ਢਿੱਲਵਾਂ ਟੋਲ ਪਲਾਜ਼ਾ ’ਤੇ ਦੁੱਧ ਤੇ ਸਰ੍ਹੋਂ ਦਾ ਤੇਲ ਲਿਜਾ ਰਹੇ ਵਾਹਨਾਂ ਦੀ ਚੈਕਿੰਗ

09/19/2018 5:13:08 AM

ਕਪੂਰਥਲਾ,   (ਜਗ ਬਾਣੀ ਟੀਮ)-  ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਦੀਆਂ ਹਦਾਇਤਾਂ ’ਤੇ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬਲਵਿੰਦਰ ਜੀਤ ਅਤੇ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ’ਤੇ ਆਧਾਰਤ ਟੀਮ ਵੱਲੋਂ ਅੱਜ ਸਵੇਰੇ 6 ਵਜੇ ਢਿੱਲਵਾਂ ਟੋਲ ਪਲਾਜ਼ਾ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ 5 ਕੁਇੰਟਲ ਦੁੱਧ ਲਿਜਾ ਰਹੇ ਵਾਹਨ ’ਚੋਂ ਦੁੱਧ ਦਾ ਸੈਂਪਲ ਭਰਿਆ ਗਿਆ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਵੱਲੋਂ ਇਕ ਨਾਮੀ ਬ੍ਰਾਂਡ ਦਾ ਕਰੀਬ 3.30 ਟਨ ਸਰ੍ਹੋਂ ਦਾ ਤੇਲ ਲੈ ਕੇ ਆ ਰਹੇ ਇਕ ਵਾਹਨ ’ਚੋਂ ਤੇਲ ਦਾ ਸੈਂਪਲ ਭਰਿਆ ਤੇ ਲੁਧਿਆਣਾ ਤੋਂ ਆ ਰਹੇ ਦੋ ਵਾਹਨਾਂ ’ਚੋਂ ਨਮਕੀਨ ਦਾ ਇਕ-ਇਕ ਸੈਂਪਲ ਭਰਿਆ ਗਿਆ। 
ਇਸੇ ਤਰ੍ਹਾਂ ਟੀਮ ਵੱਲੋਂ ਇਕ ਸ਼ਿਕਾਇਤ ਦੇ ਆਧਾਰ ’ਤੇ ਅੱਡਾ ਸੁਰਖਪੁਰ ਵਿਖੇ ਇਕ ਦੁਕਾਨ ਤੋਂ ਬਰਫੀ ਤੇ ਰਸਗੁੱਲਿਆਂ ਦੇ ਸੈਂਪਲ ਭਰੇ ਗਏ। ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਲਏ ਗਏ ਕੁਲ 6 ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਖਰਡ਼ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਪਲ ਫੇਲ ਹੋਣ ਦੀ ਸੂਰਤ ਵਿਚ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।