ਕੌਂਸਲਰ ਹਾਊਸ ਦੀ ਮੀਟਿੰਗ ’ਚ ਦੋਵੇਂ ‘ਆਪ’ ਵਿਧਾਇਕ ਗਏ ਤਾਂ ਹੋਵੇਗਾ ਕਾਫ਼ੀ ਹੰਗਾਮਾ

06/04/2022 5:30:50 PM

ਜਲੰਧਰ (ਖੁਰਾਣਾ)–7 ਮਹੀਨਿਆਂ ਦੇ ਲੰਮੇ ਵਕਫੇ ਤੋਂ ਬਾਅਦ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ 8 ਜੂਨ ਨੂੰ ਹੋਣ ਜਾ ਰਹੀ ਹੈ, ਜਿਸ ਦਾ ਏਜੰਡਾ ਸ਼ਹਿਰ ਦੇ ਚਾਰਾਂ ਵਿਧਾਇਕਾਂ ਨੂੰ ਵੀ ਭਿਜਵਾ ਦਿੱਤਾ ਗਿਆ ਹੈ ਕਿਉਂਕਿ ਸਾਰੇ ਵਿਧਾਇਕ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੇ ਵੀ ਮੈਂਬਰ ਹੁੰਦੇ ਹਨ। ਕਿਉਂਕਿ ਕਰਤਾਰਪੁਰ ਇਲਾਕੇ ਦਾ ਕੁਝ ਹਿੱਸਾ ਜਲੰਧਰ ਨਿਗਮ ਤਹਿਤ ਵੀ ਆਉਂਦਾ ਹੈ, ਇਸ ਲਈ ਉਥੋਂ ਦੇ ਵਿਧਾਇਕ ਬਲਕਾਰ ਸਿੰਘ ਵੀ ਜਲੰਧਰ ਨਿਗਮ ਦੀ ਮੀਟਿੰਗ ਵਿਚ ਬੁਲਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ‘ਆਪ’ ਵਿਧਾਇਕ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੀ ਇਸ ਮੀਟਿੰਗ ਵਿਚ ਹਾਜ਼ਰ ਹੁੰਦੇ ਹਨ ਤਾਂ ਉਥੇ ਕਾਫ਼ੀ ਹੰਗਾਮਾ ਵੇਖਣ ਨੂੰ ਮਿਲ ਸਕਦਾ ਹੈ।

ਜ਼ਿਕਰਯੋਗ ਹੈ ਕਿ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਪਿਛਲੇ ਕੁਝ ਸਮੇਂ ਤੋਂ ਜਲੰਧਰ ਨਿਗਮ ਦੇ ਕੰਮਕਾਜ ਨੂੰ ਬਾਰੀਕੀ ਨਾਲ ਦੇਖ ਰਹੇ ਹਨ ਅਤੇ ਦੋਵੇਂ ਵਿਧਾਇਕ ਨਗਰ ਨਿਗਮ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਖੁਸ਼ ਨਹੀਂ ਹਨ। ਦੋਵਾਂ ਨਵੇਂ ਵਿਧਾਇਕਾਂ ਨੂੰ ਨਗਰ ਨਿਗਮ ਦੀਆਂ ਨਾਕਾਮੀਆਂ ਦਾ ਕਾਫੀ ਅਹਿਸਾਸ ਹੈ ਅਤੇ ਉਨ੍ਹਾਂ ਕੋਲ ਨਿਗਮ ਦੀ ਨਾਲਾਇਕੀ ਗਿਣਾਉਣ ਲਈ ਕਈ ਮੁੱਦੇ ਹਨ। ਇਹ ਵੀ ਚਰਚਾ ਹੈ ਕਿ ਜੇਕਰ ਹਾਊਸ ਵਿਚ ‘ਆਪ’ ਵਿਧਾਇਕਾਂ ਨਾਲ ਕੁਝ ਕਾਂਗਰਸੀ ਕੌਂਸਲਰ ਵੀ ਮਿਲ ਜਾਂਦੇ ਹਨ ਤਾਂ ਪੂਰੀ ਸਥਿਤੀ ਕਾਫੀ ਮਜ਼ਾਹੀਆ ਬਣ ਸਕਦੀ ਹੈ। ਖਾਸ ਗੱਲ ਇਹ ਹੈ ਕਿ ਵਧੇਰੇ ਕਾਂਗਰਸੀ ਵੀ ਪਿਛਲੇ ਲੰਮੇ ਸਮੇਂ ਤੋਂ ਕਾਂਗਰਸੀ ਸ਼ਾਸਨਕਾਲ ਤੋਂ ਖੁਸ਼ ਨਹੀਂ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ 8 ਜੂਨ ਨੂੰ ਨਗਰ ਨਿਗਮ ਦੀਆਂ ਪਿਛਲੇ 5 ਸਾਲਾਂ ਦੀਆਂ ਨਾਕਾਮੀਆਂ ’ਤੇ ਜ਼ਿਆਦਾ ਚਰਚਾ ਹੋਣੀ ਸੰਭਵ ਹੈ।

ਇਹ ਵੀ ਪੜ੍ਹੋ: ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਸਮਾਰਟ ਸਿਟੀ ਦੇ ਸਕੈਂਡਲਾਂ ’ਤੇ ਪਰਦਾ ਪਿਆ ਰਹੇਗਾ
ਸਮਾਰਟ ਸਿਟੀ ਕੰਪਨੀ ਵੱਲੋਂ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ’ਤੇ ਲਗਭਗ ਇਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਜਲੰਧਰ ਵਿਚ ਵਧੇਰੇ ਸਮਾਰਟ ਸਿਟੀ ਪ੍ਰਾਜੈਕਟ ਘਪਲਿਆਂ ਦਾ ਸ਼ਿਕਾਰ ਹੋਏ ਅਤੇ ਕਈ ਵਿਵਾਦਾਂ ਵਿਚ ਹੀ ਘਿਰੇ ਰਹੇ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਨੇ ਸਮਾਰਟ ਸਿਟੀ ਦਾ ਕੋਈ ਵੀ ਸੀ. ਈ. ਓ. ਨਿਯੁਕਤ ਨਹੀਂ ਕੀਤਾ, ਇਸ ਲਈ ਕੌਂਸਲਰ ਹਾਊਸ ਦੌਰਾਨ ਸਮਾਰਟ ਸਿਟੀ ਦੇ ਸਕੈਂਡਲ ਦੱਬੇ ਹੀ ਰਹਿਣਗੇ ਕਿਉਂਕਿ ਜਵਾਬ ਦੇਣ ਲਈ ਉਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਰਹੇਗਾ। ਜ਼ਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਕੋਲ ਵੀ ਸਮਾਰਟ ਸਿਟੀ ਦਾ ਚਾਰਜ ਨਹੀਂ ਹੈ।

ਬਰਸਾਤ ਦੀ ਤਿਆਰੀ ਸਬੰਧੀ ਕੋਈ ਜ਼ਿਕਰ ਨਹੀਂ
ਕੌਂਸਲਰ ਹਾਊਸ ਦਾ ਏਜੰਡਾ ਤਾਂ ਖੈਰ ਪੁਰਾਣਾ ਹੀ ਹੈ ਅਤੇ ਵਧੇਰੇ ਕੰਮ ਪਹਿਲਾਂ ਹੀ ਕਰਵਾਏ ਜਾ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਬਰਸਾਤੀ ਸੀਜ਼ਨ ਸਿਰ ’ਤੇ ਹੋਣ ਦੇ ਬਾਵਜੂਦ ਹਾਊਸ ਦੀ ਮੀਟਿੰਗ ਦੇ ਏਜੰਡੇ ਵਿਚ ਬਰਸਾਤ ਦੀਆਂ ਤਿਆਰੀਆਂ ਸਬੰਧੀ ਕੋਈ ਪ੍ਰਸਤਾਵ ਹੀ ਨਹੀਂ ਹੈ। ਨਗਰ ਨਿਗਮ ਨੇ ਇਸ ਵਾਰ ਸ਼ਹਿਰ ਦੀਆਂ ਰੋਡ-ਗਲੀਆਂ ਅਤੇ ਸੀਵਰ ਸਿਸਟਮ ਤੱਕ ਨੂੰ ਸਾਫ਼ ਨਹੀਂ ਕਰਵਾਇਆ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਬਰਸਾਤੀ ਸੀਜ਼ਨ ਵਿਚ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਕਾਫ਼ੀ ਵੇਖਣ ਨੂੰ ਮਿਲੇਗੀ।

ਇਹ ਵੀ ਪੜ੍ਹੋ: ਪੰਜਾਬ ’ਚ 45 ਗੈਂਗਸਟਰਾਂ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News