ਠੇਕੇਦਾਰ ਨੇ ਵਿਧਾਇਕ ਬਾਵਾ ਹੈਨਰੀ ਖਿਲਾਫ ਨਿਗਮ ਨੂੰ ਲਿਖ ਕੇ ਦਿੱਤਾ

01/04/2020 11:52:34 AM

ਜਲੰਧਰ (ਖੁਰਾਣਾ)— ਨਗਰ ਨਿਗਮ ਦੇ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰ ਦੇ ਵਿਧਾਇਕ ਖਿਲਾਫ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਸੌਂਪੀ ਹੋਵੇ। ਇਸ ਵਾਰ ਨਿਗਮ ਠੇਕੇਦਾਰ ਜੇ. ਪੀ. ਬਿਲਡਿੰਗ ਮਟੀਰੀਅਲ ਨੇ ਇਹ ਕਦਮ ਚੁੱਕਿਆ ਹੈ, ਜਿਨ੍ਹਾਂ ਨੇ ਨਿਗਮ ਨੂੰ ਲਿਖ ਕੇ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਲਏ ਗਏ ਟੈਂਡਰ ਇਸ ਲਈ ਰੱਦ ਕੀਤੇ ਜਾਣ ਕਿਉਂਕਿ ਵਿਧਾਇਕ ਬਾਵਾ ਹੈਨਰੀ ਇਹ ਕੰਮ ਨਹੀਂ ਕਰਵਾਉਣਾ ਚਾਹੁੰਦੇ। ਨਗਰ ਨਿਗਮ ਨੇ ਇਸ ਸਬੰਧੀ ਪ੍ਰਸਤਾਵ 6 ਜਨਵਰੀ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ 'ਚ ਪਾ ਦਿੱਤਾ ਹੈ। ਹੁਣ ਐੱਫ. ਐਂਡ ਸੀ. ਸੀ. ਇਨ੍ਹਾਂ ਟੈਂਡਰਾਂ ਨੂੰ ਦੂਜੇ ਠੇਕੇਦਾਰ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ।

ਨਿਗਮ ਸੂਤਰਾਂ ਨੇ ਦੱਸਿਆ ਕਿ ਠੇਕੇਦਾਰ ਜੇ. ਪੀ. ਬਿਲਡਿੰਗ ਮਟੀਰੀਅਲ ਨੂੰ ਸਾਲ 2018 'ਚ ਜਲੰਧਰ ਨਾਰਥ ਤੋਂ ਇਲਾਵਾ ਵੈਸਟ ਦੇ ਕਈ ਵਾਰਡਾਂ ਦੇ ਮੇਨਟੀਨੈਂਸ ਦੇ ਟੈਂਡਰ ਅਲਾਟ ਕੀਤੇ ਗਏ ਸਨ, ਜਿਨ੍ਹਾਂ ਦਾ ਵਰਕ ਆਰਡਰ 28 ਜਨਵਰੀ 2019 ਨੂੰ ਦਿੱਤਾ ਗਿਆ। ਇਸ ਠੇਕੇਦਾਰ ਨੇ ਵਿਧਾਇਕ ਬੇਰੀ ਅਤੇ ਵਿਧਾਇਕ ਰਿੰਕੂ ਦੇ ਹਲਕਿਆਂ 'ਚ ਆਉਂਦੇ ਵਾਰਡਾਂ 'ਚ ਕੰਮ ਲਗਭਗ ਪੂਰੇ ਵੀ ਕਰ ਲਏ ਹਨ ਪਰ ਨਾਰਥ ਵਿਧਾਨ ਸਭਾ ਦੇ ਤਹਿਤ ਆਉਂਦੇ ਵਾਰਡ ਨੰ. 2, ਵਾਰਡ ਨੰ. 4 ਅਤੇ ਵਾਰਡ ਨੰ. 66 'ਚ ਕੰਮ ਨਹੀਂ ਕੀਤੇ ਗਏ। ਇਨ੍ਹਾਂ ਟੈਂਡਰਾਂ ਦੇ ਤਹਿਤ ਹਰੇਕ ਵਾਰਡ 'ਚ 10-10 ਲੱਖ ਰੁਪਏ ਦੇ ਛੋਟੇ-ਮੋਟੇ ਰਿਪੇਅਰ ਦੇ ਕੰਮ ਕਰਵਾਏ ਜਾ ਸਕਦੇ ਹਨ, ਜਿਸ ਨਾਲ ਵਾਰਡ ਵਾਸੀਆਂ ਨੂੰ ਕਾਫੀ ਫਾਇਦਾ ਮਿਲ ਸਕਦਾ ਹੈ।

ਵੱਡੇ ਹੈਨਰੀ ਸਾਹਿਬ ਨੇ ਕਦੇ ਅਜਿਹੀ ਦਲਗਤ ਰਾਜਨੀਤੀ ਨਹੀਂ ਕੀਤੀ : ਸੁਸ਼ੀਲ
ਵਾਰਡ ਨੰ. 2 ਦੇ ਭਾਜਪਾ ਕੌਂਸਲਰ ਸੁਸ਼ੀਲ ਸ਼ਰਮਾ ਨੇ ਇਸ ਪ੍ਰਸਤਾਵ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਨਾਰਥ ਵਿਧਾਨ ਸਭਾ ਹਲਕੇ 'ਚ ਆਉਂਦੇ ਵਿਰੋਧੀ ਕੌਂਸਲਰਾਂ ਦੇ ਵਾਰਡਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਅਜਿਹੀ ਦਲਗਤ ਰਾਜਨੀਤੀ ਕਦੇ ਵੱਡੇ ਹੈਨਰੀ ਸਾਹਿਬ ਨੇ ਨਹੀਂ ਕੀਤੀ। ਵਿਰੋਧੀ ਕੌਂਸਲਰ ਸਾਰਾ ਸਾਲ ਰੌਲਾ ਪਾਉਂਦੇ ਰਹੇ ਅਤੇ ਕੰਮ ਕਰਨ ਦੀ ਦੁਹਾਈ ਦਿੰਦੇ ਰਹੇ ਪਰ ਕਿਸੇ ਨੇ ਨਹੀਂ ਸੁਣੀ। ਇਸ ਕਾਰਣ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ 'ਚ ਵਿਕਾਸ ਕੰਮ ਠੱਪ ਹਨ ਅਤੇ ਲੋਕ ਪ੍ਰੇਸ਼ਾਨ ਹਨ। ਜੇਕਰ ਇਹ ਕੰਮ ਵਿਸ਼ੇਸ਼ ਗ੍ਰਾਂਟ ਨਾਲ ਹੋਣੇ ਹੁੰਦੇ ਤਾਂ ਵਿਧਾਇਕ ਦੀ ਮਰਜ਼ੀ ਚੱਲ ਸਕਦੀ ਸੀ ਪਰ ਇਹ ਤਾਂ ਨਿਗਮ ਫੰਡ ਦੇ ਕੰਮ ਹਨ, ਜੋ ਕੌਂਸਲਰਾਂ ਲਈ ਹਨ। ਇਨ੍ਹਾਂ 'ਚ ਵਿਧਾਇਕ ਦਾ ਕੋਈ ਰੋਲ ਨਹੀਂ।

ਇਨ੍ਹਾਂ ਟੈਂਡਰਾਂ 'ਚ ਵਿਧਾਇਕ ਦਾ ਕੋਈ ਰੋਲ ਨਹੀਂ : ਰੇਰੂ
ਵਾਰਡ ਨੰ. 4 ਦੇ ਅਕਾਲੀ ਕੌਂਸਲਰ ਪਰਮਜੀਤ ਸਿੰਘ ਰੇਰੂ ਨੇ ਆਪਣੀ ਪ੍ਰਤੀਕਿਰਿਆ 'ਚ ਕਿਹਾ ਕਿ ਨਿਗਮ ਦੇ ਸਾਰੇ ਕੌਂਸਲਰਾਂ ਨੂੰ 10-10 ਲੱਖ ਰੁਪਏ ਮੇਨਟੀਨੈਂਸ ਲਈ ਮਿਲੇ। ਜਿਨ੍ਹਾਂ 'ਚ ਿਵਧਾਇਕ ਦਾ ਕੋਈ ਰੋਲ ਨਹੀਂ ਪਰ ਨਾਰਥ 'ਚ ਜਿਸ ਤਰ੍ਹਾਂ ਕੰਮ ਰੋਕੇ ਗਏ, ਇਹ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਭੇਦਭਾਵ ਦੀ ਸਪੱਸ਼ਟ ਮਿਸਾਲ ਹੈ। ਠੇਕੇਦਾਰ ਕੰਮ ਕਰਨ ਲਈ ਿਤਆਰ ਸੀ ਅਤੇ ਨਿਗਮ ਨੂੰ ਕੰਮ ਕਰਵਾਉਣਾ ਚਾਹੀਦਾ ਸੀ ਪਰ ਨਿਗਮ ਵਿਚ ਸਾਡੀ ਕੋਈ ਸੁਣਵਾਈ ਨਹੀਂ ਹੋਈ।

ਠੇਕੇਦਾਰ ਕੋਈ ਵੀ ਹੋਵੇ, ਨਿਗਮ ਕੰਮ ਕਰਵਾਏ : ਰੌਨੀ
ਵਾਰਡ ਨੰ. 66 ਦੇ ਆਜ਼ਾਦ ਕੌਂਸਲਰ ਦਵਿੰਦਰ ਸਿੰਘ ਰੌਨੀ ਨੇ ਸਪੱਸ਼ਟ ਕਿਹਾ ਕਿ ਇਨ੍ਹਾਂ ਟੈਂਡਰਾਂ ਨਾਲ ਵਿਧਾਇਕ ਆਪਣੀ ਮਰਜ਼ੀ ਨਾਲ ਕੰਮ ਕਰਵਾਉਣਾ ਚਾਹੁੰਦੇ ਸਨ। ਇਸ ਲਈ ਵਿਚਾਰਾ ਠੇਕੇਦਾਰ ਵਿਧਾਇਕ ਅਤੇ ਕੌਂਸਲਰ ਵਿਚਕਾਰ ਪੀਸਿਆ ਗਿਆ। ਇਸੇ ਠੇਕੇਦਾਰ ਨੇ ਵਿਧਾਇਕ ਰਿੰਕੂ ਅਤੇ ਵਿਧਾਇਕ ਬੇਰੀ ਦੇ ਹਲਕਿਆਂ 'ਚ ਵਧੀਆ ਕੰਮ ਕੀਤਾ। ਠੇਕੇਦਾਰ ਕੋਈ ਵੀ ਆਵੇ-ਜਾਵੇ, ਨਿਗਮ ਕੰਮ ਕਰਵਾਏ। ਕੌਂਸਲਰ ਨੂੰ ਤਾਂ ਕੰਮ ਨਾਲ ਮਤਲਬ ਹੈ ਪਰ ਪੂਰਾ ਸਾਲ ਸਾਡੇ ਵਾਰਡ ਦੀ ਰਿਪੇਅਰ ਦਾ ਕੰਮ ਰੋਕੀ ਰੱਖਿਆ ਗਿਆ। ਜੋ ਸਰਾਸਰ ਗਲਤ ਹੈ।

ਠੇਕੇਦਾਰ ਨੇ ਪੂਰਾ ਸਾਲ ਕੰਮ ਹੀ ਨਹੀਂ ਕੀਤਾ : ਬਾਵਾ ਹੈਨਰੀ
ਐੱਫ. ਐਂਡ ਸੀ. ਸੀ. ਕਮੇਟੀ ਦੀ ਮੀਟਿੰਗ 'ਚ ਆਏ ਪ੍ਰਸਤਾਵ ਬਾਰੇ ਜਦੋਂ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨਾਲ ਸੰਪਰਕ ਕੀਤਾ ਿਗਆ ਤਾਂ ਉਨ੍ਹਾਂ ਕਿਹਾ ਕਿ ਜੇ. ਪੀ. ਬਿਲਡਿੰਗ ਮਟੀਰੀਅਲ ਨਾਂ ਦੇ ਠੇਕੇਦਾਰ ਨੇ ਵਾਰਡ ਨੰ. 2, 4 ਤੇ 66 ਆਦਿ 'ਚ ਪੂਰਾ ਸਾਲ ਕੰਮ ਨਹੀਂ ਕੀਤਾ। ਇਸ ਲਈ ਜੋ ਠੇਕੇਦਾਰ ਦੂਜੇ ਨੰਬਰ 'ਤੇ ਰਿਹਾ ਉਸ ਕੋਲੋਂ ਕੰਮ ਕਰਵਾਏ ਜਾਣਗੇ। ਜਦੋਂ ਬਾਵਾ ਹੈਨਰੀ ਕੋਲੋਂ ਪੁੱਛਿਆ ਗਿਆ ਕਿ ਜਨਵਰੀ 2019 'ਚ ਅਲਾਟ ਵਰਕ ਆਰਡਰ ਦੇ ਕੰਮ ਜਨਵਰੀ 2020 ਤੱਕ ਕਿਉਂ ਨਹੀਂ ਹੋਏ ਤਾਂ ਉਨ੍ਹਾਂ ਕਿਹਾ ਕਿ ਇਹ ਸਵਾਲ ਮੇਅਰ ਜਗਦੀਸ਼ ਰਾਜਾ ਕੋਲੋਂ ਪੁੱਛਿਆ ਜਾਣਾ ਚਾਹੀਦਾ ਹੈ।

37 ਫੀਸਦੀ ਸੇਵਿੰਗ 'ਤੇ ਲਈਆਂ ਜਾਣਗੀਆਂ ਕਿਰਾਏ ਦੀਆਂ ਟਰਾਲੀਆਂ
ਨਗਰ ਨਿਗਮ ਸ਼ਹਿਰ ਦੀ ਸਫਾਈ ਵਿਵਸਥਾ ਲਈ ਸੈਂਟਰਲ ਹਲਕੇ ਲਈ 7, ਵੈਸਟ ਅਤੇ ਨਾਰਥ ਹਲਕੇ ਲਈ 5 ਟਰੈਕਟਰ ਟਰਾਲੀਆਂ ਕਿਰਾਏ 'ਤੇ ਲੈਣ ਜਾ ਰਿਹਾ ਹੈ। ਜਿਸ 'ਤੇ ਠੇਕੇਦਾਰ 37.11 ਫੀਸਦੀ ਡਿਸਕਾਊਂਟ ਦੇਣ ਲਈ ਤਿਆਰ ਹੋ ਗਿਆ ਹੈ। ਹੁਣ ਕਰੋੜਾਂ ਰੁਪਏ ਦਾ ਇਹ ਟੈਂਡਰ ਇਸ ਵਾਰ ਠੇਕੇਦਾਰਾਂ ਦੇ ਹਵਾਲੇ ਕੀਤਾ ਜਾਵੇਗਾ।

ਠੇਕੇਦਾਰਾਂ ਨੇ ਨਹੀਂ ਦਿੱਤੀ 5 ਫੀਸਦੀ ਬੈਂਕ ਗਾਰੰਟੀ
ਨਿਗਮ ਨੇ ਕੁਝ ਸਮਾਂ ਪਹਿਲਾਂ ਕੁਝ ਵਿਕਾਸ ਕੰਮਾਂ ਦੇ ਟੈਂਡਰ ਲਾਏ ਸਨ। ਜਿਨ੍ਹਾਂ 'ਚ ਠੇਕੇਦਾਰਾਂ ਨੇ 25 ਫੀਸਦੀ ਤੋਂ ਵੱਧ ਡਿਸਕਾਊਂਟ ਦਿੱਤਾ ਸੀ। ਨਿਯਮਾਂ ਮੁਤਾਬਕ ਅਜਿਹੇ ਠੇਕੇਦਾਰਾਂ ਨੂੰ 5 ਫੀਸਦੀ ਬੈਂਕ ਗਾਰੰਟੀ ਜਮ੍ਹਾ ਕਰਵਾਉਣੀ ਹੁੰਦੀ ਹੈ, ਜੋ ਹੁਣ ਤੱਕ ਉਨ੍ਹਾਂ ਨੇ ਜਮ੍ਹਾ ਨਹੀਂ ਕਰਵਾਈ। ਇਸ ਕਾਰਣ 8 ਟੈਂਡਰਾਂ 'ਤੇ ਦੁਬਾਰਾ ਵਿਚਾਰ ਹੋ ਸਕਦਾ ਹੈ।

ਉਪਕਾਰ ਨਗਰ ਟਿਊਬਵੈੱਲ ਦੀ ਸਾਈਡ ਬਦਲ ਦਿੱਤੀ ਗਈ
ਐੱਫ. ਐਂਡ ਸੀ. ਸੀ. ਮੀਟਿੰਗ 'ਚ ਆਏ ਪ੍ਰਸਤਾਵ ਅਨੁਸਾਰ ਵਾਰਡ ਨੰ. 6 'ਚ ਪੈਂਦੇ ਉਪਕਾਰ ਨਗਰ 'ਚ ਜੋ ਟਿਊਬਵੈੱਲ ਪਾਸ ਹੋਇਆ ਸੀ ਅਤੇ ਲੱਗਣ ਜਾ ਰਿਹਾ ਸੀ, ਉਸ ਨੂੰ ਵਿਧਾਇਕ ਬਾਵਾ ਹੈਨਰੀ ਦੀ ਸਿਫਾਰਿਸ਼ 'ਤੇ ਵਾਰਡ ਨੰ. 59 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਹੁਣ ਇਹ ਟਿਊਬਵੈੱਲ ਉਪਕਾਰ ਨਗਰ ਦੀ ਬਜਾਏ ਗੁਰੂ ਰਾਮਦਾਸ ਨਗਰ ਕੋਲ ਸੰਤੋਖਪੁਰਾ 'ਚ ਰੀਨਾ ਕੌਰ ਦੇ ਵਾਰਡ 'ਚ ਲੱਗੇਗਾ ਜਦੋਂਕਿ ਪਾਸ ਹੋਇਆ ਟਿਊਬਵੈੱਲ ਨਿਰਮਲ ਸਿੰਘ ਨਿੰਮਾ ਦੇ ਵਾਰਡ 'ਚ ਲੱਗਣ ਜਾ ਰਿਹਾ ਸੀ। ਇਸ ਨੂੰ ਸ਼ਿਫਟ ਕਰਨ ਪਿੱਛੇ ਦਲੀਲ ਦਿੱਤੀ ਗਈ ਹੈ ਕਿ ਵਾਰਡ ਨੰ. 59 'ਚ ਪੀਣ ਵਾਲੇ ਪਾਣੀ ਦੀ ਕਾਫੀ ਕਮੀ ਹੈ।

shivani attri

This news is Content Editor shivani attri