ਸ਼ਰਾਬ ਪੀਣ ਤੋਂ ਰੋਕਣ ''ਤੇ SHO ਨਾਲ ਨੌਜਵਾਨਾਂ ਨੇ ਕੀਤੀ ਗਾਲੀ-ਗਲੋਚ

09/19/2019 10:07:46 AM

ਜਲੰਧਰ (ਜ. ਬ.)— ਪੰਜਾਬ 'ਚ ਲਗਾਤਾਰ ਹੋ ਰਹੇ ਪੁਲਸ ਪਾਰਟੀਆਂ 'ਤੇ ਹਮਲਿਆਂ ਤੋਂ ਬਾਅਦ ਹੁਣ ਜਲੰਧਰ 'ਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਪੁਲਸ ਦੇ ਥਾਣਾ ਡਿਵੀਜ਼ਨ ਨੰ. 5 ਦੇ ਐੱਸ. ਐੱਚ. ਓ. ਅਤੇ ਉਨ੍ਹਾਂ ਦੇ ਗੰਨਮੈਨ ਸਮੇਤ ਡਰਾਈਵਰ ਨਾਲ ਸ਼ਰਾਬੀ 3 ਨੌਜਵਾਨਾਂ ਨੇ ਗਾਲੀ-ਗਲੋਚ ਕੀਤੀ ਅਤੇ ਐੱਸ. ਐੱਚ. ਓ. ਦੇ ਗੰਨਮੈਨ ਦੀ ਵਰਦੀ 'ਤੇ ਲੱਗੀ ਨੇਮ ਪਲੇਟ ਤੋੜ ਦਿੱਤੀ। ਇਸ ਸਾਰੇ ਵਿਵਾਦ ਦੀ ਪੁਲਸ ਨੇ ਵੀਡੀਓ ਵੀ ਬਣਾਈ, ਜਿਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਥਾਣਾ ਡਵੀਜ਼ਨ ਨੰਬਰ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਰਾਤ ਨੂੰ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਇਕ ਬੰਦ ਪਈ ਦੁਕਾਨ ਦੇ ਬਾਹਰ ਸ਼ਰਾਬ ਪੀ ਰਹੇ 3 ਨੌਜਵਾਨਾਂ ਨੂੰ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਉਥੋਂ ਜਾਣ ਲਈ ਕਿਹਾ ਤਾਂ ਤਿੰਨੇ ਨੌਜਵਾਨ ਵਿਵਾਦ ਕਰਨ ਲੱਗੇ। ਗੰਨਮੈਨ ਅਤੇ ਡਰਾਈਵਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤਿੰਨਾਂ ਨੌਜਵਾਨਾਂ ਨੇ ਪੁਲਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐੱਸ. ਐੱਚ. ਓ. ਰਵਿੰਦਰ ਕੁਮਾਰ ਦੇ ਗੰਨਮੈਨ ਦੀ ਨੇਮ ਪਲੇਟ ਤੋੜ ਦਿੱਤੀ ਗਈ, ਜਦਕਿ ਸ਼ਰਾਬੀ ਨੌਜਵਾਨਾਂ ਨੇ ਐੱਸ. ਐੱਚ. ਓ. ਦੀ ਸਰਕਾਰੀ ਗੱਡੀ ਅੱਗੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਹੰਗਾਮਾ ਹੁੰਦਾ ਵੇਖ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਤਿੰਨੇ ਸ਼ਰਾਬੀ ਨੌਜਵਾਨ ਉਥੋਂ ਭੱਜ ਗਏ। ਪੁਲਸ ਨੇ ਇਸ ਸਾਰੇ ਵਿਵਾਦ ਦੀ ਵੀਡੀਓ ਵੀ ਬਣਾ ਲਈ ਸੀ, ਜਿਸ ਤੋਂ ਬਾਅਦ ਸ਼ਰਾਬੀ ਨੌਜਵਾਨਾਂ ਦੀ ਪਛਾਣ ਕਰਨ ਤੋਂ ਬਾਅਦ ਥਾਣਾ ਨੰ. 5 'ਚ ਬਸਤੀ ਨੌ ਦੇ ਰਹਿਣ ਵਾਲੇ ਟਿੰਕੂ, ਜੋਨੀ ਅਤੇ ਪਾਲਾ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

shivani attri

This news is Content Editor shivani attri