ਖਾਧ ਪਦਾਰਥ ਵੇਚਣ ਵਾਲਿਆਂ ਦੀ ਚੈਕਿੰਗ, 25 ਨਮੂਨੇ ਭਰੇ

11/30/2019 1:39:27 PM

ਰੂਪਨਗਰ (ਕੈਲਾਸ਼)— ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਬੀਤੇ ਦਿਨ ਸਹਾਇਕ ਫੂਡ ਕਮਿਸ਼ਨਰ ਸੁਖਰਾਓ ਸਿੰਘ ਮਿਨਹਾਸ ਨੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੇ. ਐੱਸ. ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਖਾਧ ਪਦਾਰਥਾਂ ਦੇ 25 ਨਮੂਨੇ ਭਰੇ। ਜਿਨ੍ਹਾਂ ਨੂੰ ਜਾਂਚ ਲਈ ਫੂਡ ਲੈਬ ਖਰੜ 'ਚ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਚਮਕੌਰ ਸਾਹਿਬ ਮੋਰਿੰਡਾ ਅਤੇ ਰੂਪਨਗਰ 'ਚ ਖਾਧ ਪਦਾਰਥ ਵੇਚਣ ਵਾਲੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਗ੍ਰਾਮੀਣ ਖੇਤਰਾਂ 'ਚ ਤਿਆਰ ਕੀਤੇ ਜਾ ਰਹੇ ਗੁੜ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਰਿਆਨਾ, ਮਿਲਕ ਡੇਅਰੀ ਅਤੇ ਤਰਲ ਪਦਾਰਥ ਵੇਚਣ ਵਾਲੀਆਂ ਦੁਕਾਨਾਂ 'ਤੇ ਵੀ ਦਸਤਕ ਦਿੱਤੀ ਅਤੇ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥਾਂ ਦੇ 25 ਨਮੂਨੇ ਭਰੇ। ਉਨ੍ਹਾਂ ਦੱਸਿਆ ਕਿ ਦੇਸੀ ਘਿਉ ਦੇ 4, ਸਰ੍ਹੋਂ ਦੇ ਤੇਲ ਦੇ 2, ਨਮਕ ਦੇ 2, ਮਿਰਚ ਦੇ 2, ਸ਼ਹਿਦ ਦੇ 2, ਫਰੂਟ ਦੇ 3, ਤਰਲ ਪਦਾਰਥਾਂ ਦੇ 2, ਗੁੜ ਦੀ ਗੱਚਕ ਦੇ 2, ਗੁੜ ਦਾ 1, ਜੀਰੇ ਦਾ 1, ਸ਼ੱਕਰ ਦਾ 1, ਦੁੱਧ ਦਾ 1, ਲੱਡੂ ਦਾ 1 ਅਤੇ ਫਰੂਟ ਜੂਸ ਦਾ ਇਕ ਸੈਂਪਲ ਭਰਿਆ, ਜਿਨ੍ਹਾਂ ਨੂੰ ਜਾਂਚ ਲਈ ਫੂਡ ਲੈਬ 'ਚ ਭੇਜ ਦਿੱਤਾ ਗਿਆ ਹੈ।

ਇਸ ਮੌਕੇ ਸਾਰੇ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕੱਚੇ ਸਾਮਾਨ ਦੀ ਖ੍ਰੀਦ ਕਰਦੇ ਸਮੇਂ ਰਜਿਸਟਰ ਡੀਲਰ ਤੋ ਹੀ ਇਸਦਾ ਸਾਮਾਨ ਖਰੀਦੇ ਅਤੇ ਦੁਕਾਨਾਂ ਦੇ ਅੰਦਰ ਅਤੇ ਬਾਹਰ ਸਾਫ-ਸਫਾਈ ਬਣਾਈ ਰੱਖੇ। ਉਨ੍ਹਾਂ ਦੁਕਾਨਦਾਰਾਂ ਨੂੰ ਫੂਡ ਐਕਟ ਅਧੀਨ ਰਜਿਸਟਰ ਕਰਨ ਬਾਰੇ ਵੀ ਜਾਗਰੂਕ ਕੀਤਾ।


shivani attri

Content Editor

Related News