ਟੀਨੂੰ ਵੱਲੋਂ ਭਟਨੂਰਾ ਵਿਚ ਅਕਾਲੀ ਦਲ ਦੀ ਭਰਤੀ ਮੁਹਿੰਮ ਸਬੰਧੀ ਮੀਟਿੰਗ

09/22/2019 8:50:58 PM

ਭੋਗਪੁਰ (ਸੂਰੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਪ੍ਰਧਾਨਗੀ ਹੇਠ ਪਿੰਡ ਭਟਨੂਰਾ ਲੁਬਾਣਾ ਵਿਚ ਸੀਨੀਅਰ ਮਹਿਲਾ ਅਕਾਲੀ ਆਗੂ ਬੀਬੀ ਰਾਜਵਿੰਦਰ ਕੌਰ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂ ਅਮ੍ਰਿਤਪਾਲ ਸਿੰਘ ਖਰਲ ਕਲਾਂ, ਅਮਰਜੀਤ ਸਿੰਘ ਲੜੋਆ, ਲਾਲੀ ਡੱਲੀ, ਜਥੇਦਾਰ ਸਰੂਪ ਸਿੰਘ ਪਤਿਆਲ ਅਤੇ ਇਲਾਕੇ ਦੇ ਹੋਰ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼੍ਰੀ ਟੀਨੂੰ ਨੇ ਕਿਹਾ ਕਿ ਇਤਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਤੋਂ ਲੋਕਾਂ ਦਾ ਏਨੀ ਜਲਦੀ ਮੋਹ ਭੰਗ ਹੋਇਆ ਹੋਵੇ। ਅਕਾਲੀ ਦਲ ਦੇ 10 ਸਾਲ ਦੇ ਰਾਜ ਵਿਚ ਸਰਕਾਰ ਹਰ ਵਰਗ ਦਾ ਖਿਆਲ ਰੱਖ ਕੇ ਨੀਤੀਆਂ ਤਿਆਰ ਅਤੇ ਲਾਗੂ ਕਰਦੀ ਸੀ ਪਰ ਕਾਂਗਰਸ ਦੇ ਰਾਜ ਵਿਚ ਸਿਰਫ ਕਾਂਗਰਸੀ ਆਗੂਆਂ ਦੀ ਭਲਾਈ ਵੱਲ ਹੀ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸੜਕਾਂ ਦੀ ਮਾੜੀ ਹਾਲਤ ਤੋਂ ਦੁੱਖੀ ਹੋ ਕੇ ਸਰਕਾਰ ਵਿਰੁੱਧ ਧਰਨੇ ਲਗਾ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਵਿਚ ਕਿਸਾਨੀ ਅਤੇ ਨੌਜਵਾਨੀ ਦੋਨੋਂ ਸੂਬਾ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਦੇ ਰਾਹੇ ਪੈ ਰਹੀ ਹੈ। ਪੰਜਾਬ ਸਰਕਾਰ ਪੂਰੀ ਤਰ੍ਹਾਂ ਨਕਾਰਾ ਅਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਸਾਬਤ ਹੋਈ ਹੈ। ਕਿਸਾਨ ਮੰਡੀਆਂ ਵਿਚ ਝੋਨੇ ਦੀ ਫਸਲ ਨੂੰ ਲੈ ਕੇ ਰੁਲ ਰਿਹਾ ਹੈ ਪਰ ਸਰਕਾਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਇਕੱਤਰ ਆਗੂਆਂ ਨੂੰ ਪਿੰਡ ਪਿੰਡ ਵਿਚ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਲਈ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਮੀਟਿੰਗ ਦੇ ਅੰਤ ਵਿਚ ਬੀਬੀ ਰਾਜਵਿੰਦਰ ਕੌਰ ਅਤੇ ਅੰਮ੍ਰਿਤਪਾਲ ਸਿੰਘ ਖਰਲ ਕਲਾਂ ਨੇ ਵਿਧਾਇਕ ਟੀਨੂੰ, ਹਾਜ਼ਰ ਪਾਰਟੀ ਆਗੂਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀ ਭਟਨੂਰਾ, ਇੰਦਰਜੀਤ ਸਿੰਘ ਸੋਨੀ, ਨਰਿੰਦਰ ਸਿੰਘ, ਸੁਖਜਿੰਦਰ ਸਿੰਘ, ਜਸਵੰਤ ਕੌਰ, ਤਰਨਜੀਤ ਕੌਰ, ਬਲਕਾਰ ਸਿੰਘ (ਸਾਰੇ ਪੰਚ), ਨਗਿੰਦਰ ਸਿੰਘ, ਜਸਵਿੰਦਰ ਸਿੰਘ, ਹਰੀ ਪ੍ਰਕਾਸ਼ ਸਿੰਘ, ਸੁਰਿੰਦਰ ਸਿੰਘ, ਗੁਰਪਾਲ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ, ਹਰਭਜਨ ਸਿੰਘ ਆਦਿ ਹਾਜ਼ਰ ਸਨ।

Karan Kumar

This news is Content Editor Karan Kumar