂਦੇ ਨਿਕਾਸੀ ਨਾਲੇ ਅਤੇ ਕਾਲੀ ਵੇਈਂ ਵਿਚ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿਛਲੇ ਦਿਨੀਂ ਬੇਟ ਖੇਤਰ ’ਚ ਹੋਈ ਭਾਰੀ ਬਾਰਿਸ਼ ਦੇ ਚੱਲਦਿਆਂ  ਬਰਸਾਤੀ ਪਾਣੀ ਦੀ ਮਾਰ ਹੇਠ ਆਈ ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਫ਼ਸਲ ਅਤੇ ਨਿਕਾਸੀ ਨਾਲੇ ਦੇ ਢੁੱਕਵੇਂ ਹੱਲ ਸਬੰਧੀ ਜਾਇਜ਼ਾ ਲੈਣ ਲਈ ਵਿਧਾਨ ਸਭਾ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਟਾਂਡਾ ਗੁਰਸੇਵਕ ਚੰਦ, ਚੇਅਰਮੈਨ ਸੁਖਵਿੰਦਰ ਸਿੰਘ ਅਰੋਡ਼ਾ, ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ, ਸਿਟੀ ਪ੍ਰਧਾਨ ਜਗਜੀਵਨ ਜੱਗੀ, ਗੁਰਦੀਪ ਸਿੰਘ ਹੈਪੀ, ਕੇਸ਼ਵ ਸਿੰਘ ਸੈਣੀ, ਅਤਵਾਰ ਸਿੰਘ ਪਲਾਹ ਚੱਕ, ਕੁਲਵੰਤ ਸਿੰਘ ਮਾਰਸ਼ਲ, ਕੁਲਵੰਤ ਸਿੰਘ ਮਾਰਸ਼ਲ, ਪ੍ਰੇਮ ਪਡਵਾਲ, ਸਰਪੰਚ ਰਣਵੀਰ ਸਿੰਘ ਨੱਥੂ ਵੀ ਹਾਜ਼ਰ ਸਨ। ਇਸ ਦੌਰੇ ਦੌਰਾਨ ਵਿਧਾਇਕ ਰਾਜਾ ਨੇ ਪਿੰਡ ਫਿਰੋਜ਼, ਰੋਲੀਆਂ, ਤਲਵੰਡੀ ਡੱਡੀਆਂ, ਡੁਮਾਣਾ, ਰਾਣੀ ਪਿੰਡ, ਨੱਥੂਪੁਰ ਠਾਕਰੀ, ਮੀਰਾਂਪੁਰ, ਪ੍ਰੇਮਪੁਰ ਦੇ ਵੱਖ-ਵੱਖ ਕਿਸਾਨਾਂ ਦੀ ਬਰਸਾਤੀ ਪਾਣੀ ਹੇਠ ਆਈ ਝੋਨੇ ਦੀ ਫਸਲ ਦਾ ਮੁਆਇਨਾ ਕਰਨ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਜਿਥੇ ਨਿਕਾਸੀ ਨਾਲੇ ਉੱਪਰ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ, ਉਥੇ ਹੀ ਨਾਲੇ ਦੀ ਸਫਾਈ ਕਰਕੇ ਬਰਸਾਤੀ ਪਾਣੀ ਦਾ ਨਿਕਾਸ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਕਾਲੀ ਵੇਈਂ ਦੀ ਵੀ ਨਿਕਾਸੀ ਕਰਕੇ ਪਾਣੀ ਦੇ ਨਿਕਾਸ ਲਈ ਢੁੱਕਵਾਂ ਹੱਲ ਕੱਢਿਆ ਜਾਵੇਗਾ ਤਾਂ ਜੋ ਹਰ ਸਾਲ ਹੀ ਬਰਸਾਤ ਦੀ ਮਾਰ ਕਾਰਨ ਕਿਸਾਨਾਂ ਦੀ ਬਰਬਾਦ ਹੋਣ ਵਾਲੀ ਝੋਨੇ ਅਤੇ ਕਣਕ ਫ਼ਸਲ ਦਾ ਬਚਾਅ ਹੋ ਸਕੇ। ਇਸ ਮੌਕੇ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਬਰਸਾਤੀ ਪਾਣੀ ਕਾਰਨ ਖ਼ਰਾਬ ਹੋਈ ਝੋਨੇ ਦੀ ਫਸਲ ਸੰਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਗੱਲਬਾਤ ਕਰਨ ਉਪਰੰਤ  ਪੀਡ਼ਤ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇਗਾ, ਨਾਲ ਹੀ ਉਨ੍ਹਾਂ ਪਿੰਡਾਂ ’ਚ ਨਾਜਾਇਜ਼ ਕਬਜ਼ਾਧਾਰੀਆਂ ਨੂੰ ਵੀ ਕਬਜ਼ੇ ਹਟਾਉਣ ਲਈ ਚਿਤਾਵਨੀ ਦਿੱਤੀ। ਇਸ ਮੌਕੇ ਨੰਬਰਦਾਰ ਗੁਰਮੰਤਰ ਸਿੰਘ, ਸਰਪੰਚ ਸੁਰਜੀਤ ਸਿੰਘ ਡੱਡੀਆਂ, ਨੰਬਰਦਾਰ ਰਣਜੀਤ ਸਿੰਘ,  ਕੁਲਵੰਤ ਸਿੰਘ ਡੱਡੀਆਂ, ਹਰਵਿੰਦਰ ਸਿੰਘ, ਜੀਤ ਸਿੰਘ ਡੱਡੀਆਂ, ਪ੍ਰਧਾਨ ਬਖਸ਼ੀਸ਼ ਸਿੰਘ, ਭੁਪਿੰਦਰ ਸਿੰਘ, ਪੰਚ ਗੱਜਣ ਸਿੰਘ, ਪਟਵਾਰੀ ਗੁਰਮੀਤ ਸਿੰਘ, ਪਰਮਜੀਤ ਸਿੰਘ, ਤਰਲੋਕ ਸਿੰਘ ਆਦਿ ਵੀ ਹਾਜ਼ਰ ਸਨ।


Manoj

Content Editor

Related News