ਮਨਰੇਗਾ ਯੂਨੀਅਨ ਵੱਲੋਂ ਮੰਗਾਂ ਸਬੰਧੀ ਸੰਘਰਸ਼ ਦੀ ਚਿਤਾਵਨੀ

10/08/2019 3:46:49 PM

ਮਾਹਿਲਪੁਰ (ਜਸਵੀਰ)— ਪ੍ਰਧਾਨ ਪਲਵਿੰਦਰ ਕੌਰ ਦੀ ਅਗਵਾਈ 'ਚ ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਮਾਹਿਲਪੁਰ ਦੀ ਮੀਟਿੰਗ ਹੋਈ। ਇਸ ਮੌਕੇ ਬੀ. ਡੀ. ਪੀ. ਓ. ਨੂੰ ਮੰਗ-ਪੱਤਰ ਦਿੰਦੇ ਹੋਏ ਪਲਵਿੰਦਰ ਕੌਰ ਨੇ ਦੱਸਿਆ 16 ਸਤੰਬਰ ਨੂੰ ਏ. ਡੀ. ਸੀ. ਹੁਸ਼ਿਆਰਪੁਰ ਨੇ ਮਨਰੇਗਾ ਵਰਕਰਾਂ ਦੀਆਂ ਮੰਗਾਂ ਇੰਨ-ਬਿਨ ਲਾਗੂ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਅਕਤੂਬਰ ਤੱਕ ਮੰਗਾਂ ਦਾ ਨਿਪਟਾਰਾ ਕਰ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਇਕ ਅਕਤੂਬਰ ਨੂੰ ਬਲਾਕ ਵਿਕਾਸ ਪੰਚਾਇਤ ਅਫਸਰ ਮਾਹਿਲਪੁਰ ਵੱਲੋਂ ਜਾਰੀ ਕੀਤੇ ਗਏ ਪੱਤਰ 'ਚ ਮੇਟਾਂ ਨੂੰ ਸਮੁੱਚਾ ਰਿਕਾਰਡ ਸਰਪੰਚਾਂ ਨੂੰ ਸੌਂਪਣ ਦੇ ਹੁਕਮ ਕੀਤੇ ਗਏ ਹਨ।

ਯੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਇਹੋ ਜਿਹੇ ਨਾਦਰਸ਼ਾਹੀ ਫਰਮਾਨ ਵਾਪਸ ਲੈ ਕੇ ਮੇਟਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਰੋਜ਼ਗਾਰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ। ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਉਕਤ ਨਾਦਰਸ਼ਾਹੀ ਹੁਕਮ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਕੌਰ ਕਹਾਰਪੁਰ, ਊਸ਼ਾ ਰਾਣੀ ਕਾਲੇਵਾਲ ਭਗਤਾਂ, ਪੈਨਸ਼ਨਰਜ਼ ਆਗੂ ਪ੍ਰਿੰ. ਪਿਆਰਾ ਸਿੰਘ ਅਤੇ ਪ. ਸ. ਸ. ਫ. ਤੋਂ ਮੱਖਣ ਸਿੰਘ ਲੰਗੇਰੀ , ਸੰਤੋਖ ਦਾਸ ਖਾਨਪੁਰ, ਪਿੰਕੀ ਰਾਣੀ, ਕਮਲਜੀਤ ਕੌਰ, ਕਮਲੇਸ਼ ਕੁਮਾਰੀ, ਕਿਰਨ ਰਾਣੀ, ਹਰਬੰਸ ਕੌਰ, ਸੁਖਵਿੰਦਰ ਕੌਰ ਲੰਗੇਰੀ, ਪ੍ਰਿੰ. ਪਿਆਰਾ ਸਿੰਘ, ਸਤਪਾਲ ਲੱਠ , ਨਛੱਤਰ ਸਿੰਘ ਅਤੇ ਹੋਰ ਮਨਰੇਗਾ ਵਰਕਰਜ਼ ਹਾਜ਼ਰ ਸਨ।


shivani attri

Content Editor

Related News