ਮਿਆਣੀ ਦਸੂਹਾ ਰੋਡ ਜਾਮ ਕਰ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

12/22/2020 5:06:30 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਟਾਂਡਾ ਵੱਲੋਂ ਅੱਜ ਮਿਆਣੀ ਦਸੂਹਾ ਰੋਡ ਜਾਮ ਕਰ ਕੇ ਪਿੰਡ ਆਲਮਪੁਰ ਮੰਡੀ ਨਜ਼ਦੀਕ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ’ਚ ਹੋਏ ਰੋਸ ਵਿਖਾਵੇ ਦੌਰਾਨ ਹੋਈ ਰੋਸ ਰੈਲੀ ’ਚ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹਦੇ ਹੋਏ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਅਤੇ ਬਿਜਲੀ ਸੋਧ ਐਕਟ ਅਤੇ ਪਰਾਲੀ ਸਾੜਨ ਤੇ ਇਕ ਕਰੋੜ ਜੁਰਮਾਨੇ  ਵਾਲਾ ਆਰਡੀਨੈਂਸ ਜਾਰੀ ਕਰਕੇ ਦੇਸ਼ ਦੇ ਕਿਸਾਨ ਮਜ਼ਦੂਰਾਂ ਨੂੰ ਖੇਤੀ ਸੈਕਟਰ ’ਚੋਂ ਬਾਹਰ ਕੱਢਣ ਦੇ ਮਨਸੂਬੇ ਘੜ ਰਹੀ ਹੈ ਅਤੇ ਆਪਣੇ ਕਾਰਪੋਰੇਟ ਭਾਈਵਾਲ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੀ ਫਿਰਾਕ ’ਚ ਹਨ। 


ਉਨ੍ਹਾਂ ਆਖਿਆ ਕਿ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਇਲਾਕੇ ਭਰ ’ਚੋਂ 25 ਦਸੰਬਰ ਨੂੰ ਵਹੀਰਾਂ ਘੱਤ ਕੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨੂੰ ਕੂਚ ਕਰ ਦੇਣਗੇ ਅਤੇ 27 ਦਸੰਬਰ ਨੂੰ ਜਥੇਬੰਦੀ ਵੱਲੋਂ ਸਾਰੇ ਪੰਜਾਬ ਹਰਿਆਣਾ ਅਤੇ ਦੇਸ਼ ਦੇ ਪਿੰਡ-ਪਿੰਡ ’ਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਕਿਸਾਨਾਂ ਦੀ ਚੜਦੀਕਲਾ ਦੀਆਂ ਅਰਦਾਸਾਂ ਕੀਤੀਆਂ ਜਾਣਗੀਆਂ। 
ਇਸ ਮੌਕੇ ਸਰਵਣ ਸਿੰਘ, ਗੁਰਜੀਤ ਸਿੰਘ ਵਲਟੋਹਾ, ਦਲਜੀਤ ਸਿੰਘ ਲਾਲੇਵਾਲ, ਸੋਨੂੰ ਆਲਮਪੁਰ, ਹਰਬੰਸ ਸਿੰਘ, ਨਵਜੋਤ ਕੌਰ, ਬਲਬੀਰ  ਕੌਰ ਸਿੱਧੂ,  ਸਿਮਰ ਕੌਰ ਬਾਠ, ਰਜਵੰਤ ਕੌਰ ਚੌਹਾਨ, ਗੁਰਦੀਪ ਸਿੰਘ, ਬਬਲੂ ਸੈਣੀ, ਸ਼ਾਨ ਸਿੱਧੂ, ਹਰਭਜਨ ਸਿੰਘ ਆੜਤੀ, ਸ਼ਰਨਦੀਪ ਸਿੰਘ ਟਿਵਾਣਾ, ਨਵਦੀਪ ਸਿੰਘ ਆਦਿ ਮੌਜੂਦ ਸਨ।

Aarti dhillon

This news is Content Editor Aarti dhillon