ਪ੍ਰਵਾਸੀ ਨੌਜਵਾਨ 'ਤੇ ਪੁਲਸ ਦਾ ਕਹਿਰ, ਥਰਡ ਡਿਗਰੀ ਦਾ ਕੀਤਾ ਇਸਤੇਮਾਲ

05/13/2019 10:41:25 PM

ਜਲੰਧਰ : ਮੋਬਾਇਲ ਚੋਰੀ ਦੀ ਸ਼ਿਕਾਇਤ 'ਤੇ ਸਿਰਫ ਸ਼ੱਕ ਦੇ ਆਧਾਰ 'ਤੇ ਉਠਾਏ ਇਕ ਪ੍ਰਵਾਸੀ ਨੌਜਵਾਨ 'ਤੇ ਥਾਣਾ ਮਕਸੂਦਾਂ ਦੀ ਪੁਲਸ ਨੇ ਜੰਮ ਕੇ ਕਹਿਰ ਢਾਇਆ। ਘਰੋਂ ਖਾਣਾ ਖਾਂਧੇ ਨੂੰ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਠਾਇਆ ਤੇ ਥਾਣਾ ਮਕਸੂਦਾਂ ਲਿਜਾ ਕੇ 2 ਮੁਲਜ਼ਮਾਂ ਨੇ ਥਰਡ ਡਿਗਰੀ ਦਾ ਇਸਤੇਮਾਲ ਕੀਤਾ। ਨੌਜਵਾਨ ਦੇ ਮੂੰਹ, ਗਰਦਨ, ਸਿਰ ਤੇ ਪਿੱਠ 'ਤੇ ਲੋਹੇ ਦੇ ਫੁੱਟੇ ਮਾਰੇ, ਜਦਕਿ ਰਾਡ ਨਾਲ ਵੀ ਬੁਰੀ ਤਰ੍ਹਾਂ ਕੁੱਟਿਆ। ਪੀੜਤ ਨੇ ਉਕਤ ਮੁਲਾਜ਼ਮਾਂ 'ਤੇ ਕਾਰਵਾਈ ਕਰਵਾਉਣ ਲਈ ਖੁਦ ਦਾ ਮੈਡੀਕਲ ਕਰਵਾਇਆ ਹੈ ਜਦਕਿ ਖੁਦ 'ਤੇ ਹੋਏ ਅੱਤਿਆਚਾਰ ਬਾਰੇ ਹੁਣ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਵਾਲਾ ਹੈ। ਲੇਬਰ ਦਾ ਕੰਮ ਕਰਦਿਆਂ ਰਾਮ ਸ਼ਬਦ ਪੁੱਤਰ ਗੰਗਾ ਪ੍ਰਸਾਦ ਵਾਸੀ ਬੁਲੰਦਪੁਰ ਨੇ ਦੱਸਿਆ ਕਿ ਉਹ ਮੂਲ ਤੌਰ 'ਤੇ ਯੂ. ਪੀ. ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਨਾਲ ਦੇ ਕੁਆਰਟਰ 'ਚ ਰਹਿੰਦੇ ਪ੍ਰਵਾਸੀ ਦਾ ਬੀਤੇ ਦਿਨ ਮੋਬਾਇਲ ਚੋਰੀ ਹੋ ਗਿਆ ਸੀ। ਉਕਤ ਨੌਜਵਾਨ ਨੇ ਉਸ 'ਤੇ ਦੋਸ਼ ਲਾਉਂਦੇ ਹੋਏ ਥਾਣਾ ਮਕਸੂਦਾਂ 'ਚ ਸ਼ੱਕ ਦੇ ਆਧਾਰ 'ਤੇ ਸ਼ਿਕਾਇਤ ਦਿੱਤੀ ਸੀ।

ਦੋਸ਼ ਹੈ ਕਿ ਐਤਵਾਰ ਦੀ ਰਾਤ ਕਰੀਬ ਸਾਢੇ 7 ਵਜੇ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਥਾਣਾ ਮਕਸੂਦਾਂ ਦੇ 3 ਮੁਲਾਜ਼ਮ ਉਸ ਨੂੰ ਜ਼ਬਰਦਸਤੀ ਥਾਣੇ ਲੈ ਗਏ। ਥਾਣੇ ਜਾ ਕੇ ਪਤਾ ਲੱਗਾ ਕਿ ਉਸ 'ਤੇ ਚੋਰੀ ਦਾ ਦੋਸ਼ ਲੱਗਾ ਹੈ ਪਰ ਉਸ ਨੇ ਚੋਰੀ ਨਹੀਂ ਕੀਤੀ ਸੀ। ਰਾਮ ਸ਼ਬਦ ਨੇ ਕਿਹਾ ਕਿ ਥਾਣੇ ਪਹੁੰਚਣ ਦੇ ਕੁਝ ਮਿੰਟ ਬਾਅਦ ਹੀ 2 ਮੁਲਾਜ਼ਮ, ਜਿਨ੍ਹਾਂ ਦੇ ਉਹ ਨਾਂ ਵੀ ਨਹੀਂ ਜਾਣਦਾ, ਉਨ੍ਹਾਂ ਨੇ ਉਸ ਨੂੰ ਥੱਪੜ ਮਾਰੇ। ਰਾਮ ਸ਼ਬਦ ਨੇ ਖੁਦ ਨੂੰ ਬੇਕਸੂਰ ਦੱਸਿਆ ਥਾਂ ਮੁਲਾਜ਼ਮਾਂ ਨੇ ਲੋਹੇ ਦਾ ਫੁੱਟਾ ਕਈ ਵਾਰ ਉਸ ਦੇ ਸਿਰ, ਮੂੰਹ, ਹੱਥ, ਗਰਦਨ ਤੇ ਪਿੱਠ 'ਤੇ ਮਾਰੇ ਪਰ ਬਾਅਦ 'ਚ ਰਾਡ ਨਾਲ ਉਸ ਦੇ ਪੈਰਾਂ ਤੇ ਪਿੱਠ 'ਤੇ ਮਾਰੀ। ਕਰੀਬ ਡੇਢ ਘੰਟੇ ਤੱਕ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਰਾਮ ਸ਼ਬਦ ਲਗਾਤਾਰ ਖੁਦ ਨੂੰ ਬੇਕਸੂਰ ਕਹਿੰਦਾ ਗਿਆ ਪਰ ਪੁਲਸ ਦੇ ਦੋਨੋਂ ਮੁਲਾਜ਼ਮ ਉਸ 'ਤੇ ਕਹਿਰ ਢਾਹੁੰਦੇ ਰਹੇ। ਕਰੀਬ ਢਾਈ ਘੰਟਿਆਂ ਬਾਅਦ ਜਾ ਕੇ ਪੁਲਸ ਨੇ ਉਸ ਨੂੰ ਛੱਡ ਦਿੱਤਾ। ਰਾਤ ਸਮੇਂ ਰਾਮ ਸ਼ਬਦ ਘਰ ਚਲਿਆ ਗਿਆ ਪਰ ਸਵੇਰ ਹੁੰਦਿਆਂ ਹੀ ਪੀੜਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਰਾਮ ਸ਼ਬਦ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਲਈ ਮੈਡੀਕਲ ਵੀ ਕਰਵਾਇਆ ਹੈ।

ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ : ਐੱਸ. ਐੱਚ. ਓ.
ਇਸ ਸਾਰੇ ਮਾਮਲੇ ਬਾਰੇ ਜਦੋਂ ਥਾਣਾ ਮਕਸੂਦਾਂ ਦੇ ਮੁਖੀ ਜਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਾਫੀ ਹੈਰਾਨ ਕਰਨ ਵਾਲਾ ਜਵਾਬ ਦਿੱਤਾ। ਐੱਸ. ਐੱਚ. ਓ. ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਹੀ ਪਤਾ ਚਲਿਆ ਹੈ ਕਿ ਥਾਣੇ 'ਚ ਅਜਿਹਾ ਕੁਝ ਹੋਇਆ ਹੈ ਪਰ ਉਨ੍ਹਾਂ ਦੇ ਧਿਆਨ 'ਚ ਅਜਿਹਾ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਉਹ ਕਿਸੇ ਹੋਰ ਕੇਸ 'ਚ ਰੁਝੇ ਸਨ ਤੇ ਸੋਮਵਾਰ ਨੂੰ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ ਅਜਿਹਾ ਕੁਝ ਹੋਇਆ ਤਾਂ ਥਾਣੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾਣਗੇ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।