ਅੱਤਵਾਦੀ ਦੌਰ ਦੇ ਸਮੇਂ ਲਾਪਤਾ ਹੋਏ 6 ਲੋਕਾਂ ਦਾ ਮਾਮਲਾ, 28 ਸਾਲ ਬਾਅਦ ਕੱਲ ਆਵੇਗਾ ਫੈਸਲਾ

01/06/2020 2:09:45 PM

ਹੁਸ਼ਿਆਰਪੁਰ - ਪੰਜਾਬ ’ਚ ਅੱਤਵਾਦੀ ਦੇ ਦੌਰ ਦੇ ਸਮੇਂ ਤਰਨਤਾਰਨ 'ਚ ਕਾਰ ਸੇਵਾ ਕਰਨ ਵਾਲੇ ਬਾਬਾ ਚਰਨ ਸਿੰਘ ਸਣੇ 6 ਲੋਕਾਂ ਦੇ ਲਾਪਤਾ ਹੋਣ ਦੇ ਮਾਮਲੇ ਦਾ ਫੈਸਲਾ 28 ਸਾਲ ਬਾਅਦ 7 ਜਨਵਰੀ ਨੂੰ ਹੋਣ ਜਾ ਰਿਹਾ ਹੈ। ਇਹ ਫੈਸਲਾ ਮੋਹਾਲੀ ਦੀ ਸੀ.ਬੀ.ਆਈ. ਅਦਾਲਤ 'ਚ ਸੁਣਾਇਆ ਜਾਵੇਗਾ। ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਕਈ ਸਾਬਕਾ ਐੱਸ.ਐੱਸ.ਪੀਜ਼ ਸਣੇ 15 ਪੁਲਸ ਮੁਲਾਜ਼ਮ ਸ਼ਾਮਲ ਸਨ, ਜਿਨ੍ਹਾਂ 'ਚੋਂ 6 ਪੁਲਸ ਮੁਲਾਜ਼ਮਾਂ ਦੀ ਮੌਤ ਫੈਸਲਾ ਆਉਣ ਤੋਂ ਪਹਿਲਾਂ ਹੋ ਚੁੱਕੀ ਹੈ। 7 ਜਨਵਰੀ ਨੂੰ ਸੁਣਾਏ ਜਾਣ ਵਾਲੇ ਇਸ ਫੈਸਲੇ 'ਚ ਸਿਰਫ 9 ਪੁਲਸ ਮੁਲਾਜ਼ਮਾਂ ਦੀ ਜਿੰਦਗੀ ਦਾ ਫੈਸਲਾ ਸੁਣਾਇਆ ਜਾਵੇਗਾ। ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ ਨੇ 5 ਚਾਰਜਸ਼ੀਟ ਫਾਇਲਾਂ ਤਿਆਰ ਕੀਤੀਆਂ ਸਨ।  

ਜ਼ਿਕਰਯੋਗ ਹੈ ਕਿ 1994 'ਚ ਬਾਬਾ ਚਰਨ ਸਿੰਘ ਦੀ ਪਤਨੀ ਨੇ ਸੁਰਜੀਤ ਕੌਰ ਨੇ ਇਕ ਰਿਟ ਹਾਈਕੋਰਟ 'ਚ ਪਾਈ ਸੀ। ਇਸ ਮਾਮਲੇ ਦੀ ਜਾਂਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਸੈਸ਼ਨ ਜੱਜ ਅਮਰ ਦੱਤ ਨੂੰ ਸੌਂਪੀ ਗਈ ਸੀ ਪਰ ਸਚਾਈ ਸਾਹਮਣੇ ਨਾ ਆਉਣ ਕਾਰਨ ਇਸ ਕੇਸ ਨੂੰ ਹਾਈਕੋਰਟ ਨੇ 1997 'ਚ ਸੀ.ਬੀ.ਆਈ ਦੇ ਹਵਾਲੇ ਕਰ ਦਿੱਤਾ। ਸਾਲ 2001 'ਚ ਸੀ.ਬੀ.ਆਈ ਨੇ ਇਸ ਮਾਮਲੇ ਦੇ ਸਬੰਧ 'ਚ 5 ਚਾਰਜਸ਼ੀਟ ਫਾਇਲਾਂ ਪੇਸ਼ ਕੀਤੀਆਂ, ਜੋ ਸੁਪਰੀਮ ਕੋਰਟ 'ਚ ਲੰਬੇ ਸਮੇਂ ਤੱਕ ਲਟਕਦੀਆਂ ਰਹੀਆਂ। ਸੁਪਰੀਮ ਕੋਰਟ 'ਚ ਪੁਲਸ ਦਾ ਪੱਖ ਫੇਲ ਹੋਣ ਮਗਰੋਂ ਇਸ ਕੇਸ ਦੀ ਸੁਣਵਾਈ ਕੁਰਨੇਸ਼ ਕੁਮਾਰ ਦੀ ਸੀ.ਬੀ.ਆਈ ਕੋਰਟ ਮੋਹਾਲੀ 'ਚ ਹੋ ਰਹੀ ਹੈ। ਇਸ ਕੇਸ 'ਚ ਹੁਣ ਤੱਕ 100 ਤੋਂ ਵੱਧ ਲੋਕ ਗਵਾਈਆਂ ਦੇ ਚੁੱਕੇ ਹਨ।

rajwinder kaur

This news is Content Editor rajwinder kaur